ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਜੇਲ੍ਹਾਂ ’ਚ ਕੈਦੀਆਂ ਤੇ ਹਵਾਲਾਤੀਆਂ ਨੂੰ ਭੈਣਾਂ ਨੇ ਰੱਖੜੀ ਬੰਨ੍ਹੀ

ਸੰਗਰੂਰ ਦੀ ਜੇਲ੍ਹ ’ਚ ਵਿਸ਼ੇਸ਼ ਪ੍ਰਬੰਧ; ਭਰਾਵਾਂ ਨੇ ਭੈਣਾਂ ਤੋਂ ਪਰਿਵਾਰਾਂ ਦੀ ਸੁੱਖ-ਸਾਂਦ ਪੁੱਛੀ; ਦਿਨ ’ਚ 300 ਤੋਂ ਵੱਧ ਮੁਲਾਕਾਤਾਂ
ਸੰਗਰੂਰ ਜੇਲ੍ਹ ’ਚ ਆਪਣੇ ਭਰਾਵਾਂ ਦੇ ਰੱਖੜੀ ਬੰਨ੍ਹਣ ਮੌਕੇ ਦੁੱਖ-ਸੁੱਖ ਸਾਂਝੇ ਕਰਦੀਆਂ ਹੋਈਆਂ ਭੈਣਾਂ।
Advertisement

ਜ਼ਿਲ੍ਹਾ ਜੇਲ੍ਹ ਸੰਗਰੂਰ ਵਿੱਚ ਭੈਣ-ਭਰਾ ਦੇ ਪਵਿੱਤਰ ਰਿਸ਼ਤੇ ਦਾ ਪ੍ਰਤੀਕ ਰੱਖੜੀ ਦਾ ਤਿਉਹਾਰ ਮਨਾਇਆ ਗਿਆ। ਰੱਖੜੀ ਦੇ ਤਿਉਹਾਰ ਲਈ ਜ਼ਿਲ੍ਹਾ ਜੇਲ੍ਹ ਵਿਚ ਪੰਜਾਬ ਸਰਕਾਰ ਦੇ ਆਦੇਸ਼ ’ਤੇ ਜੇਲ੍ਹ ਪ੍ਰਸ਼ਾਸਨ ਵਲੋਂ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ। ਰੱਖੜੀ ਦੇ ਤਿਉਹਾਰ ਮੌਕੇ ਜੇਲ੍ਹ ਵਿੱਚ ਬੰਦ ਆਪਣੇ ਭਰਾਵਾਂ ਲਈ ਭੈਣਾਂ ਰੱਖੜੀ ਲੈ ਕੇ ਪੁੱਜੀਆਂ ਅਤੇ ਜੇਲ੍ਹ ਵਿਚ ਬੰਦ ਭੈਣਾਂ ਕੋਲੋਂ ਰੱਖੜੀ ਬੰਨ੍ਹਵਾਉਣ ਲਈ ਭਰਾ ਵੀ ਪੁੱਜੇ। ਸਾਰਾ ਦਿਨ ਅੱਜ ਜ਼ਿਲ੍ਹਾ ਜੇਲ੍ਹ ਕੰਪਲੈਕਸ ਵਿਚ ਵਿਆਹ ਵਰਗਾ ਮਾਹੌਲ ਸੀ ਅਤੇ ਕਰੀਬ 300 ਤੋਂ ਵੱਧ ਮੁਲਾਕਾਤਾਂ ਹੋਈਆਂ।

ਜੇਲ੍ਹ ਵਿੱਚ ਅੱਜ ਰੱਖੜੀ ਦੇ ਤਿਉਹਾਰ ਦੇ ਮੱਦੇਨਜ਼ਰ ਮੁਲਾਕਾਤਾਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ। ਮੁਲਾਕਾਤਾਂ ਲਈ ਜੇਲ੍ਹ ਦੀ ਡਿਓਢੀ ਨੂੰ ਰੰਗ-ਬਰੰਗੇ ਗੁਬਾਰਿਆਂ ਆਦਿ ਨਾਲ ਸਜਾਇਆ ਹੋਇਆ ਸੀ। ਜੇਲ੍ਹ ਵਿਚ ਵਿਚਕਾਰ ਮੇਜ਼ ਲਗਾ ਕੇ ਦੋਵੇਂ ਪਾਸੇ ਕੁਰਸੀਆਂ ਰੱਖੀਆਂ ਗਈਆਂ ਸਨ।

Advertisement

ਇੱਕ ਪਾਸੇ ਭਰਾ ਅਤੇ ਦੂਜੇ ਪਾਸੇ ਸਾਹਮਣੇ ਭੈਣਾਂ ਬੈਠੀਆਂ ਸਨ ਜਿਨ੍ਹਾਂ ਨੇ ਜਿਥੇ ਆਪਣੇ ਭਰਾਵਾਂ ਦੇ ਗੁੱਟਾਂ ’ਤੇ ਰੱਖੜੀਆਂ ਬੰਨ੍ਹੀਆਂ ਉਥੇ ਜੇਲ੍ਹ ਵਿਚ ਬੰਦ ਭਰਾਵਾਂ ਵਲੋਂ ਆਪਣੀਆਂ ਭੈਣਾਂ ਤੋਂ ਪਰਿਵਾਰਾਂ ਦੀ ਸੁੱਖ ਸਾਂਦ ਪੁੱਛੀ ਗਈ। ਅੱਜ ਭੈਣ-ਭਰਾਵਾਂ ਤੇ ਹੋਰ ਪਰਿਵਾਰਕ ਮੈਂਬਰਾਂ ਨੂੰ ਆਪਣੇ ਦੁੱਖ-ਸੁੱਖ ਸਾਂਝੇ ਕਰਨ ਵਾਸਤੇ ਖੁੱਲ੍ਹਾ ਸਮਾਂ ਮਿਲਿਆ। ਜ਼ਿਲ੍ਹਾ ਜੇਲ੍ਹ ਸੰਗਰੂਰ ਦੇ ਸੁਪਰਡੈਂਟ ਰਮਨਦੀਪ ਸਿੰਘ ਭੰਗੂ ਅਤੇ ਡਿਪਟੀ ਜੇਲ੍ਹ ਸੁਪਰਡੈਂਟ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਏਡੀਜੀਪੀ ਜੇਲ੍ਹਾਂ ਦੇ ਆਦੇਸ਼ਾਂ ਅਨੁਸਾਰ ਜੇਲ੍ਹ ਵਿਚ ਰੱਖੜੀ ਦੇ ਤਿਉਹਾਰ ਮੌਕੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਸਨ। ਕੈਦੀਆਂ ਤੇ ਬੰਦੀਆਂ ਨੂੰ ਉਨ੍ਹਾਂ ਦੀਆਂ ਭੈਣਾਂ ਅਤੇ ਪਰਿਵਾਰਾਂ ਨਾਲ ਸਾਂਝ ਗੂੜ੍ਹੀ ਕਰਨ ਲਈ ਇੱਕ ਚੰਗਾ ਮਾਹੌਲ ਯਕੀਨੀ ਬਣਾਇਆ। ਉਨ੍ਹਾਂ ਦੀ ਸਹੂਲਤ ਲਈ ਉਡੀਕ ਘਰ ਅਤੇ ਬਾਹਰ ਵਿਹੜੇ ਵਿਚ ਬੈਠਣ ਦੇ ਆਰਾਮਦਾਇਕ ਪ੍ਰਬੰਧ ਕੀਤੇ, ਪੱਖੇ ਅਤੇ ਪੀਣਯੋਗ ਸਾਫ਼ ਪਾਣੀ ਦਾ ਪ੍ਰਬੰਧ ਵੀ ਕੀਤਾ ਗਿਆ। ਜੇਲ੍ਹ ਦੀ ਡਿਉਢੀ ਦੇ ਅੰਦਰ ਅਤੇ ਬਾਹਰ ਵਾਧੂ ਸਟਾਫ਼ ਤਾਇਨਾਤ ਕੀਤਾ ਗਿਆ । ਉਨ੍ਹਾਂ ਦੱਸਿਆ ਕਿ ਅੱਜ ਕਰੀਬ 300 ਤੋਂ ਵੱਧ ਮੁਲਾਕਾਤਾਂ ਹੋਈਆਂ ਹਨ।

ਪਟਿਆਲਾ: ਪਟਿਆਲਾ ਜੇਲ੍ਹ ਵਿੱਚ ਬੰਦ ਕੈਦੀਆਂ ਤੇ ਹਵਾਲਾਤੀਆਂ ਨੂੰ ਅੱਜ ਭੈਣਾਂ ਰੱਖੜੀਆਂ ਬੰਨ੍ਹਣ ਆਈਆਂ। ਇਸ ਮੌਕੇ ਜੇਲ੍ਹ ਪ੍ਰਸ਼ਾਸਨ ਵੱਲੋਂ ਮੁਕੰਮਲ ਪ੍ਰਬੰਧ ਕੀਤੇ ਗਏ ਸਨ। ਜੇਲ੍ਹ ਵਿੱਚ ਬੰਦ ਹਵਾਲਾਤੀਆਂ ’ਚ ਜ਼ਿਆਦਾਤਰ ਨਸ਼ੇ ਦੇ ਕੇਸਾਂ ਵਿੱਚ ਬੰਦ ਵਿਅਕਤੀ ਸਨ, ਜਿਨ੍ਹਾਂ ਦੀਆਂ ਭੈਣਾਂ ਨੇ ਉਨ੍ਹਾਂ ਨੂੰ ਰੱਖੜੀਆਂ ਬੰਨ੍ਹੀਆਂ ਜਦਕਿ ਕੁਝ ਭੈਣਾਂ ਨੇ ਆਪਣੇ ਭਰਾਵਾਂ ਦਾ ਹੌਸਲਾ ਵੀ ਵਧਾਇਆ।

Advertisement