ਸੰਤ ਅਤਰ ਸਿੰਘ ਦਾ ਜੀਵਨ ਸਾਰਿਆਂ ਲਈ ਪ੍ਰੇਰਣਾ ਸਰੋਤ: ਗੜਗੱਜ
ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਵਿਸ਼ੇਸ਼ ਤੌਰ ’ਤੇ ਗੁਰਦੁਆਰਾ ਗੁਰਸਾਗਰ ਸਾਹਿਬ ਵਿਖੇ ਨਤਮਸਤਕ ਹੋਏ। ਉਨ੍ਹਾਂ ਦਾ ਇੱਥੇ ਪਹੁੰਚਣ ’ਤੇ ਕਾਲਜ ਦੇ ਸਕੱਤਰ ਜਸਵੰਤ ਸਿੰਘ ਖਹਿਰਾ ਨੇ ਨਿੱਘਾ ਸਵਾਗਤ ਕੀਤਾ ਜਦਕਿ ਗੁਰਦੁਆਰਾ ਗੁਰਸਾਗਰ ਮਸਤੂਆਣਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਵੀ ਉਨ੍ਹਾਂ ਨੂੰ ਵਿਸ਼ੇਸ਼ ਤੌਰ ’ਤੇ ਸ੍ਰੀ ਸਾਹਿਬ ਅਤੇ ਲੋਈ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਸੁਖਦੇਵ ਸਿੰਘ, ਸੀਨੀਅਰ ਅਕਾਲੀ ਆਗੂ ਵਿੰਨਰਜੀਤ ਸਿੰਘ ਗੋਲਡੀ, ਅਕਾਲੀ ਆਗੂ ਇਕਬਾਲਜੀਤ ਸਿੰਘ ਪੂਨੀਆ, ਅਕਾਲੀ ਆਗੂ ਤੇਜਿੰਦਰ ਸਿੰਘ ਸੰਘਰੇੜੀ, ਕੌਂਸਲ ਦੇ ਸੀਨੀਅਰ ਮੈਂਬਰ ਹਰਬੰਸ ਸਿੰਘ ਚੀਮਾ, ਡਾਕਟਰ ਗੁਰਵੀਰ ਸਿੰਘ ਸੋਹੀ, ਮੈਨੇਜਰ ਜਸਵੀਰ ਸਿੰਘ ਗਿੱਦੜਬਾਹਾ, ਮੈਨੇਜਰ ਰਜਿੰਦਰ ਸਿੰਘ ਤੋਂ ਇਲਾਵਾ ਹੋਰ ਵਿਦਿਅਕ ਸੰਸਥਾਵਾਂ ਦੇ ਸਟਾਫ਼ ਮੈਂਬਰ ਮੌਜੂਦ ਸਨ। ਇਸ ਮੌਕੇ ਜਥੇਦਾਰ ਗੜਗੱਜ ਨੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਜਸਵੰਤ ਸਿੰਘ ਖਹਿਰਾ ਅਤੇ ਉਨ੍ਹਾਂ ਦੀ ਟੀਮ ਨਾਲ ਕਈ ਗੰਭੀਰ ਮਸਲਿਆਂ ਉੱਤੇ ਚਰਚਾ ਵੀ ਕੀਤੀ। ਉਨ੍ਹਾਂ ਕਾਲਜ ਦੇ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੀ ਹੌਸਲਾ-ਅਫ਼ਜ਼ਾਈ ਕੀਤੀ ਅਤੇ ਸਿੱਖੀ ਨਾਲ ਜੁੜਨ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਉਨ੍ਹਾਂ ਕਿਹਾ ਕਿ ਸੰਤ ਬਾਬਾ ਅਤਰ ਸਿੰਘ ਜੀ ਪਿੰਡ-ਪਿੰਡ, ਘਰ-ਘਰ ਜਾ ਕੇ ਲੁਕਾਈ ਨੂੰ ਗੁਰੂ ਸਾਹਿਬ ਦੇ ਉਪਦੇਸ਼ਾਂ ਅਤੇ ਬਾਣੀ ਤੇ ਬਾਣੇ ਦੇ ਨਾਲ ਜੋੜਨ ਦਾ ਕੰਮ ਕਰਦੇ ਸਨ। ਸੰਤ ਅਤਰ ਸਿੰਘ ਦਾ ਜੀਵਨ ਸਾਡੇ ਸਾਰਿਆਂ ਲਈ ਪ੍ਰੇਰਨਾ ਸਰੋਤ ਹੈ।
