ਸੰਗਰੂਰ: ਵਾਰਡ 12 ਦੀ ਸੀਵਰੇਜ ਸਮੱਸਿਆ ਦਾ ਮਾਮਲਾ ਪੁੱਜਿਆ ਡੀਸੀ ਦਰਬਾਰ
ਕਾਂਗਰਸ ਪਾਰਟੀ ਨਾਲ ਸਬੰਧਤ ਵਾਰਡ ਨੰਬਰ 12 ਤੋਂ ਨਗਰ ਕੌਂਸਲਰ ਨੱਥੂ ਲਾਲ ਢੀਂਗਰਾ ਨੇ ਦੱਸਿਆ ਕਿ ਪਿਛਲੇ ਤਿੰਨ ਮਹੀਨਿਆਂ ਤੋਂ ਇਸ ਵਾਰਡ ਦਾ ਸੀਵਰੇਜ ਬੰਦ ਪਿਆ ਹੈ। ਆਦਰਸ਼ ਮੁਹੱਲਾ ਵਾਸੀ ਪਿਛਲੇ ਤਿੰਨ ਮਹੀਨਿਆਂ ਤੋਂ ਸਬੰਧਤ ਮਹਿਕਮੇ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਇਸ ਸਬੰਧੀ ਲਿਖਤੀ ਅਤੇ ਜ਼ੁਬਾਨੀ ਤੌਰ ’ਤੇ ਸ਼ਿਕਾਇਤਾਂ ਅਤੇ ਟੈਲੀਫੋਨਾਂ ਰਾਹੀਂ ਬੇਨਤੀਆਂ ਕਰਦੇ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਵਾਰ-ਵਾਰ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਸ਼ਿਕਾਇਤ ਕਰਨ ਦੇ ਬਾਵਜੂਦ ਕੋਈ ਸੁਣਵਾਈ ਨਹੀਂ ਹੋਈ ਅਤੇ ਸਮੱਸਿਆ ਦਾ ਪਰਨਾਲਾ ਉੱਥੇ ਦਾ ਉੱਥੇ ਹੈ। ਮੁਹੱਲੇ ਵਿੱਚ ਮੰਦਿਰ ਸਥਿਤ ਹੈ ਅਤੇ ਲੋਕਾਂ ਨੂੰ ਮੰਦਰ ਜਾਣ ਵੇਲੇ ਸੀਵਰੇਜ ਦਾ ਪਾਣੀ ਗਲੀ ਵਿੱਚ ਖੜ੍ਹਾ ਹੋਣ ਕਾਰਨ ਭਾਰੀ ਦਿੱਕਤ ਆਉਂਦੀ ਹੈ। ਸੀਵਰੇਜ ਲਾਈਨਾਂ ਦੀ ਸਫ਼ਾਈ ਨਾ ਹੋਣ ਕਾਰਨ ਨਾਭਾ ਗੇਟ ਬਾਜ਼ਾਰ ’ਚ ਦੁਕਾਨਦਾਰਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਉਹ ਵਾਰਡ ਦੇ ਨਗਰ ਕੌਂਸਲਰ ਹਨ ਅਤੇ ਵਿਭਾਗ ਵੱਲੋਂ ਕੋਈ ਸੁਣਵਾਈ ਨਾ ਹੋਣ ਕਾਰਨ ਹੀ ਡੀ.ਸੀ. ਦਰਬਾਰ ਪੁੱਜੇ ਹਨ ਤਾਂ ਜੋ ਲੋਕ ਹਿੱਤ ਵਿੱਚ ਇਸ ਸਮੱਸਿਆ ਦਾ ਹੱਲ ਹੋਵੇ। ਉਨ੍ਹਾਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਦਿਆਂ ਮੰਗ ਕੀਤੀ ਕਿ ਵਾਰਡ ਨੰਬਰ 12 ਵਿੱਚ ਸੀਵਰੇਜ ਲਾਈਨਾਂ ਦੀ ਤੁਰੰਤ ਸਫ਼ਾਈ ਕਰਵਾਈ ਜਾਵੇ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ। ਇਸ ਮੌਕੇ ਮੁਹੱਲਾ ਵਾਸੀ ਅਮਿਤ ਠਾਕੁਰ, ਪ੍ਰਿੰਸ ਸ਼ਰਮਾ ਤੇ ਨਿਤਿਨ ਅਗਰਵਾਲ ਮੌਜੂਦ ਸਨ।