ਬੁਨਿਆਦੀ ਸਹੂਲਤਾਂ ਦੀ ਘਾਟ ਨਾਲ ਜੂਝ ਰਿਹਾ ਹੈ ਸੰਗਰੂਰ
ਮੁੱਖ ਮੰਤਰੀ ਪੰਜਾਬ ਦਾ ਸ਼ਹਿਰ ਸੰਗਰੂਰ ਵੈਂਟੀਲੇਟਰ ’ਤੇ ਹੈ। ਸ਼ਹਿਰੀ ਵਿਵਸਥਾ ਢਹਿ ਢੇਰੀ ਹੋ ਗਈ ਹੈ। ਸ਼ਹਿਰ ਵਾਸੀ ਨਿੱਤ ਦਿਨ ਕਈ ਸਮੱਸਿਆਵਾਂ ਨਾਲ ਜੂਝ ਰਹੇ ਹਨ। ਸ਼ਹਿਰ ਦੇ ਕਈ ਪਤਵੰਤਿਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸ਼ਹਿਰ ਦੇ ਅਜਿਹੇ ਹਾਲਾਤਾਂ ਤੋਂ ਨਿਜਾਤ ਦਿਵਾਉਣ ਲਈ ਪੱਤਰ ਵੀ ਲਿਖਿਆ ਹੈ। ਅੱਜ ਸਥਾਨਕ ਕੇ.ਟੀ. ਰਾਇਲ ਵਿੱਚ ਬੁਲਾਈ ਪ੍ਰੈੱਸ ਕਾਨਫਰੰਸ ਦੌਰਾਨ ਵਾਤਾਵਰਨ ਪ੍ਰੇਮੀ ਜਸਇੰਦਰ ਕੌਰ ਸੇਖੋਂ, ਕੈਪਟਨ ਹਰਬਿੰਦਰ ਸਿੰਘ ਸੇਖੋਂ, ਐਡਵੋਕੇਟ ਰਣਜੀਤ ਸਿੰਘ ਮੌੜ, ਸਮਾਜ ਸੇਵੀ ਤੇ ਨਗਰ ਕੌਂਸਲਰ ਸਤਿੰਦਰ ਸੈਣੀ ਆਦਿ ਨੇ ਕਿਹਾ ਕਿ ਸ਼ਹਿਰ ਵਿਚ ਨਾਜਾਇਜ਼ ਕਬਜ਼ਿਆਂ ਦੀ ਭਰਮਾਰ ਹੈ। ਸ਼ਹਿਰ ਦਾ ਸੀਵਰੇਜ ਸਿਸਟਮ ਮਾੜੇ ਹਾਲਾਤ ਵਿੱਚ ਹੈ। ਇਨ੍ਹਾਂ ਆਗੂਆਂ ਨੇ ਕਿਹਾ ਕਿ ਸੰਗਰੂਰ ਸ਼ਹਿਰ ਦੇ ਅਜਿਹੇ ਹਾਲਾਤ ਤੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਾਣੂ ਕਰਾਉਣਾ ਚਾਹੁੰਦੇ ਹਨ। ਜੈਸਇੰਦਰ ਕੌਰ ਸੇਖੋਂ ਨੇ ਕਿਹਾ ਕਿ ਪਿਛਲੇ ਚਾਰ ਸਾਲ ਦੀ ਕਾਰਗੁਜ਼ਾਰੀ ਮਾੜੀ ਹੈ। ਸ਼ਹਿਰ ਦੇ ਵਿਕਾਸ ਲਈ ਜ਼ਿੰਮੇਵਾਰ ਨਗਰ ਕੌਂਸਲ ਵਿਚ ਅਧਿਕਾਰੀਆਂ ਦੇ ਤਬਾਦਲੇ ਹਫ਼ਤਿਆਂ ਦੇ ਅੰਦਰ-ਅੰਦਰ ਹੋ ਜਾਂਦੇ ਹਨ। ਇਸ ਨੇ ਨਗਰ ਕੌਂਸਲ ਦੇ ਕੰਮਕਾਜ ਨੂੰ ਅਧਰੰਗੀ ਬਣਾ ਦਿੱਤਾ ਹੈ। ਸੰਗਰੂਰ ਵਿੱਚ ਇੱਕ ਸਥਿਰ, ਯੋਗ ਅਤੇ ਇਮਾਨਦਾਰ ਈਓ ਕਿਉਂ ਨਹੀਂ ਹੋ ਸਕਦਾ। ਤਕਨੀਕੀ ਸਟਾਫ਼ ਦੀਆਂ ਖਾਲੀ ਅਸਾਮੀਆਂ ਵੀ ਖਾਲੀ ਹਨ, ਜਿਸ ਨਾਲ ਸੰਕਟ ਹੋਰ ਵੀ ਵਧਦਾ ਜਾ ਰਿਹਾ ਹੈ। ਉਨ੍ਹਾਂ ਮੁੱਖ ਮੰਤਰੀ ਪੰਜਾਬ ਤੋਂ ਮੰਗ ਕੀਤੀ ਕਿ ਸ਼ਹਿਰ ਦੇ ਪਤਵੰਤਿਆਂ ਨੂੰ ਮੀਟਿੰਗ ਲਈ ਸਮਾਂ ਦਿੱਤਾ ਜਾਵੇ ਅਤੇ ਸ਼ਹਿਰ ਨੂੰ ਮਾੜੇ ਹਾਲਾਤ ਤੋਂ ਨਿਜਾਤ ਦਿਵਾ ਕੇ ਮੁਕੰਮਲ ਵਿਕਾਸ ਕਰਵਾਇਆ ਜਾਵੇ।