ਦੇਵੀਗੜ੍ਹ ਨਗਰ ਪੰਚਾਇਤ ਦੇ ਸੀਨੀਅਰ ਮੀਤ ਪ੍ਰਧਾਨ ’ਤੇ ਝੋਨਾ ਵਾਹੁਣ ਦੇ ਦੋਸ਼
ਨਗਰ ਪੰਚਾਇਤ ਦੇਵੀਗੜ੍ਹ ਅਧੀਨ ਆਉਂਦੇ ਪਿੰਡ ਕਪੂਰੀ ਵਿੱਚ ਨੌਂ ਕਨਾਲ ਤੋਂ ਵੱਧ ਸਰਕਾਰੀ ਜ਼ਮੀਨ ਨੂੰ ਠੇਕੇ ’ਤੇ ਵਾਹ ਰਹੇ ਉੱਗਰ ਸਿੰਘ ਪੁੱਤਰ ਧੰਨਾ ਸਿੰਘ ਨੇ ਦੋਸ਼ ਲਾਇਆ ਕਿ ਬੀਤੇ ਦਿਨੀਂ ਨਗਰ ਪੰਚਾਇਤ ਦੇਵੀਗੜ੍ਹ ਦੇ ਸੀਨੀਅਰ ਮੀਤ ਪ੍ਰਧਾਨ ਲਖਵੀਰ ਸਿੰਘ ਕਪੂਰੀ ਨੇ 25-30 ਅਣਪਛਾਤੇ ਵਿਅਕਤੀਆਂ ਨੂੰ ਨਾਲ ਲੈ ਕੇ ਉਸ ਦਾ ਝੋਨਾ ਵਾਹ ਦਿੱਤਾ। ਉਨ੍ਹਾਂ ਕਿਹਾ ਕਿ ਉਸ ਨੇ ਪੈਸੇ ਵਿਆਜ ’ਤੇ ਚੁੱਕ ਕੇ ਇਸ ਜ਼ਮੀਨ ਦਾ ਠੇਕਾ ਭਰਿਆ ਸੀ। ਉਨ੍ਹਾਂ ਕਿਹਾ ਕਿ ਨਗਰ ਪੰਚਾਇਤ ਦੇਵੀਗੜ੍ਹ ਅਤੇ ਥਾਣਾ ਜੁਲਕਾਂ ਨੇ ਇਸ ਮਾਮਲੇ ਵਿੱਚ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ।
ਪੀੜਤ ਕਿਸਾਨ ਨਾਲ ਹਮਦਰਦੀ ਪ੍ਰਗਟ ਕਰਨ ਆਏ ਕਾਂਗਰਸ ਦੇ ਹਲਕਾ ਸਨੌਰ ਦੇ ਇੰਚਾਰਜ ਹਰਿੰਦਰਪਾਲ ਸਿੰਘ ਹੈਰੀਮਾਨ ਨੇ ਕਿਹਾ ਕਿ ਲਖਵੀਰ ਲੱਖੀ ਵੱਲੋਂ ਹੋਰ ਵਿਅਕਤੀਆਂ ਨੂੰ ਨਾਲ ਲੈ ਕੇ ਉੱਗਰ ਸਿੰਘ ਦਾ ਝੋਨਾ ਵਾਹੁਣ ਦੀ ਕਾਰਵਾਈ ਨੂੰ ਸ਼ਹਿਣ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਪਿਛਲੇ ਦਿਨੀਂ ਦੋ ਕੈਬਨਿਟ ਮੰਤਰੀਆਂ ਖ਼ਿਲਾਫ਼ ਵੀ ਪਰਚੇ ਦਰਜ ਕਰਵਾਏ ਹਨ ਅਤੇ ਜੇਕਰ ਪਿੰਡ ਕਪੂਰੀ ਦੇ ਪੀੜਤ ਕਿਸਾਨ ਨੂੰ ਇਨਸਾਫ਼ ਨਾ ਮਿਲਿਆ ਤਾਂ ਕਾਰਵਾਈ ਕਰਵਾਈ ਜਾਵੇਗੀ। ਇਸ ਮੌਕੇ ਜੋਗਿੰਦਰ ਸਿੰਘ ਕਾਕੜਾ, ਹਰਬੀਰ ਸਿੰਘ ਥਿੰਦ ਪ੍ਰਧਾਨ ਬਲਾਕ ਕਾਂਗਰਸ ਕਮੇਟੀ, ਜਰਨੈਲ ਸਿੰਘ ਚੂੰਹਟ, ਰਣਧੀਰ ਸਿੰਘ ਕਪੂਰੀ, ਗੁਰਜੰਟ ਸਿੰਘ ਨਿਜ਼ਾਮਪੁਰ, ਨੰਬਰਦਾਰ ਗੁਰਦਿਆਲ ਸਿੰਘ, ਜੈਮਨ ਸਿੰਘ, ਕਰਮਜੀਤ ਸਿੰਘ, ਮੱਖਣ ਸਿੰਘ, ਜਿਲਾ ਸਿੰਘ, ਸਾਹਿਬ ਸਿੰਘ ਸਾਬਕਾ ਸਰਪੰਚ, ਪ੍ਰਗਟ ਸਿੰਘ ਸਾਬਕਾ ਸਰਪੰਚ, ਜਸਵਿੰਦਰ ਸਿੰਘ, ਕਾਕਾ ਸਿੰਘ ਆਦਿ ਮੌਜੂਦ ਸਨ।
ਮਾਮਲਾ ਵਿਧਾਇਕ ਦੇ ਧਿਆਨ ’ਚ ਲਿਆਵਾਂਗੇ: ਪ੍ਰਧਾਨ
ਇਸ ਮਾਮਲੇ ਸਬੰਧੀ ਜਦੋਂ ਨਗਰ ਪੰਚਾਇਤ ਦੇਵੀਗੜ੍ਹ ਪ੍ਰਧਾਨ ਸਵਿੰਦਰ ਕੌਰ ਧੰਜੂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਕਪੂਰੀ ਦੀ ਸਰਕਾਰੀ ਜ਼ਮੀਨ ਦੀ ਬੋਲੀ ਸਾਰੇ ਅਧਿਕਾਰੀਆਂ ਅਤੇ ਕੌਂਸਲਰਾਂ ਦੀ ਮੌਜੂਦਗੀ ਵਿੱਚ ਅਤੇ ਦਫ਼ਤਰੀ ਪ੍ਰੋਟੋਕਾਲ ਮੁਤਾਬਕ ਹੋਈ ਹੈ। ਪਿਛਲੇ ਦਿਨੀਂ ਇਸ ਜ਼ਮੀਨ ਨੂੰ ਲੈ ਕੇ ਵਾਪਰੀ ਘਟਨਾ ਅੱਜ ਧਿਆਨ ਵਿੱਚ ਹੈ। ਇਸ ਨੂੰ ਹਲਕਾ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ ਅਤੇ ਸਮੁੱਚੇ ਮੈਂਬਰਾਂ ਦੀ ਮੌਜੂਦਗੀ ਵਿੱਚ ਇਸ ਮਾਮਲੇ ਦੀ ਪੜਤਾਲ ਕਰਕੇ ਫ਼ੈਸਲਾ ਲਿਆ ਜਾਵੇਗਾ। ਇਸ ਮੌਕੇ ਪ੍ਰੇਮਪਾਲ ਸਿੰਘ ਖਨੇਜਾ, ਡਾ. ਰਾਜਪਾਲ, ਕਰਮਜੀਤ ਸਿੰਘ ਢਿੱਲੋਂ ਰੁੜਕੀ, ਬੂਟਾ ਸਿੰਘ ਥਿੰਦ, ਬਲਿਹਾਰ ਸਿੰਘ ਜ਼ੁਲਕਾਂ ਆਦਿ ਵੀ ਹਾਜ਼ਰ ਸਨ।
ਮੇਰੀ ਗ਼ੈਰ-ਮੌਜੂਦਗੀ ਵਿੱਚ ਜ਼ਮੀਨ ਦੀ ਬੋਲੀ ਕਰਵਾਈ ਗਈ: ਸੀਨੀਅਰ ਮੀਤ ਪ੍ਰਧਾਨ
ਇਸ ਸਬੰਧੀ ਜਦੋਂ ਨਗਰ ਪੰਚਾਇਤ ਦੇਵੀਗੜ੍ਹ ਦੇ ਸੀਨੀਅਰ ਮੀਤ ਪ੍ਰਧਾਨ ਲਖਵੀਰ ਸਿੰਘ ਕਪੂਰੀ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ, ‘‘ਪਿਛਲੇ ਸਮੇਂ ਇਹ ਜ਼ਮੀਨ ਬੱਚਿਆਂ ਦੇ ਖੇਡਣ ਦੇ ਮੈਦਾਨ ਲਈ ਛੱਡੀ ਗਈ ਸੀ ਪਰ ਮੇਰੀ ਗੈਰ-ਮੌਜੂਦਗੀ ਵਿੱਚ ਦਫ਼ਤਰ ਦੇ ਅਧਿਕਾਰੀਆਂ ਵੱਲੋਂ ਇਹ ਬੋਲੀ ਕਰਵਾਈ ਗਈ ਅਤੇ ਮੈਂ ਜ਼ਮੀਨ ਲੈਣ ਵਾਲੇ ਕਿਸਾਨ ਕੋਲ ਚੌਕੀਦਾਰ ਭੇਜ ਕੇ ਜ਼ਮੀਨ ਨਾ ਲੈਣ ਬਾਰੇ ਵੀ ਸੂਚਿਤ ਕੀਤਾ ਸੀ।’’