ਸਰਕਾਰਾਂ ਦੀਆਂ ਖੇਤੀਬਾੜੀ ਵਿਰੋਧੀ ਨੀਤੀਆਂ ਬਾਰੇ ਸੈਮੀਨਾਰ
ਕੁਦਰਤ-ਮਾਨਵ ਕੇਂਦਰਿਤ ਲੋਕ ਲਹਿਰ ਇਕਾਈ ਸ਼ੇਰਪੁਰ ਅਤੇ ਖੇਤੀਬਾੜੀ ਤੇ ਕਿਸਾਨ ਵਿਕਾਸ ਫਰੰਟ ਪੰਜਾਬ ਵੱਲੋਂ ਸਾਂਝੇ ਤੌਰ ’ਤੇ ਉਦਮੀ ਨੌਜਵਾਨ ਸੰਦੀਪ ਗਰੇਵਾਲ ਦੀ ਅਗਵਾਈ ਹੇਠ ‘ਸਰਕਾਰਾਂ ਦੀਆਂ ਖੇਤੀਬਾੜੀ ਵਿਰੋਧੀ ਨੀਤੀਆਂ ਅਤੇ ਸਾਡੀ ਭੋਜਨ ਸੁਰੱਖਿਆ ਦਾ ਭਵਿੱਖ’ ਬਾਰੇ ਸੈਮੀਨਾਰ ਕਰਵਾਇਆ ਗਿਆ। ਲੋਕ...
Advertisement
ਕੁਦਰਤ-ਮਾਨਵ ਕੇਂਦਰਿਤ ਲੋਕ ਲਹਿਰ ਇਕਾਈ ਸ਼ੇਰਪੁਰ ਅਤੇ ਖੇਤੀਬਾੜੀ ਤੇ ਕਿਸਾਨ ਵਿਕਾਸ ਫਰੰਟ ਪੰਜਾਬ ਵੱਲੋਂ ਸਾਂਝੇ ਤੌਰ ’ਤੇ ਉਦਮੀ ਨੌਜਵਾਨ ਸੰਦੀਪ ਗਰੇਵਾਲ ਦੀ ਅਗਵਾਈ ਹੇਠ ‘ਸਰਕਾਰਾਂ ਦੀਆਂ ਖੇਤੀਬਾੜੀ ਵਿਰੋਧੀ ਨੀਤੀਆਂ ਅਤੇ ਸਾਡੀ ਭੋਜਨ ਸੁਰੱਖਿਆ ਦਾ ਭਵਿੱਖ’ ਬਾਰੇ ਸੈਮੀਨਾਰ ਕਰਵਾਇਆ ਗਿਆ। ਲੋਕ ਲਹਿਰ ਦੇ ਕੇਂਦਰੀ ਆਗੂ ਸੁਖਦੇਵ ਸਿੰਘ ਭੁਪਾਲ ਨੇ ਕਿਹਾ ਕਿ ਸਰਕਾਰਾਂ ਕੌਮੀ ਸੁਰੱਖਿਆ ’ਤੇ ਜਿੰਨਾ ਖ਼ਰਚਾ ਕਰਦੀਆਂ ਹਨ ਉਸ ਤੋਂ ਵੱਧ ਧਿਆਨ ਖ਼ਰਚਾ ਵਾਤਾਵਰਨ ਨੂੰ ਬਚਾਉਣ ਅਤੇ ਭੋਜਨ ਸੁਰੱਖਿਆ ਨੀਤੀ ’ਤੇ ਕੀਤਾ ਜਾਣਾ ਚਾਹੀਦਾ ਹੈ। ਮੌਜੂਦਾ ਹੜ੍ਹਾਂ ਬਾਰੇ ਕਿਹਾ ਕਿ ਅਜਿਹਾ ਇਸ ਕਰਕੇ ਹੋਇਆ ਹੈ ਕਿ ਬੀਬੀਐੱਮਬੀ ਸਮੇਂ ਦੀ ਨਜ਼ਾਕਤ ਨੂੰ ਦੇਖ ਕੇ ਕੰਮ ਨਹੀਂ ਕਰਦਾ ਭਾਵ ਉਹ ਡੈਮਾਂ ਨੂੰ ਨੱਕੋ-ਨੱਕ ਭਰਨ ਦੀ ਥਾਂ ਦਰਿਆਵਾਂ ਦੇ ਈਕੋ ਸਿਸਟਮ ਨੂੰ ਧਿਆਨ ਵਿੱਚ ਰੱਖੇ। ਖੇਤੀਬਾੜੀ ਤੇ ਕਿਸਾਨ ਵਿਕਾਸ ਫਰੰਟ ਦੇ ਸੂਬਾਈ ਪ੍ਰਧਾਨ ਮਹਿੰਦਰ ਸਿੰਘ ਭੱਠਲ ਅਤੇ ਜਨਰਲ ਸਕੱਤਰ ਜਗਪਾਲ ਸਿੰਘ ਊਧਾ ਨੇ ਕੁਦਰਤੀ ਅਤੇ ਸਹਿਕਾਰੀ ਖੇਤੀ ਨੂੰ ਅਪਣਾਉਣ ਲਈ ਉਪਰਾਲੇ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਲਹਿਰ ਦੇ ਸੂਬਾ ਪ੍ਰਧਾਨ ਗੁਰਦਰਸ਼ਨ ਸਿੰਘ ਖੱਟੜਾ ਨੇ ਕਿਹਾ ਕਿ ਖੇਤੀ ਕੋਈ ਧੰਦਾ ਨਹੀਂ ਸਗੋਂ ਖੇਤੀ ਮਨੁੱਖੀ ਸਮਾਜ ਦੀ ਜੀਵਨ ਰੇਖਾ ਹੈ। ਵਿਚਾਰ ਚਰਚਾ ਵਿੱਚ ਹਿੱਸਾ ਲੈਣ ਵਾਲਿਆਂ ਵਿੱਚ ਵਾਤਾਵਰਨ ਪ੍ਰੇਮੀ ਸੁਰਿੰਦਰ ਪਾਲ ਕੌਸ਼ਲ ਬਰਨਾਲਾ, ਜਸਵੰਤ ਸਿੰਘ ਬਨਭੌਰੀ, ਮਾਸਟਰ ਮਹਿੰਦਰ ਪ੍ਰਤਾਪ, ਸੁਖਜੀਤ ਸਿੰਘ ਰਟੌਲ ਗੋਬਿੰਦਪੁਰਾ, ਹਰਜੀਤ ਸਿੰਘ ਬਦੇਸ਼ਾ, ਗੁਰਮੇਲ ਸਿੰਘ ਮੇਘ, ਸ਼ਮਿੰਦਰ ਸਿੰਘ ਲੌਂਗੋਵਾਲ, ਮੇਜਰ ਸਿੰਘ ਖੇੜੀ ਅਤੇ ਮਹਿੰਦਰ ਸਿੰਘ ਖੋਖਰ ਵੀ ਸ਼ਾਮਲ ਸਨ। ਇਸ ਦੌਰਾਨ ਮਤੇ ਰਾਹੀਂ ਹੜ੍ਹਾਂ ਦੌਰਾਨ ਵੱਡੇ ਪੱਧਰ ’ਤੇ ਦੋਵੇਂ ਮੁਲਕਾਂ ਭਾਰਤ ਅਤੇ ਪਾਕਿਸਤਾਨ ’ਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਦੌਰਾਨ ਮੰਗ ਕੀਤੀ ਕਿ ਜੰਮੂ ਕਸ਼ਮੀਰ, ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਆਏ ਹੜ੍ਹਾਂ ਅਤੇ ਵਾਪਰੀਆਂ ਹੋਰ ਘਟਨਾਵਾਂ ਨੂੰ ਕੌਮੀ ਆਫ਼ਤ ਐਲਾਨ ਕੇ ਫੌਰੀ ਤੌਰ ’ਤੇ ਵਿਸ਼ੇਸ਼ ਮੁਆਵਜ਼ਾ ਦਿੱਤਾ ਜਾਵੇ। ਇਸ ਮੌਕੇ ਸਰਪੰਚ ਰਾਜਵਿੰਦਰ ਸਿੰਘ ਸਰਪੰਚ ਸ਼ੇਰਪੁਰ, ਪੰਚ ਹਰਦੀਪ ਸਿੰਘ ਗਰੇਵਾਲ, ਅਮਰਜੀਤ ਸਿੰਘ ਜੱਸੀ ਤੇ ਬਲਦੇਵ ਸਿੰਘ ਘਨੌਰੀ ਆਦਿ ਹਾਜ਼ਰ ਸਨ। ਸਟੇਜ ਸਕੱਤਰ ਦੀ ਭੂਮਿਕਾ ਰਣਜੀਤ ਸਿੰਘ ਕਾਲਾਬੂਲਾ ਅਤੇ ਕਰਮਿੰਦਰ ਸਿੰਘ ਹੇੜੀਕੇ ਨੇ ਨਿਭਾਈ।
Advertisement
Advertisement