ਸੰਗਰੂਰ: ਸੀਵਰੇਜ ਸਮੱਸਿਆ ਨਾਲ ਜੂਝ ਰਹੇ ਨੇ ਲੋਕ
ਮੁੱਖ ਮੰਤਰੀ ਦੇ ਜੱਦੀ ਸ਼ਹਿਰ ਸੰਗਰੂਰ ਵਿੱਚ ਸੀਵਰੇਜ ਦੀ ਸਮੱਸਿਆ ਦਾ ਮਾਮਲਾ ਦਿਨੋਂ ਦਿਨ ਭਖਦਾ ਜਾ ਰਿਹਾ ਹੈ ਅਤੇ ਨਿੱਤ ਸੀਵਰੇਜ ਸਮੱਸਿਆ ਨਾਲ ਜੂਝ ਰਹੇ ਲੋਕਾਂ ਦਾ ਰੋਹ ਸਰਕਾਰ ਦੇ ਸਿਰ ਚੜ੍ਹ ਬੋਲ੍ਹ ਰਿਹਾ ਹੈ ਪਰ ਪਰਨਾਲਾ ਉਥੇ ਦਾ ਉਥੇ ਹੈ। ਸ਼ਹਿਰ ਦੀ ਸੀਵਰੇਜ ਸਮੱਸਿਆ ਦਾ ਹਾਲ ਹੁਣ ‘ਟੋਭੇ ’ਚ ਇੱਟ’ ਵਾਲੀ ਗੱਲ ਬਣ ਗਿਆ ਜਾਪਦਾ ਹੈ। ਸ਼ਹਿਰ ਦਾ ਉਹ ਕਿਹੜਾ ਵਾਰਡ ਜਾਂ ਏਰੀਆ ਹੈ ਜਿਥੇ ਸੀਵਰੇਜ ਸਮੱਸਿਆ ਦੀ ਗੂੰਜ ਨਾ ਪਈ ਹੋਵੇ।
ਸ਼ਹਿਰ ਦੀ ਕੌਲਾ ਪਾਰਕ ਮਾਰਕੀਟ ਵੀ ਸੀਵਰੇਜ ਸਮੱਸਿਆ ਨਾਲ ਜੂਝ ਰਹੀ ਹੈ। ਭਾਵੇਂ ਕਿ ਮੀਂਹ ਬੰਦ ਹੋਏ ਨੂੰ ਚਾਰ-ਪੰਜ ਦਿਨ ਬੀਤ ਚੁੱਕੇ ਹਨ ਪਰ ਮਾਰਕੀਟ ਵਿੱਚ ਦੁਕਾਨਾਂ ਅੱਗੇ ਸੀਵਰੇਜ ਦਾ ਗੰਦਾ ਪਾਣੀ ਖੜ੍ਹਾ ਹੈ। ਸਮੱਸਿਆ ਦਾ ਹੱਲ ਨਾ ਹੋਣ ’ਤੋਂ ਰੋਹ ਵਿੱਚ ਆਏ ਕੌਲਾ ਪਾਰਕ ਮਾਰਕੀਟ ਦੇ ਦੁਕਾਨਦਾਰਾਂ ਵਲੋਂ ਅੱਜ ਪੰਜਾਬ ਸਰਕਾਰ, ਪ੍ਰਸ਼ਾਸਨ, ਨਗਰ ਕੌਂਸਲ ਅਤੇ ਹਲਕਾ ਵਿਧਾਇਕ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਦੁਕਾਨਦਾਰਾਂ ਦੇ ਪ੍ਰਮੁੱਖ ਆਗੂਆਂ ਤਰਸਪਾਲ ਸਿੰਘ, ਹਿਮਾਂਸ਼ੂ ਗਾਬਾ, ਹਰਪ੍ਰੀਤ ਸਿੰਘ, ਗੁਰਦੀਪ ਸਿੰਘ, ਕਾਰਤਿਕ, ਅਕਸੈ ਕੁਮਾਰ, ਰਾਹੁਲ ਕੁਮਾਰ, ਜੱਗੀ, ਅਮਨਦੀਪ ਸਿੰਘ, ਸਵਰਨ ਸਿੰਘ ਆਦਿ ਨੇ ਕਿਹਾ ਕਿ ਸ਼ਹਿਰ ਦੀ ਕੌਲਾ ਪਾਰਕ ਮਾਰਕੀਟ ਨੂੰ ਸ਼ਹਿਰ ਦਾ ਦਿਲ ਆਖਿਆ ਜਾਂਦਾ ਹੈ ਪਰ ਹੁਣ ਤੱਕ ਇਹ ‘ਦਿਲ’ ਵੀ ਸਮੱਸਿਆਵਾਂ ’ਚ ਡੁੱਬਿਆ ਪਿਆ। ਜਦੋਂ ਮੀਂਹਾਂ ਦੇ ਦਿਨਾਂ ’ਚ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਦੁਕਾਨਾਂ ਦਸ-ਦਸ ਦਿਨ ਬੰਦ ਰਹਿਣ ਤਾਂ ਦੁਕਾਨਦਾਰ ਕਿਵੇਂ ਗੁਜ਼ਾਰਾ ਕਰਨਗੇ। ਥੋੜ੍ਹਾ ਜਿਹਾ ਮੀਂਹ ਪੈਣ ਕਾਰਨ ਮਾਰਕੀਟ ਦਾ ਸੀਵਰੇਜ ਜਾਮ ਹੋ ਜਾਂਦਾ ਹੈ ਅਤੇ ਪਾਣੀ ਦੀ ਨਿਕਾਸੀ ਦਾ ਕੋਈ ਹੱਲ ਨਹੀਂ। ਉਨ੍ਹਾਂ ਦੱਸਿਆ ਕਿ ਮਾਰਕੀਟ ਵਿੱਚ ਨਿਕਾਸੀ ਲਈ ਚਾਰ ਬੋਰ ਵੀ ਕੀਤੇ ਗਏ ਸਨ ਜਿਨ੍ਹਾਂ ’ਚ ਸ਼ਾਇਦ ਹੀ ਇੱਕ-ਅੱਧਾ ਖੁੱਲ੍ਹਾ ਹੋਵੇ। ਉਨ੍ਹਾਂ ਦੱਸਿਆ ਕਿ ਪਿਛਲੇ ਇੱਕ ਹਫਤੇ ਤੋਂ ਸੀਵਰੇਜ ਦਾ ਗੰਦਾ ਪਾਣੀ ਦੁਕਾਨਾਂ ਅੱਗੇ ਖੜ੍ਹਾ ਹੈ ਅਤੇ ਮੱਛਰ ਪੈਦਾ ਹੋ ਰਿਹਾ ਹੈ ਅਤੇ ਬੁਦਬੂ ਫੈਲ ਰਹੀ ਹੈ। ਅਜਿਹੇ ਮਾਹੌਲ ਵਿੱਚ ਕੋਈ ਗਾਹਕ ਦੁਕਾਨ ’ਤੇ ਨਹੀਂ ਆਉਂਦਾ ਅਤੇ ਉਨ੍ਹਾਂ ਦੇ ਕਾਰੋਬਾਰ ਠੱਪ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਪ੍ਰਸ਼ਾਸਨ, ਨਗਰ ਕੌਂਸਲ ਅਤੇ ਹਲਕਾ ਵਿਧਾਇਕ ਕੋਲ ਵੀ ਮਾਮਲਾ ਉਠਾ ਚੁੱਕੇ ਹਨ ਜਦੋਂ ਕਿ ਸਮੱਸਿਆਵਾਂ ਦਾ ਹੱਲ ਕਰਨਾ ਇਨ੍ਹਾਂ ਦਾ ਖੁਦ ਦਾ ਫਰਜ਼ ਬਣਦਾ ਹੈ। ਉਨ੍ਹਾਂ ਕਿਹਾ ਕਿ ਸੀ.ਐਮ.ਸਿਟੀ ਹੋਣ ਦੇ ਬਾਵਜੂਦ ਵਿਕਾਸ ਪੱਖੋਂ ਬੁਰਾ ਹਾਲ ਹੈ ਅਤੇ ਕੋਈ ਸੁਣਵਾਈ ਨਹੀਂ ਹੋ ਰਹੀ। ਨਗਰ ਕੌਂਸਲ ਚੋਣਾਂ ਤੋਂ ਬਾਅਦ ਨਵੀਂ ਕਮੇਟੀ ਬਣਨ ਤੋਂ ਬਾਅਦ ਸ਼ਹਿਰ ਵਾਸੀਆਂ ’ਚ ਉਮੀਦ ਜਾਗੀ ਸੀ ਕਿ ਹੁਣ ਸ਼ਹਿਰ ਦੀਆਂ ਸਮੱਸਿਆਵਾਂ ਤੋਂ ਨਿਜਾਤ ਮਿਲੇਗੀ ਪਰ ਨਿੱਤ ਦਿਨ ਦੀਆਂ ਸਮੱਸਿਆਵਾਂ ਨੇ ਸ਼ਹਿਰ ਵਾਸੀਆਂ ਦੀਆਂ ਉਮੀਦਾਂ ’ਤੇ ਪਾਣੀ ਫੇਰ ਦਿੱਤਾ ਹੈ। ਹਰ ਵਾਰਡ ’ਚੋਂ ਸਮੱਸਿਆ ਦੀ ਆਵਾਜ਼ ਬੁਲੰਦ ਹੋ ਰਹੀ ਹੈ। ਕੌਂਸਲਰਾਂ ਨੂੰ ਧਰਨੇ ਲਾਉਣੇ ਪੈ ਰਹੇ ਹਨ, ਨਗਰ ਕੌਂਸਲ ਦੇ ਮੀਤ ਪ੍ਰਧਾਨ ਨੇ ਤਾਂ ਅਹੁਦੇ ਤੋਂ ਅਸਤੀਫ਼ੇ ਦੀ ਧਮਕੀ ਦੇ ਦਿੱਤੀ ਸੀ।