ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸੰਗਰੂਰ: ਬਾਜ਼ਾਰਾਂ ’ਚ ਪਾਣੀ ਭਰਨ ਕਾਰਨ ਲੋਕ ਹਾਲੋਂ-ਬੇਹਾਲ

ਇੱਕ ਹਫ਼ਤੇ ਤੋਂ ਰੁਕ-ਰੁਕ ਲਗਾਤਾਰ ਪੈ ਰਹੇ ਮੀਂਹ ਨੇ ਸ਼ਹਿਰ ਦੇ ਸੀਵਰੇਜ ਸਿਸਟਮ ਦੀ ਪੋਲ ਖੋਲ੍ਹ ਦਿੱਤੀ ਹੈ। ਜਾਣਕਾਰੀ ਅਨੁਸਾਰ ਅੱਜ ਸੰਗਰੂਰ ਵਿੱਚ 141.0 ਐੱਮਐੱਮ ਮੀਂਹ ਪਿਆ। ਅੱਧੀ ਰਾਤ ਤੋਂ ਬਾਅਦ ਤੜਕੇ ਕਰੀਬ ਢਾਈ ਵਜੇ ਤੋਂ ਜ਼ੋਰਦਾਰ ਮੀਂਹ ਪਿਆ ਜੋ...
ਸੰਗਰੂਰ ਵਿੱਚ ਮੀਂਹ ਕਾਰਨ ਕੌਲਾ ਪਾਰਕ ਮਾਰਕੀਟ ਵਿੱਚ ਭਰਿਆ ਪਾਣੀ।
Advertisement

ਇੱਕ ਹਫ਼ਤੇ ਤੋਂ ਰੁਕ-ਰੁਕ ਲਗਾਤਾਰ ਪੈ ਰਹੇ ਮੀਂਹ ਨੇ ਸ਼ਹਿਰ ਦੇ ਸੀਵਰੇਜ ਸਿਸਟਮ ਦੀ ਪੋਲ ਖੋਲ੍ਹ ਦਿੱਤੀ ਹੈ। ਜਾਣਕਾਰੀ ਅਨੁਸਾਰ ਅੱਜ ਸੰਗਰੂਰ ਵਿੱਚ 141.0 ਐੱਮਐੱਮ ਮੀਂਹ ਪਿਆ। ਅੱਧੀ ਰਾਤ ਤੋਂ ਬਾਅਦ ਤੜਕੇ ਕਰੀਬ ਢਾਈ ਵਜੇ ਤੋਂ ਜ਼ੋਰਦਾਰ ਮੀਂਹ ਪਿਆ ਜੋ ਕਿ ਸਵੇਰ ਤੱਕ ਜਾਰੀ ਰਿਹਾ। ਮੀਂਹ ਕਾਰਨ ਸਮੁੱਚਾ ਸ਼ਹਿਰ ਜਲਥਲ ਹੋ ਗਿਆ। ਇਸ ਦੌਰਾਨ ਸ਼ਹਿਰ ਦੇ ਬੱਸ ਸਟੈਂਡ ਨਜ਼ਦੀਕ ਧੂਰੀ ਗੇਟ ਬਾਜ਼ਾਰ, ਸੁਨਾਮੀ ਗੇਟ ਬਾਜ਼ਾਰ, ਕਚਿਹਰੀ ਰੋਡ, ਪ੍ਰਸ਼ਾਸਨਿਕ ਅਧਿਕਾਰੀਆਂ ਦੀ ਰਿਹਾਇਸ਼ ਵਾਲਾ ਖੇਤਰ ਸਰਕਾਰੀ ਰਣਬੀਰ ਕਲੱਬ, ਸ਼ਹਿਰ ਦੀ ਕੌਲਾ ਪਾਰਕ ਮਾਰਕੀਟ, ਐੱਸਡੀਐੱਮ ਕੰਪਲੈਕਸ, ਸਿਵਲ ਹਸਪਤਾਲ ਕੰਪਲੈਕਸ ਅਤੇ ਹੋਮੀ ਭਾਭਾ ਕੈਂਸਰ ਹਸਪਤਾਲ ਕੰਪਲੈਕਸ ਵਿਚ ਪਾਣੀ ਭਰ ਗਿਆ ਅਤੇ ਲੋਕਾਂ ਨੂੰ ਭਾਰੀ ਸਮੱਸਿਆਵਾਂ ਨਾਲ ਜੂਝਣਾ ਪਿਆ। ਸ਼ਹਿਰ ਦਾ ਸੀਵਰੇਜ ਸਿਸਟਮ ਕਾਫ਼ੀ ਪੁਰਾਣਾ ਹੋ ਚੁੱਕਿਆ ਹੈ ਜਿਸ ਦੀ ਚਾਲ ਬੇਹੱਦ ਮੱਠੀ ਹੈ ਜੋ ਕਿ ਪਾਣੀ ਦੀ ਨਿਕਾਸੀ ਦੇ ਸਮਰੱਥ ਨਜ਼ਰ ਨਹੀਂ ਆ ਰਹੀ। ਭਾਵੇਂ ਅੱਜ ਦਿਨ ਵੇਲੇ ਮੀਂਹ ਤੋਂ ਬਚਾਅ ਰਿਹਾ ਅਤੇ ਕੁੱਝ ਸਮੇਂ ਲਈ ਸੂਰਜ ਦੇਵਤਾ ਵੀ ਨਜ਼ਰ ਆਏ ਪਰ ਲਗਾਤਾਰ ਬੱਦਲਾਂ ਦੀ ਆਮਦ ਬਰਕਰਾਰ ਹੈ ਅਤੇ ਮੀਂਹ ਦੀ ਲਗਾਤਾਰ ਸੰਭਾਵਨਾ ਹੈ। ਜਾਣਕਾਰੀ ਅਨੁਸਾਰ ਅੱਜ ਸੰਗਰੂਰ ’ਚ 141.0 ਐੱਮ.ਐੱਮ, ਸੁਨਾਮ ’ਚ 72.5 ਐੱਮ.ਐੱਮ, ਦਿੜਬਾ ’ਚ 59.0 ਐੱਮ.ਐੱਮ, ਲਹਿਰਾ ’ਚ 40.0 ਐੱਮ.ਐੱਮ, ਮੂਨਕ ’ਚ 49.0 ਐੱਮ.ਐੱਮ, ਧੂਰੀ ’ਚ 120.4 ਐੱਮ.ਐੱਮ ਮੀਂਹ ਪਿਆ। ਜ਼ਿਲ੍ਹਾ ਸੰਗਰੂਰ ਵਿਚ ਔਸਤਨ 81.843 ਐੱਮ.ਐੱਮ ਮੀਂਹ ਦਰਜ ਕੀਤਾ ਗਿਆ ਹੈ।

ਭਵਾਨੀਗੜ੍ਹ (ਮੇਜਰ ਸਿੰਘ ਮੱਟਰਾਂ): ਕਈ ਦਿਨਾਂ ਤੋਂ ਲਗਾਤਾਰ ਪੈ ਰਹੇ ਭਾਰੀ ਮੀਂਹ ਕਾਰਨ ਖੇਤਾਂ ਦਾ ਪਾਣੀ ਭਵਾਨੀਗੜ੍ਹ ਸ਼ਹਿਰ ਦੇ ਰਿਹਾਇਸ਼ੀ ਇਲਾਕਿਆਂ ਤੱਕ ਪਹੁੰਚ ਗਿਆ ਹੈ। ਭਾਰੀ ਮੀਂਹ ਪੈਣ ਕਾਰਨ ਪਿੰਡ ਆਲੋਅਰਖ ਅਤੇ ਭਵਾਨੀਗੜ੍ਹ ਦੇ ਖੇਤਾਂ ਵਿੱਚ ਪਾਣੀ ਓਵਰਫਲੋਅ ਹੋ ਕੇ ਕਾਕੜਾ ਰੋਡ ਸਥਿਤ ਕਲੋਨੀਆਂ ਦੇ ਘਰਾਂ ਤੱਕ ਪਹੁੰਚ ਗਿਆ ਹੈ। ਇੱਥੇ ਗੁਰੂ ਤੇਗ ਬਹਾਦਰ ਕਾਲਜ ਅਤੇ ਸਟੇਡੀਅਮ ਦੀਆਂ ਕੰਧਾਂ ਸਮੇਤ ਅੱਖਾਂ ਦੇ ਇਲਾਜ ਵਾਲੇ ਹਸਪਤਾਲ ਅਤੇ ਘਰਾਂ ਦੀਆਂ ਕੰਧਾਂ ਨਾਲ ਟਕਰਾ ਕੇ ਭਾਰੀ ਮਾਤਰਾ ਵਿੱਚ ਪਾਣੀ ਖੜ੍ਹ ਗਿਆ ਹੈ। ਇਸ ਪਾਣੀ ਕਾਰਣ ਸਟੇਡੀਅਮ ਦੀ ਕੰਧ ਅਤੇ ਹਸਪਤਾਲ ਦੀ ਬਾਹਰਲੀ ਕੰਧ ਡਿੱਗ ਪਈ ਹੈ। ਜੇਕਰ ਮੀਂਹ ਦਾ ਪ੍ਰਕੋਪ ਜ਼ਾਰੀ ਰਿਹਾ ਤਾਂ ਇਹ ਪਾਣੀ ਰਿਹਾਇਸ਼ੀ ਘਰਾਂ ਵਿੱਚ ਦਾਖਲ ਵੀ ਹੋ ਸਕਦਾ। ਮੀਂਹ ਦੇ ਪਾਣੀ ਨਾਲ ਕਿਸਾਨਾਂ ਦੀ ਕਈ ਏਕੜ ਝੋਨੇ ਦੀ ਫ਼ਸਲ ਦਾ ਵੀ ਨੁਕਸਾਨ ਹੋ ਗਿਆ ਹੈ। ਕਿਸਾਨ ਸਿਮਰਜੀਤ ਸਿੰਘ ਵੜਿੰਗ, ਭਰਪੂਰ ਸਿੰਘ ਅਤੇ ਗੁਰਤੇਜ ਸਿੰਘ ਨੇ ਪ੍ਰਸ਼ਾਸਨ ਤੋਂ ਪਾਣੀ ਦੇ ਨਿਕਾਸ ਦੀ ਮੰਗ ਕੀਤੀ ਹੈ।

Advertisement

ਅਸਮਾਨੀ ਬਿਜਲੀ ਡਿੱਗਣ ਕਾਰਨ ਸ਼ੀਸ਼ ਮਹਿਲ ਦਾ ਸ਼ਾਹੀ ਮੀਨਾਰ ਢਹਿ-ਢੇਰੀ

ਮਾਲੇਰਕੋਟਲਾ (ਪਰਮਜੀਤ ਸਿੰਘ ਕੁਠਾਲਾ): ਇੱਥੇ ਅੱਜ ਮੀਂਹ ਦੌਰਾਨ ਡਿੱਗੀ ਅਸਮਾਨੀ ਬਿਜਲੀ ਕਾਰਨ ਮਾਲੇਰਕੋਟਲਾ ਰਿਆਸਤ ਦੇ ਨਵਾਬੀ ਸ਼ੀਸ਼ ਮਹਿਲ ਦਾ ਇੱਕ ਮੀਨਾਰ ਢਹਿ-ਢੇਰੀ ਹੋ ਗਿਆ। ਇਹ ਸ਼ੀਸ਼ ਮਹਿਲ ਰਿਆਸਤ ਦੇ ਆਖਰੀ ਨਵਾਬ ਇਫਤਖਾਰ ਅਲੀ ਖਾਨ ਦੀ ਸਭ ਤੋਂ ਛੋਟੀ ਬੇਗਮ ਸ੍ਰੀ ਮਤੀ ਸਾਜਿਦਾ ਬੇਗਮ ਦੇ 30 ਜੁਲਾਈ 2006 ਨੂੰ ਦਿਹਾਂਤ ਤੋਂ ਬਾਅਦ ਬੇਸ਼ੱਕ ਨਵਾਬੀ ਸ਼ਾਨੋ ਸ਼ੌਕਤ ਅਤੇ ਵਜੂਦ ਗੁਆ ਚੁੱਕਿਆ ਹੈ ਪ੍ਰੰਤੂ ਕਈ ਮੀਲ ਦੂਰੋਂ ਦਿਖਾਈ ਦਿੰਦੇ ਮਹਿਲ ਦੇ ਦੋਵੇਂ ਕੋਨਿਆਂ ’ਤੇ ਬਣੇ ਗਗਨਚੁੰਬੀ ਦੋ ਵਰਗਾਕਾਰ ਮੀਨਾਰ ਬਿਖਰ ਚੁੱਕੀ ਨਵਾਬੀ ਰਿਆਸਤ ਦੀ ਯਾਦ ਤਾਜ਼ਾ ਕਰਦੇ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਕਰੀਬ ਢਾਈ ਕੁ ਵਜੇ ਭਾਰੀ ਮੀਂਹ ਦੌਰਾਨ ਅਸਮਾਨੀ ਬਿਜਲੀ ਡਿੱਗਣ ਦੀ ਜ਼ੋਰਦਾਰ ਕੜਕਦੀ ਆਵਾਜ਼ ਇਲਾਕੇ ਅੰਦਰ ਸੁਣਾਈ ਦਿੱਤੀ। ਲੋਕਾਂ ਨੂੰ ਸਵੇਰੇ ਪਤਾ ਲੱਗਿਆ ਕਿ ਬਿਜਲੀ ਡਿੱਗਣ ਨਾਲ ਸ਼ੀਸ਼ ਮਹਿਲ ਦਾ ਇੱਕ ਮੀਨਾਰ ਢਹਿ ਢੇਰੀ ਹੋ ਗਿਆ ਹੈ।

ਸੰਗਰੂਰ ’ਚ ਮੀਂਹ ਕਾਰਨ ਦੋ ਮਕਾਨ ਡਿੱਗੇ

ਸੰਗਰੂਰ (ਨਿੱਜੀ ਪੱਤਰ ਪ੍ਰੇਰਕ): ਭਾਰੀ ਮੀਂਹ ਕਾਰਨ ਮਕਾਨਾਂ ਦੇ ਨੁਕਸਾਨ ਹੋਣ ਦਾ ਸਿਲਸਲਾ ਜਾਰੀ ਹੈ। ਤੇਜ਼ ਮੀਂਹ ਕਾਰਨ ਅੱਜ ਸ਼ਹਿਰ ਵਿਚ ਦੋ ਮਕਾਨ ਢਹਿ ਢੇਰੀ ਹੋ ਗਏ ਜਿਸ ਕਾਰਨ ਪਰਿਵਾਰਾਂ ਦਾ ਮਾਲੀ ਨੁਕਸਾਨ ਹੋਇਆ ਹੈ ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਸ਼ਹਿਰ ਦੇ ਵਾਰਡ ਨੰਬਰ 28 ਅਧੀਨ ਪੈਂਦੀ ਰਾਮ ਬਸਤੀ ਵਿਚ ਦੀ ਗਲੀ ਨੰਬਰ 8 ਵਿਚ ਇੱਕ ਵਿਅਕਤੀ ਕੁਲਵੀਰ ਸ਼ਰਮਾ ਦਾ ਮਕਾਨ ਢਹਿ ਗਿਆ। ਵਾਰਡ ਦੇ ਨਗਰ ਕੌਂਸਲਰ ਸਤਿੰਦਰ ਸੈਣੀ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮਕਾਨ ਮਾਲਕ ਨੂੰ ਹੋਏ ਨੁਕਸਾਨ ਦਾ ਮੂਆਵਜ਼ਾ ਦਿੱਤਾ ਜਾਵੇ। ਉਨ੍ਹਾਂ ਪੀੜਤ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸਮਾਜ ਸੇਵੀ ਸੰਸਥਾ ਨੋਬਲ ਹੈਲਪਿੰਗ ਐਂਡ ਫਾਊਂਡੇਸ਼ਨ ਗਰੀਬ ਵਿਅਕਤੀ ਦਾ ਢਹਿ ਗਿਆ ਮਕਾਨ ਦੁਬਾਰਾ ਬਣਾ ਦੇ ਦੇਵੇਗੀ। ਇਸ ਤੋਂ ਇਲਾਵਾ ਸ਼ਹਿਰ ਦੇ ਵਾਰਡ ਨੰਬਰ 16 ’ਚ ਡਾ. ਅੰਬੇਡਕਰ ਨਗਰ ਵਿਚ ਇੱਕ ਅਤਿ ਗਰੀਬ ਪਰਿਵਾਰ ਦੇ ਮਕਾਨ ਦਾ ਇੱਕ ਕਮਰਾ ਢਹਿ ਗਿਆ ਹੈ।

Advertisement
Show comments