ਸੜਕ ਨਾ ਬਣਨ ਕਾਰਨ ਦੁਕਾਨਦਾਰ ਪ੍ਰੇਸ਼ਾਨ
ਪੁਰਾਣਾ ਬਾਜ਼ਾਰ ਦੇਵੀਗੜ੍ਹ ਦੇ ਵਪਾਰੀਆਂ ਦੀ ਪਿਛਲੇ ਡੇਢ ਸਾਲ ਤੋਂ ਸੜਕ ਨਾ ਬਣਨ ਕਰਕੇ ਸਰਕਾਰ ਪ੍ਰਤੀ ਸਖ਼ਤ ਨਾਰਾਜ਼ਗੀ ਦੇਖਣ ਨੂੰ ਮਿਲ ਰਹੀ ਹੈ। ਅੱਜ ਹਲਕਾ ਸਨੌਰ ਤੋਂ ਸੀਨੀਅਰ ਕਾਂਗਰਸ ਆਗੂ ਮਨਸਿਮਰਤ ਸਿੰਘ ਸ਼ੈਰੀ ਰਿਆੜ ਨੇ ਕੁਝ ਦੁਕਾਨਦਾਰਾਂ ਨਾਲ ਮੁਲਾਕਾਤ ਕੀਤੀ ਅਤੇ ਸਰਕਾਰ ਪ੍ਰਤੀ ਸਖ਼ਤ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਕਿ ਪਿਛਲੇ ਤਕਰੀਬਨ ਢਾਈ ਸਾਲਾਂ ਤੋਂ ਉਨ੍ਹਾਂ ਦਾ ਵਪਾਰ ਠੱਪ ਪਿਆ ਹੈ। ਦੁਕਾਨਦਾਰਾਂ ਨੇ ਦੱਸਿਆ ਹੈ ਕਿ ਉਹਨਾਂ ਦੀਆਂ ਵੱਖ-ਵੱਖ ਕਿਸਮ ਦੀਆਂ ਦੁਕਾਨਾਂ ਇਸ ਸੜਕ ’ਤੇ ਸਥਿਤ ਹਨ ਪਰ ਨਗਰ ਪੰਚਾਇਤ ਦੇਵੀਗੜ੍ਹ ਵੱਲੋਂ ਪੁਰਾਣੇ ਬਾਜ਼ਾਰ ਵਿੱਚ ਕਦੇ ਵਾਟਰ ਸਪਲਾਈ ਦੇ ਪਾਈਪ ਪਾਉਣ ਲਈ ਅਤੇ ਕਦੇ ਸੀਵਰੇਜ ਦੇ ਪਾਈਪ ਪਾਉਣ ਲਈ ਦੁਕਾਨਾਂ ਦੇ ਅੱਗੋਂ ਸੜਕ ਨੂੰ ਪੁੱਟਿਆ ਗਿਆ ਹੈ, ਜਿਸ ਕਾਰਨ ਉਹਨਾਂ ਦੀਆਂ ਦੁਕਾਨਾਂ ਵਿੱਚ ਗਾਹਕ ਵੜਨ ਤੋਂ ਕਤਰਾ ਰਿਹਾ ਹੈ ਜਦੋਂ ਕਿਤੇ ਮੀਂਹ ਪੈ ਜਾਂਦਾ ਹੈ ਤਾਂ ਉਸ ਟਾਈਮ ਦੁਕਾਨਾਂ ਅੱਗੇ ਹੋਰ ਵੀ ਬੁਰਾ ਹਾਲ ਹੋ ਜਾਂਦਾ ਹੈ। ਇਹ ਸਿਲਸਿਲਾ ਪਿਛਲੇ ਕਈ ਮਹੀਨਿਆਂ ਤੋਂ ਚੱਲਦਾ ਆ ਰਿਹਾ ਹੈ ਜਿਸ ਕਾਰਨ ਉਨ੍ਹਾਂ ਦਾ ਕਾਰੋਬਾਰ ਠੱਪ ਹੋ ਕੇ ਰਹਿ ਗਿਆ ਹੈ। ਵਪਾਰੀਆਂ ਨੇ ਕਿਹਾ ਕਿ ਪਹਿਲਾਂ ਇਸ ਬਾਜ਼ਾਰ ਦੀ ਲਿੰਕ ਰੋਡ 12 ਫੁੱਟ ਚੌੜੀ ਸੀ ਹੁਣ ਇਸ ਨੂੰ 70 ਫੁੱਟ ਬਣਾਇਆ ਜਾਵੇ, ਪਰ ਸਰਕਾਰ ਵਪਾਰੀਆਂ ਦੇ ਸ਼ੈੱਡ ਤੋੜ ਕੇ ਇਸ ਰੋਡ ਨੂੰ 100 ਫੁੱਟ ਚੌੜਾ ਬਣਾਉਣਾ ਚਾਹੁੰਦੀ ਹੈ ਜੋ ਵਪਾਰੀਆਂ ਨੂੰ ਮਨਜ਼ੂਰ ਨਹੀਂ ਹੈ। ਇਸ ਤੋਂ ਇਲਾਵਾ ਦੇਵੀਗੜ੍ਹ ਤੋਂ ਭੰਬੂਆਂ ਨੂੰ ਜਾਂਦੀ ਸੜਕ ਪਿਛਲੇ ਲਗਪਗ ਡੇਢ ਸਾਲ ਤੋਂ ਪੁੱਟੀ ਪਈ ਹੈ ਜਿਸ ਨੂੰ ਪੁੱਟ ਕੇ ਸੀਵਰੇਜ ਦਾ ਪਾਈਪ ਪਾਉਣਾ ਸੀ ਪਰ ਮਹਿਕਮੇ ਦੀ ਢਿੱਲੀ ਕਾਰਗੁਜਾਰੀ ਕਰਕੇ ਇਸ ਸੜਕ ਵਿੱਚ ਸੀਵਰੇਜ ਦੇ ਪਾਈਪ ਨਹੀਂ ਪੈ ਸਕੇ। ਸ਼ੈਰੀ ਰਿਆੜ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਮੰਗਾਂ ਨੂੰ ਜਲਦ ਨਾ ਮੰਨਿਆਂ ਤਾਂ ਸਰਕਾਰ ਖਿਲਾਫ਼ ਵੱਡਾ ਸੰਘਰਸ਼ ਉਲੀਕਿਆ ਜਾਵੇਗਾ।