ਮੌਸਮੀ ਸਬਜ਼ੀਆਂ ਆਮ ਆਦਮੀ ਦੀ ਪਹੁੰਚ ਤੋਂ ਬਾਹਰ
ਸਰਦੀਆਂ ਦੇ ਮੌਸਮ ਦੌਰਾਨ ਬਾਜ਼ਾਰ ਵਿੱਚ ਮੌਸਮੀ ਹਰੀਆਂ ਸਬਜ਼ੀਆਂ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੋ ਗਈਆਂ ਹਨ। ਇਸ ਦਾ ਕਾਰਨ ਵਿਆਹਾਂ ਦੇ ਸੀਜ਼ਨ ਦੌਰਾਨ ਹਰੀਆਂ ਸਬਜ਼ੀਆਂ ਦੀ ਵਧਦੀ ਮੰਗ ਹੈ। ਲੋਕ ਵਿਆਹਾਂ ਅਤੇ ਹੋਰ ਸਮਾਰੋਹਾਂ ਲਈ ਵੱਡੀ ਮਾਤਰਾ ਵਿੱਚ ਹਰੀਆਂ ਸਬਜ਼ੀਆਂ ਖ਼ਰੀਦ ਰਹੇ ਹਨ, ਜਿਸ ਦਾ ਸਿੱਧਾ ਅਸਰ ਸਬਜ਼ੀ ਦੀਆਂ ਕੀਮਤਾਂ ’ਤੇ ਪੈ ਰਿਹਾ ਹੈ।
ਸਥਾਨਕ ਸਬਜ਼ੀ ਮੰਡੀ ਵਿੱਚ ਹਰੀਆਂ ਸਬਜ਼ੀਆਂ ਦੀ ਵਧਦੀ ਮੰਗ ਕਾਰਨ ਉਨ੍ਹਾਂ ਦੀਆਂ ਕੀਮਤਾਂ ਵਿੱਚ 15-20 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਸਬਜ਼ੀ ਵਿਕਰੇਤਾ ਮੁਹੰਮਦ ਸ਼ਮਸ਼ਾਦ ਨੇ ਦੱਸਿਆ ਕਿ ਵਿਆਹਾਂ ਦੇ ਸੀਜ਼ਨ ਦੌਰਾਨ ਸਭ ਤੋਂ ਵੱਧ ਮੰਗ ਮਟਰ, ਫੁੱਲ ਗੋਭੀ, ਪੱਤਾ ਗੋਭੀ, ਗਾਜਰ, ਅਦਰਕ, ਲਸਣ, ਧਨੀਆ, ਨਿੰਬੂ, ਸ਼ਿਮਲਾ ਮਿਰਚ, ਹਰੀ ਮਿਰਚ, ਭਿੰਡੀ, ਮੂਲੀ, ਪਿਆਜ਼, ਟਮਾਟਰ, ਆਲੂ, ਖੀਰਾ, ਚੁਕੰਦਰ ਆਦਿ ਦੀ ਰਹਿੰਦੀ ਹੈ। ਇਸ ਵਕਤ ਸਬਜ਼ੀ ਮੰਡੀ ਵਿੱਚ ਲਸਣ, ਅਦਰਕ, ਭਿੰਡੀ ਅਤੇ ਸ਼ਿਮਲਾ ਮਿਰਚ 100 ਰੁਪਏ ਪ੍ਰਤੀ ਕਿਲੋਗਾਰਮ, ਹਰੀ ਮਿਰਚ, ਮੂੰਗਰੇ, ਨਿੰਬੂ 80 ਰੁਪਏ ਪ੍ਰਤੀ ਕਿਲੋਗ੍ਰਾਮ, ਧਨੀਆ ਤੇ ਮਟਰ 60 ਰੁਪਏ ਪ੍ਰਤੀ ਕਿਲੋਗ੍ਰਾਮ, ਟਮਾਟਰ 50 ਰੁਪਏ ਪ੍ਰਤੀ ਕਿਲੋਗ੍ਰਾਮ, ਗਾਜਰ,ਖੀਰਾ, ਚੁਕੰਦਰ, ਬੈਂਗਣ, ਫੁੱਲ ਗੋਭੀ ਅਤੇ ਪੇਠਾ 40 ਰੁਪਏ ਪ੍ਰਤੀ ਕਿਲੋਗ੍ਰਾਮ, ਪੱਤਾ ਗੋਭੀ ਅਤੇ ਸ਼ਲਗਮ 30 ਰੁਪਏ ਪ੍ਰਤੀ ਕਿੱਲੋਗ੍ਰਾਮ, ਮੂਲ਼ੀ 20 ਰੁਪਏ ਪ੍ਰਤੀ ਕਿੱਲੋਗਰਾਮ ਵਿਕ ਰਹੀ ਹੈ।
ਸਬਜ਼ੀ ਮੰਡੀ 'ਚ ਆੜ੍ਹਤ ਦਾ ਕਾਰੋਬਾਰ ਕਰਨ ਵਾਲੇ ਮੁਹੰਮਦ ਯਾਮੀਨ ਨੇ ਦੱਸਿਆ ਕਿ ਸਰਦੀ ਦੇ ਮੌਸਮ 'ਚ ਆਮ ਤੌਰ 'ਤੇ ਸਬਜ਼ੀਆਂ ਦੀ ਆਮਦ ਵਧ ਜਾਂਦੀ ਹੈ, ਜਿਸ ਨਾਲ ਕੀਮਤਾਂ ਘੱਟ ਜਾਂਦੀਆਂ ਹਨ। ਪਰ ਇਸ ਵਾਰ ਵਿਆਹਾਂ ਅਤੇ ਹੋਰਨਾਂ ਸਮਾਜਿਕ ਸਮਾਰੋਹਾਂ ਕਾਰਨ ਕੀਮਤਾਂ ਘਟਣ ਦੀ ਬਜਾਏ ਵਧ ਰਹੀਆਂ ਹਨ। ਸਬਜ਼ੀ ਵਿਕਰੇਤਾ ਮਾਰੂਫ਼ ਨੇ ਦੱਸਿਆ ਕਿ ਵਿਆਹਾਂ ਤੇ ਹੋਰ ਸਮਾਰੋਹਾਂ ਕਾਰਨ ਹਰੀਆਂ ਸਬਜ਼ੀਆਂ ਦੀ ਖਪਤ ਵਧੀ ਹੈ ਤੇ ਮੁਕਾਬਲਤਨ ਆਮਦ ਘੱਟ ਹੈ। ਅਜਿਹਾ ਹੋਣ ਕਾਰਨ ਸਬਜ਼ੀਆਂ ਦੇ ਭਾਅ ’ਚ ਤੇਜ਼ੀ ਆਈ ਹੈ। ਮੁਹੰਮਦ ਇਜ਼ਰਾਈਲ ਨੇ ਕਿਹਾ ਕਿ ਸਤੰਬਰ-ਅਕਤੂਬਰ ’ਚ ਪਏ ਭਾਰੀ ਮੀਂਹ ਨੇ ਸਬਜ਼ੀ ਦੀ ਖੇਤੀ ਨੂੰ ਪ੍ਰਭਾਵਿਤ ਕੀਤਾ ਹੈ। ਮੰਡੀ ’ਚ ਸਬਜ਼ੀ ਦੀ ਆਮਦ ਘੱਟ ਤੇ ਮੰਗ ਜ਼ਿਆਦਾ ਹੈ, ਜਿਸ ਕਾਰਨ ਸਬਜ਼ੀਆਂ ਦੇ ਭਾਅ ਵਧੇ ਹੋਏ ਹਨ।
ਯਸ਼ਪਾਲ ਨੇ ਕਿਹਾ ਕਿ ਦੀਵਾਲੀ ਤੋਂ ਬਾਅਦ ਸਬਜ਼ੀਆਂ ਦੇ ਭਾਅ ’ਚ ਥੋੜ੍ਹੀ ਜਿਹੀ ਗਿਰਾਵਟ ਆਉਣ ਤੋਂ ਬਾਅਦ ਹੁਣ ਕੀਮਤਾਂ ਫਿਰ ਵਧ ਗਈਆਂ ਹਨ, ਜਿਸ ਕਾਰਨ ਆਮ ਆਦਮੀ ਮਹਿੰਗੀਆਂ ਸਬਜ਼ੀਆਂ ਖ਼ਰੀਦਣ ਤੋਂ ਅਸਮਰੱਥ ਹੈ।
