ਸੰਗਰੂਰ: ਪਰਾਲੀ ਸਾੜਨ ਨੂੰ ਲੈ ਕੇ ਕਿਸਾਨਾਂ ਅਤੇ ਪੁਲੀਸ ਵਿਚਕਾਰ ਤਣਾਅ ਦੇ ਮਾਮਲੇ ਵਧੇ
ਬੁੱਧਵਾਰ ਨੂੰ ਇੱਥੋਂ ਦੇ ਲੱਦੀ ਪਿੰਡ ਵਿੱਚ ਉਸ ਸਮੇਂ ਤਣਾਅ ਵਧ ਗਿਆ ਜਦੋਂ ਇੱਕ ਪੁਲੀਸ ਟੀਮ ਪਰਾਲੀ ਸਾੜਨ ਤੋਂ ਰੋਕਣ ਅਤੇ ਇੱਕ ਖੇਤ ਮਜ਼ਦੂਰ ਨੂੰ ਹਿਰਾਸਤ ਵਿੱਚ ਲੈਣ ਲਈ ਖੇਤਾਂ ਵਿੱਚ ਪਹੁੰਚੀ। ਕੁਝ ਕਿਸਾਨ ਖੇਤਾਂ ਵੱਲ ਜਾਣ ਵਾਲੇ ਕੱਚੇ ਰਾਹ ’ਤੇ ਬੈਠ ਗਏ ਅਤੇ ਕਥਿਤ ਤੌਰ ’ਤੇ ਪੁਲੀਸ ਵਾਹਨ ਦਾ ਰਾਹ ਰੋਕ ਦਿੱਤਾ।
ਇਸ ’ਤੇ ਇੱਕ ਡੀ ਐੱਸ ਪੀ ਰੈਂਕ ਦੇ ਪੁਲੀਸ ਅਧਿਕਾਰੀ ਨੇ ਰਾਹ ਸਾਫ਼ ਕਰਨ ਲਈ ਕਥਿਤ ਤੌਰ ’ਤੇ ਕਿਸਾਨਾਂ ਦੇ ਦੋ-ਪਹੀਆ ਵਾਹਨ ਖੇਤਾਂ ਵਿੱਚ ਸੁੱਟ ਦਿੱਤੇ। ਇਸ ਦੌਰਾਨ ਵਾਇਰਲ ਵੀਡੀਓਜ਼ ਵਿੱਚ ਇੱਕ ਮਹਿਲਾ ਪੁਲੀਸ ਇੰਸਪੈਕਟਰ ਨੇ ਕਿਸਾਨਾਂ ਨੂੰ ਉਨ੍ਹਾਂ ਦਾ ਰਸਤਾ ਨਾ ਰੋਕਣ ਦੀ ਅਪੀਲ ਕਰਦੀ ਨਜ਼ਰ ਆਈ।
ਦੂਜੇ ਪਾਸੇ ਕਿਸਾਨਾਂ ਨੇ ਕਿਹਾ ਕਿ ਬਦਲਵੇਂ ਪ੍ਰਬੰਧਾਂ ਦੀ ਘਾਟ ਕਾਰਨ ਉਹ ਪਰਾਲੀ ਸਾੜਨ ਲਈ ਮਜਬੂਰ ਹਨ।
ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਸੰਗਰੂਰ ਜ਼ਿਲ੍ਹੇ ਦੇ ਕਾਰਕੁਨ ਜਗਤਾਰ ਸਿੰਘ ਲੱਦੀ ਨੇ ਕਿਹਾ, “ਸਾਡੇ ਪਿੰਡ ਦਾ ਇੱਕ ਕਿਸਾਨ ਚਿਕਨਗੁਨੀਆ ਤੋਂ ਪੀੜਤ ਹੈ ਅਤੇ ਉਸ ਦੇ ਖੇਤ ਮਜ਼ਦੂਰ ਨੇ ਪਰਾਲੀ ਨੂੰ ਅੱਗ ਲਗਾ ਦਿੱਤੀ ਸੀ। ਡੀ.ਐਸ.ਪੀ. ਸੰਗਰੂਰ ਦੀ ਅਗਵਾਈ ਵਿੱਚ ਇੱਕ ਪੁਲੀਸ ਟੀਮ ਮੌਕੇ 'ਤੇ ਪਹੁੰਚੀ ਅਤੇ ਜਦੋਂ ਉਨ੍ਹਾਂ ਨੇ ਉਸ ਨੂੰ ਹਿਰਾਸਤ ਵਿੱਚ ਲੈ ਕੇ ਥਾਣੇ ਲੈ ਜਾਣ ਦੀ ਕੋਸ਼ਿਸ਼ ਕੀਤੀ, ਤਾਂ ਅਸੀਂ ਉਨ੍ਹਾਂ ਦਾ ਰਸਤਾ ਰੋਕ ਲਿਆ। ਇਸ 'ਤੇ ਗੁੱਸੇ ਵਿੱਚ ਆ ਕੇ ਡੀ.ਐਸ.ਪੀ. ਆਪਣੀ ਸਰਕਾਰੀ ਗੱਡੀ ਵਿੱਚੋਂ ਉਤਰੇ ਅਤੇ ਸਾਡੇ ਦੋ-ਪਹੀਆ ਵਾਹਨ ਖੇਤਾਂ ਵਿੱਚ ਸੁੱਟ ਦਿੱਤੇ।’’
ਉਨ੍ਹਾਂ ਦੱਸਿਆ, ‘‘ਇਸ ਦੌਰਾਨ ਫਿਰ ਹੋਰ ਕਿਸਾਨ ਆ ਗਏ ਅਤੇ ਸਦਰ ਸੰਗਰੂਰ ਥਾਣੇ ਦੇ ਐੱਸਐੰਚਓ ਦੀ ਅਗਵਾਈ ਵਿੱਚ ਇੱਕ ਹੋਰ ਪੁਲੀਸ ਟੀਮ ਵੀ ਉੱਥੇ ਪਹੁੰਚ ਗਈ। ਬਾਅਦ ਵਿੱਚ ਉਹ ਕੇਸ ਦਰਜ ਨਾ ਕਰਨ ਲਈ ਸਹਿਮਤ ਹੋ ਗਏ ਅਤੇ ਚਲੇ ਗਏ।”
ਕਿਸਾਨਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਮੰਗਲਵਾਰ ਨੂੰ ਉਨ੍ਹਾਂ ਨੇ ਇੱਕ ਪੁਲੀਸ ਟੀਮ ਨੂੰ ਘੇਰ ਲਿਆ ਸੀ ਜਦੋਂ ਉਹ ਕਿਸਾਨਾਂ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਲਈ ਖੇਤਾਂ ਦੀਆਂ ਤਸਵੀਰਾਂ ਖਿੱਚ ਰਹੀ ਸੀ। ਉਨ੍ਹਾਂ ਕਿਹਾ, “ਸਾਨੂੰ ਝੋਨੇ ਦੀ ਪਰਾਲੀ ਦਾ ਪ੍ਰਬੰਧਨ ਕਰਨ ਲਈ ਬੇਲਰ ਨਹੀਂ ਮਿਲ ਰਹੇ। ਅਜਿਹੀ ਸਥਿਤੀ ਵਿੱਚ ਅਸੀਂ ਇਸ ਨੂੰ ਸਾੜਨ ਤੋਂ ਇਲਾਵਾ ਹੋਰ ਕੀ ਕਰ ਸਕਦੇ ਹਾਂ?”
ਨਾਮ ਨਾ ਦੱਸਣ ਦੀ ਸ਼ਰਤ ’ਤੇ ਇੱਕ ਪੁਲਿਸ ਅਧਿਕਾਰੀ ਨੇ ਕਿਹਾ, “ਸਥਿਤੀ ਕਾਬੂ ਹੇਠ ਹੈ ਅਤੇ ਬੁੱਧਵਾਰ ਦਾ ਮਾਮਲਾ ਆਪਸੀ ਸਹਿਮਤੀ ਨਾਲ ਹੱਲ ਕਰ ਲਿਆ ਗਿਆ।” ਇਸ ਦੌਰਾਨ ਸੰਗਰੂਰ ਦੇ ਡੀਐੱਸਪੀ ਸੁਖਦੇਵ ਸਿੰਘ ਟਿੱਪਣੀ ਲਈ ਉਪਲਬਧ ਨਹੀਂ ਸਨ। ਉਨ੍ਹਾਂ ਦੇ ਨਿੱਜੀ ਸਟਾਫ਼ ਦਾ ਕਹਿਣਾ ਸੀ ਕਿ ਉਹ ਮੀਟਿੰਗ ਵਿੱਚ ਰੁੱਝੇ ਹੋਏ ਸਨ।
ਹਾਲ ਹੀ ਦੇ ਦਿਨਾਂ ਵਿੱਚ ਕੁਝ ਹੋਰ ਜ਼ਿਲ੍ਹਿਆਂ ਤੋਂ ਵੀ ਕਿਸਾਨਾਂ ਵੱਲੋਂ ਪੁਲੀਸ ਨੂੰ ਘੇਰਨ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ।
