ਸੰਗਰੂਰ ਵਿੱਚ ਸਫ਼ਾਈ ਸੇਵਕਾਂ ਦੀ ਹੜਤਾਲ ਮੁਲਤਵੀ
ਸਫ਼ਾਈ ਸੇਵਕ ਯੂਨੀਅਨ ਪੰਜਾਬ ਦੇ ਸੱਦੇ ’ਤੇ ਸਫ਼ਾਈ ਸੇਵਕਾਂ ਵੱਲੋਂ ਸਫ਼ਾਈ ਪ੍ਰਬੰਧਾਂ ਦਾ ਕੰਮਕਾਜ ਮੁਕੰਮਲ ਤੌਰ ’ਤੇ ਠੱਪ ਕਰਕੇ ਦੂਜੇ ਦਿਨ ਹੜਤਾਲ ਜਾਰੀ ਰੱਖੀ ਗਈ ਅਤੇ ਨਗਰ ਕੌਂਸਲ ਦਫ਼ਤਰ ਵਿੱਚ ਧਰਨਾ ਦਿੰਦਿਆਂ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਹੜਤਾਲੀ ਸਫ਼ਾਈ ਸੇਵਕ ਨਿੱਜੀ ਹੱਥਾਂ ਵਿੱਚ ਕੂੜੇ ਦੇ ਟੈਂਡਰ ਦੇਣ ਬਾਰੇ ਲਿਆ ਫੈਸਲਾ ਤੁਰੰਤ ਰੱਦ ਕਰਨ ਅਤੇ ਸਫ਼ਾਈ ਸੇਵਕਾਂ ਦੀਆਂ ਮੰਗਾਂ ਦਾ ਤੁਰੰਤ ਹੱਲ ਕਰਨ ਦੀ ਮੰਗ ਕਰ ਰਹੇ ਸਨ। ਧਰਨੇ ਨੂੰ ਸੰਬੋਧਨ ਕਰਦਿਆਂ ਸਫ਼ਾਈ ਸੇਵਕ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਭਾਰਤ ਬੇਦੀ, ਲੋਕਲ ਪ੍ਰਧਾਨ ਅਜੇ ਬੇਦੀ ਅਤੇ ਚੇਅਰਮੈਨ ਊਸ਼ਾ ਦੇਵੀ ਨੇ ਪੰਜਾਬ ਸਕਰਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਨਿੱਜੀ ਹੱਥਾਂ ਵਿਚ ਕੂੜੇ ਦਾ ਟੈਂਡਰ ਦੇਣ ਦਾ ਫੈਸਲਾ ਰੱਦ ਨਾ ਕੀਤਾ ਗਿਆ ਅਤੇ ਸਫ਼ਾਈ ਸੇਵਕਾਂ ਤੇ ਦਫ਼ਤਰੀ ਸਟਾਫ਼ ਦੀਆਂ ਲੰਮੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਦਾ ਨਿਪਟਾਰਾ ਨਾ ਕੀਤਾ ਗਿਆ ਤਾਂ ਸਫ਼ਾਈ ਸੇਵਕ ਯੂਨੀਅਨ ਪੰਜਾਬ ਦੇ ਆਦੇਸ਼ਾਂ ਅਨੁਸਾਰ ਅਣਮਿੱਥੇ ਸਮੇਂ ਦੀ ਹੜਤਾਲ ਸ਼ੁਰੂ ਕੀਤੀ ਜਾਵੇਗੀ ਜਿਸ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੋਵੇਗੀ। ਉਨ੍ਹਾਂ ਦੱਸਿਆ ਕਿ ਸਫ਼ਾਈ ਸੇਵਕ ਹੜਤਾਲ ਨੂੰ ਮੁਲਤਵੀ ਕਰ ਰਹੇ ਹਨ ਕਿਉਂਕਿ ਆਉਣ ਵਾਲੇ ਦਿਨਾਂ ਵਿਚ ਤਿਉਹਾਰ ਆ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਖ਼ਿਲਾਫ਼ ਰੋਸ ਮੁਜ਼ਾਹਰੇ ਜਾਰੀ ਰਹਿਣਗੇ। ਉਨ੍ਹਾਂ ਦੋਸ਼ ਲਾਇਆ ਕਿ ਸਫ਼ਾਈ ਸੇਵਕ ਦੋ ਦਿਨ ਹੜਤਾਲ ’ਤੇ ਰਹੇ ਹਨ ਪਰ ਸਰਕਾਰ ਵੱਲੋਂ ਕੋਈ ਗੱਲਬਾਤ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਸਰਕਾਰ ਨਹੀਂ ਚਾਹੁੰਦੀ ਕਿ ਸਫ਼ਾਈ ਸੇਵਕ ਖੁਸ਼ੀਆਂ ਨਾਲ ਤਿਉਹਾਰ ਮਨਾਉਣ। ਇਸ ਲਈ ਉਹ ਭਲਕੇ ਪਹਿਲੀ ਅਕਤੂਬਰ ਨੂੰ ਕੰਮ ’ਤੇ ਪਰਤਣਗੇ। ਉਨ੍ਹਾਂ ਮੰਗ ਕੀਤੀ ਕਿ ਯੂਨੀਅਨ ਨਾਲ ਪੈਨਲ ਮੀਟਿੰਗ ਦਾ ਸਮਾਂ ਦੇ ਕੇ ਮੰਗਾਂ ਦਾ ਹੱਲ ਕਰੇ। ਇਸ ਮੌਕੇ ਯੂਨੀਅਨ ਦੇ ਜਨਰਲ ਸਕੱਤਰ ਰਮੇਸ਼ ਕੁਮਾਰ, ਦਫ਼ਤਰ ਸਕੱਤਰ ਸ਼ਾਮ ਬੇਦੀ, ਮੀਤ ਪ੍ਰਧਾਨ ਸੁਰੇਸ਼ ਬੇਦੀ, ਮੀਤ ਪ੍ਰਧਾਨ ਪੰਜਾਬ ਨਾਥਾ ਰਾਮ, ਖੇਤਰੀ ਪ੍ਰਧਾਨ ਰਮੇਸ ਕੁਮਾਰ, ਜ਼ਿਲ੍ਹਾ ਜਨਰਲ ਸਕੱਤਰ ਰਾਜੇਸ ਕੁਮਾਰ, ਉਪ ਚੇਅਰਮੈਨ ਅਜੀਤ ਕੁਮਾਰ, ਅਮਨ ਕੁਮਾਰ ਆਦਿ ਸ਼ਾਮਲ ਸਨ।