ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸੰਗਰੂਰ: ਧਾਨਕ ਬਸਤੀ ਵਿੱਚ ਕੂੜਾ ਡੰਪ ਦਾ ਮਾਮਲਾ ਭਖਿਆ

ਅਨੁਸੂਚਿਤ ਜਾਤੀ ਕਮਿਸ਼ਨ ਦੇ ਮੈਂਬਰ ਵੱਲੋਂ ਬਸਤੀ ਦਾ ਦੌਰਾ; ਲੋਕਾਂ ਨੇ ਗੁਲਜ਼ਾਰ ਬੌਬੀ ਨੂੰ ਸਮੱਸਿਆਵਾਂ ਦੱਸੀਆਂ
ਸੰਗਰੂਰ ’ਚ ਧਾਨਕ ਬਸਤੀ ਦਾ ਦੌਰਾ ਕਰਦੇ ਹੋਏ ਗੁਲਜ਼ਾਰ ਸਿੰਘ ਬੌਬੀ।
Advertisement

ਸ਼ਹਿਰ ਦੇ ਵਾਰਡ ਨੰਬਰ-11 ਅਧੀਨ ਪੈਂਦੀ ਧਾਨਕ ਬਸਤੀ ਦੇ ਸੰਤ ਬਾਬਾ ਕਬੀਰ ਦਾਸ ਪਾਰਕ ਨੇੜੇ ਨਗਰ ਕੌਂਸਲ ਵਲੋਂ ਬਣਾਏ ਕੂੜੇ ਦੇ ਡੰਪ ਦਾ ਮਸਲਾ ਪੂਰੀ ਤਰ੍ਹਾਂ ਗਰਮਾ ਗਿਆ ਹੈ। ਸ਼ਿਕਾਇਤ ਮਿਲਣ ਤੋਂ ਬਾਅਦ ਪੰਜਾਬ ਅਨੁਸੂਚਿਤ ਜਾਤੀ ਕਮਿਸ਼ਨ ਦੇ ਮੈਂਬਰ ਗੁਲਜ਼ਾਰ ਸਿੰਘ ਬੌਬੀ ਵਲੋਂ ਅੱਜ ਸਬੰਧਤ ਪਾਰਕ ਅਤੇ ਧਾਨਕ ਬਸਤੀ ਦਾ ਦੌਰਾ ਕੀਤਾ ਗਿਆ। ਧਾਨਕ ਬਸਤੀ ਦੇ ਵਸਨੀਕਾਂ ਵੱਲੋਂ ਪੰਜਾਬ ਐੱਸ.ਸੀ. ਕਮਿਸ਼ਨ ਦੇ ਮੈਂਬਰ ਗੁਲਜ਼ਾਰ ਸਿੰਘ ਬੌਬੀ ਅੱਗੇ ਆਪਣੇ ਦੁੱਖੜੇ ਸੁਣਾਏ ਅਤੇ ਕੂੜੇ ਦੇ ਡੰਪ ਕਾਰਨ ਆ ਰਹੀਆਂ ਪ੍ਰੇਸ਼ਾਨੀਆਂ ਤੋਂ ਜਾਣੂ ਕਰਵਾਇਆ। ਬਸਤੀ ਦੇ ਵਸਨੀਕਾਂ ਨੇ ਦੱਸਿਆ ਕਿ ਕੂੜੇ ਦੇ ਡੰਪ ਕਾਰਨ ਉਨ੍ਹਾਂ ਦਾ ਜਿਊਣਾ ਦੁੱਭਰ ਹੋ ਗਿਆ ਹੈ। ਘਰਾਂ ਅੰਦਰ ਮੱਖੀ ਮੱਛਰਾਂ ਦੀ ਹਰ ਵੇਲੇ ਭਰਮਾਰ ਰਹਿੰਦੀ ਹੈ। ਕੂੜੇ ਦੀ ਬੁਦਬੂ ਫੈਲਣ ਕਾਰਨ ਦੋ ਵਕਤ ਦੀ ਰੋਟੀ ਖਾਣੀ ਵੀ ਮੁਸ਼ਕਲ ਹੋ ਗਈ ਹੈ। ਡੰਪ ਕਾਰਨ ਹਰ ਵੇਲੇ ਅਵਾਰਾ ਕੁੱਤੇ ਅਤੇ ਪਸ਼ੂ ਵੀ ਬਸਤੀ ਵਿੱਚ ਘੁੰਮਦੇ ਰਹਿੰਦੇ ਹਨ ਜਿਸ ਕਾਰਨ ਬੱਚਿਆਂ ਨੂੰ ਸਕੂਲ ਆਉਣ ਜਾਣ ਵਿੱਚ ਵੀ ਭਾਰੀ ਔਕੜਾਂ ਆਉਂਦੀਆਂ ਹਨ ਅਤੇ ਖੂੰਖਾਰ ਕੁੱਤਿਆਂ ਕਾਰਨ ਬਸਤੀ ਵਾਸੀ ਹਰ ਸਮੇਂ ਸਹਿਮ ਵਿੱਚ ਰਹਿੰਦੇ ਹਨ। ਵਾਰਡ ਦੇ ਵਸਨੀਕ ਕਮਲ ਮਨਚੰਦਾ, ਗਿਆਨ ਸਿੰਘ ਅਤੇ ਕਾਂਤਾ ਦੇਵੀ ਨੇ ਦੱਸਿਆ ਕਿ ਇੱਥੇ ਕਾਲੇ ਪੀਲੀਏ, ਡੇਂਗੂ, ਮਲੇਰੀਆ ਟਾਈਫੈਡ ਅਤੇ ਜਿਗਰ ਦੀਆਂ ਭਿਆਨਕ ਬਿਮਾਰੀਆਂ ਨਾਲ ਜੂਝਦੇ ਲੋਕ ਆਮ ਹੀ ਹਨ ਪਰ ਇਸ ਦੇ ਬਾਵਜੂਦ ਕੌਂਸਲ ਨੇ ਉਨ੍ਹਾਂ ਦੀਆਂ ਤਕਲੀਫਾਂ ਵੱਲ ਧਿਆਨ ਦੇਣਾ ਜ਼ਰੂਰੀ ਨਹੀਂ ਸਮਝਿਆ। ਉਨ੍ਹਾਂ ਕਿਹਾ ਕਿ ਸੰਤ ਕਬੀਰ ਦਾਸ ਪਾਰਕ ਨਜ਼ਦੀਕ ਕੂੜੇ ਦਾ ਡੰਪ ਬਣਾ ਕੇ ਸਾਡੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ। ਉਨ੍ਹਾਂ ਮੰਗ ਕੀਤੀ ਕਿ ਜਲਦ ਕੂੜੇ ਦਾ ਡੰਪ ਹਟਵਾਇਆ ਜਾਵੇ। ਪੰਜਾਬ ਐੱਸਸੀ ਕਮਿਸ਼ਨ ਦੇ ਮੈਂਬਰ ਗੁਲਜ਼ਾਰ ਸਿੰਘ ਬੌਬੀ ਨੇ ਕਿਹਾ ਕਿ ਕੂੜੇ ਦਾ ਡੰਪ ਦਲਿਤ ਭਾਈਚਾਰੇ ਦੀਆਂ ਭਾਵਨਾਵਾਂ ਦੇ ਨਾਲ ਨਾਲ ਮਨੁੱਖੀ ਹਕੂਮਾਂ ਦਾ ਵੀ ਘਾਣ ਹੈ। ਉਨ੍ਹਾਂ ਦਲਿਤ ਭਾਈਚਾਰੇ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਦਾ ਗੰਭੀਰ ਨੋਟਿਸ ਲਿਆ ਅਤੇ ਭਰੋਸਾ ਦਿਵਾਇਆ ਕਿ ਜਲਦ ਇਸ ਸਮੱਸਿਆ ਦਾ ਹੱਲ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਭਾਰਤੀ ਅੰਬੇਡਕਰ ਮਿਸ਼ਨ ਦੇ ਕੌਮੀ ਪ੍ਰਧਾਨ ਦਰਸ਼ਨ ਸਿੰਘ ਕਾਂਗੜਾ ਅਤੇ ਬਸਤੀ ਦੇ ਲੋਕਾਂ ਨੇ ਪੰਜਾਬ ਐੱਸਸੀ ਕਮਿਸ਼ਨ ਮੈਂਬਰ ਗੁਲਜ਼ਾਰ ਸਿੰਘ ਬੌਬੀ ਨੂੰ ਸ਼ਿਕਾਇਤ ਸੌਂਪਦਿਆਂ ਮੰਗ ਕੀਤੀ ਸੀ ਕਿ ਤੁਰੰਤ ਕੂੜੇੇ ਦਾ ਡੰਪ ਹਟਾਇਆ ਜਾਵੇ ਅਤੇ ਕੂੜੇ ਦਾ ਡੰਪ ਬਣਾਉਣ ਵਾਲੇ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।

Advertisement
Advertisement