ਸੰਗਰੂਰ ਪ੍ਰਸ਼ਾਸਨ ਵੱਲੋਂ ਪਿਛਲੇ ਸੀਜ਼ਨ ’ਚ ਸਭ ਤੋਂ ਵੱਧ ਪਰਾਲੀ ਸਾੜਨ ਵਾਲੇ 25 ਪਿੰਡਾਂ ਦੀ ਪਛਾਣ
ਡਿਪਟੀ ਕਮਿਸ਼ਨਰ ਰਾਹੁਲ ਚਾਬਾ ਨੇ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਵਿੱਚ ਪਿਛਲੇ ਸੀਜ਼ਨ ਵਿੱਚ ਪਿੰਡ ਛਾਜਲੀ ਵਿੱਚ ਸਭ ਤੋਂ ਵੱਧ 44 ਅੱਗਾਂ ਲੱਗੀਆਂ ਸਨ, ਜਦਕਿ ਪਿੰਡ ਲੋਂਗੋਵਾਲ ਵਿੱਚ 41, ਪਿੰਡ ਸ਼ੇਰੋਂ ਵਿੱਚ 32, ਸੁਨਾਮ ਵਿੱਚ 28, ਘਰਾਚੋਂ ਵਿੱਚ 25 , ਭਵਾਨੀਗੜ੍ਹ ਵਿੱਚ 22, ਬਾਲੀਆਂ ਵਿੱਚ 21, ਮੰਡਵੀ ਵਿੱਚ 21, ਚੱਠਾ ਨਨਹੇੜਾ ਵਿੱਚ 19, ਬੱਲਰਾਂ ਵਿੱਚ 18, ਚੀਮਾ ਵਿੱਚ 17, ਗੋਬਿੰਦਗੜ੍ਹ ਜੇਜੀਆਂ ਵਿੱਚ 17, ਖਡਿਆਲ ਵਿੱਚ 17, ਲਹਿਲ ਕਲਾਂ ਵਿੱਚ 15, ਉਭਾਵਾਲ ਵਿੱਚ 15, ਬੰਗਾਂ ਵਿੱਚ 14, ਭੁਟਾਲ ਕਲਾਂ ਵਿੱਚ 14, ਗੱਗੜਪੁਰ ਵਿੱਚ 14, ਮੂਣਕ ਵਿੱਚ 14, ਫ਼ਤਹਿਗੜ੍ਹ ਵਿੱਚ 13, ਹਰਿਆਊ ਵਿੱਚ 13 ਲੱਡੀ ਵਿੱਚ 13, ਝੁਨੇੜੀ ਵਿੱਚ 12, ਮਕਰੋੜ ਸਾਹਿਬ ਵਿੱਚ 12 ਅਤੇ ਨਮੋਲ ਵਿੱਚ 12 ਅੱਗਾਂ ਲੱਗਣ ਦੀਆਂ ਘਟਨਾਵਾਂ ਰਿਪੋਰਟ ਹੋਈਆਂ ਸਨ। ਉਨ੍ਹਾਂ ਕਿਹਾ ਕਿ ਜਿਹੜੇ ਵੀ ਪਿੰਡਾਂ ਵਿੱਚ ਇਹ ਘਟਨਾਵਾਂ ਸਾਹਮਣੇ ਆਈਆਂ ਸਨ ਉਨ੍ਹਾਂ ਪਿੰਡਾਂ ਵਿੱਚ ਖੇਤੀ ਮਸ਼ੀਨਰੀ ਦੀ ਵੀ ਕੋਈ ਕਮੀ ਨਹੀਂ ਸੀ। ਡਿਪਟੀ ਕਮਿਸ਼ਨਰ ਨੇ ਸਪੱਸ਼ਟ ਕੀਤਾ ਕਿ ਮਾਨਯੋਗ ਸੁਪਰੀਮ ਕੋਰਟ ਅਤੇ ਕੇਂਦਰੀ ਗਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਦੀ ਪਾਲਣਾ ਵਿੱਚ ਇਸ ਵਾਰ ਪਰਾਲੀ ਨੂੰ ਬਿਲਕੁਲ ਵੀ ਅੱਗ ਨਹੀਂ ਲੱਗਣ ਦਿੱਤੀ ਜਾਵੇਗੀ, ਜੋ ਵੀ ਕਿਸਾਨ ਜਾਂ ਆਮ ਵਿਅਕਤੀ ਹੁਕਮਾਂ ਦੀ ਉਲੰਘਣਾ ਕਰੇਗਾ, ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਪਰਾਲੀ ਨੂੰ ਅੱਗ ਲਾਉਣ ਤੋਂ ਰੋਕਣ ਲਈ ਜ਼ਿਲ੍ਹੇ ਵਿੱਚ 69 ਕਲੱਸਟਰ ਅਫ਼ਸਰ ਅਤੇ 453 ਨੋਡਲ ਅਫ਼ਸਰ ਨਿਯੁਕਤ ਕਰ ਦਿੱਤੇ ਹਨ। ਕਲੱਸਟਰ ਅਫ਼ਸਰ ਅਤੇ ਨੋਡਲ ਅਫ਼ਸਰ ਸਰਕਾਰੀ ਹਦਾਇਤਾਂ ਅਨੁਸਾਰ ਕਾਰਵਾਈ ਕਰਨ ਨੂੰ ਯਕੀਨੀ ਬਣਾਉਣਗੇ। ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਅਧਿਕਾਰੀਆਂ ਨੂੰ ਸਹਿਯੋਗ ਕਰਨ ਅਤੇ ਕਿਸੇ ਵੀ ਕਾਨੂੰਨੀ ਕਾਰਵਾਈ ਤੋਂ ਬਚਣ ਲਈ ਝੋਨੇ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਤੋਂ ਗੁਰੇਜ਼ ਕਰਨ।
ਸੰਗਰੂਰ ਜ਼ਿਲ੍ਹੇ ’ਚ ਪਿਛਲੇ ਸੀਜ਼ਨ ਦੌਰਾਨ ਝੋਨੇ ਦੇ ਖੇਤ ਨੂੰ ਲਗਾਈ ਅੱਗ ਦੀ ਪੁਰਾਣੀ ਤਸਵੀਰ।