ਸਾਹਿਤ ਸਦਨ ਵੱਲੋਂ ਡੀ ਸੀ ਦਫ਼ਤਰ ਤੱਕ ਮਾਰਚ
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸੈਨੇਟ ਅਤੇ ਸਿੰਡੀਕੇਟ ਭੰਗ ਕਰਨ ਦੇ ਰੋਸ ਵਜੋਂ ਅੱਜ ਸਾਹਿਤ ਸਦਨ ਸੰਗਰੂਰ ਵਲੋਂ ਸਥਾਨਕ ਸਰਕਾਰੀ ਰਣਬੀਰ ਕਾਲਜ ਤੋਂ ਡਿਪਟੀ ਕਮਿਸ਼ਨਰ ਦਫ਼ਤਰ ਤੱਕ ਰੋਸ ਮਾਰਚ ਕੱਢਕੇ ਜ਼ਿਲ੍ਹਾ ਵਧੀਕ ਡਿਪਟੀ ਕਮਿਸ਼ਨਰ ਨੂੰ ਰਾਜਪਾਲ ਪੰਜਾਬ ਦੇ ਨਾਂ ਰੋਸ ਪੱਤਰ ਦਿੱਤਾ।
ਇਸ ਤੋਂ ਪਹਿਲਾਂ ਕਾਲਜ ਵਿਚ ਸਾਹਿਤ ਸਦਨ ਸੰਗਰੂਰ ਦੇ ਬੈਨਰ ਹੇਠ ਪ੍ਰਧਾਨ ਡਾ. ਇਕਬਾਲ ਸਿੰਘ ਸਕਰੌਦੀ, ਚੇਅਰਮੈਨ ਬਲਵੰਤ ਸਿੰਘ ਜੋਗਾ, ਜਨਰਲ ਸਕੱਤਰ ਜੀਤ ਹਰਜੀਤ, ਮੋਹਨ ਸ਼ਰਮਾ, ਮੂਲਚੰਦ ਸ਼ਰਮਾ ਪ੍ਰਧਾਨ ਪੰਜਾਬੀ ਸਾਹਿਤ ਸਭਾ ਧੂਰੀ ਦੀ ਅਗਵਾਈ ਹੇਠ ਇਕੱਠੇ ਹੋਏ ਲੇਖਕਾਂ ਅਤੇ ਬੁੱਧੀਜੀਵੀਆਂ ਨੇ ਕੇਂਦਰ ਸਰਕਾਰ ਦੀ ਇਸ ਕਾਰਵਾਈ ਉੱਤੇ ਦੁੱਖ ਪ੍ਰਗਟ ਕੀਤਾ। ਇਸ ਮੌਕੇ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਪ੍ਰਧਾਨ ਪਵਨ ਹਰਚੰਦਪੁਰੀ, ਪੰਜਾਬੀ ਸਾਹਿਤ ਸਭਾ ਸੰਗਰੂਰ ਦੇ ਪ੍ਰਧਾਨ ਡਾ. ਭਗਵੰਤ ਸਿੰਘ, ਪੰਜਾਬੀ ਦੇ ਨਾਮਵਰ ਵਿਦਵਾਨ ਡਾ. ਜੋਗਾ ਸਿੰਘ, ਜੰਗੀਰ ਸਿੰਘ ਰਤਨ, ਜੰਗ ਸਿੰਘ ਫੱਟੜ, ਡਾ. ਏ ਐੱਸ ਮਾਨ, ਕੁਲਵੰਤ ਕਸ਼ਕ, ਏ ਪੀ ਸਿੰਘ ਬਾਬਾ, ਸੁਖਦੇਵ ਰਾਮ, ਗੁਲਜਾਰ ਸਿੰਘ ਸ਼ੌਕੀ, ਸੁਰਜੀਤ ਸਿੰਘ ਈ ਓ ਪ੍ਰਧਾਨ ਭਾਈਚਾਰਕ ਤਾਲਮੇਲ ਸੰਸਥਾ, ਡਾ. ਜਗਦੀਪ ਸਿੰਘ ਅਹੂਜਾ ਅਤੇ ਨਾਹਰ ਸਿੰਘ ਮੁਬਾਰਕਪੁਰੀ ਹਾਜ਼ਰ ਸਨ।
ਵਧੀਕ ਡਿਪਟੀ ਕਮਿਸ਼ਨਰ ਨੂੰ ਰੋਸ ਪੱਤਰ ਦੇਣ ਸਮੇਂ ਡਾ. ਇਕਬਾਲ ਸਿੰਘ ਸਕਰੌਦੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪਹਿਲਾਂ ਪੰਜਾਬ ਦੀ ਰਾਜਧਾਨੀ ਖੋਹ ਲਈ, ਫਿਰ ਪਾਣੀਆਂ ’ਤੇ ਡਾਕਾ ਮਾਰਿਆ ਅਤੇ ਹੁਣ ’ਵਰਸਿਟੀ ਤੋਂ ਪੰਜਾਬ ਦੇ ਹੱਕ ਖ਼ਤਮ ਕਰਨ ਲਈ ਕੋਝੀ ਹਰਕਤ ਕਰ ਰਹੀ ਹੈ।
ਲਹਿਰਾਗਾਗਾ (ਰਮੇਸ਼ ਭਾਰਦਵਾਜ): ਇੱਥੇ ਲੋਕ ਚੇਤਨਾ ਮੰਚ, ਲਹਿਰਾਗਾਗਾ ਨੇ ਕੇਂਦਰ ਸਰਕਾਰ ਤੋਂ ਪੰਜਾਬ ਯੂਨੀਵਰਸਿਟੀ ਦੀ ਪਹਿਲਾਂ ਵਾਲੀ ਸਥਿਤੀ ਬਹਾਲ ਕਰਨ ਦੀ ਮੰਗ ਕੀਤੀ। ਅੱਜ ਇੱਥੇ ਹੰਗਾਮੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਮੰਚ ਦੇ ਪ੍ਰਧਾਨ ਗਿਆਨ ਚੰਦ ਸ਼ਰਮਾ ਤੇ ਸਕੱਤਰ ਹਰਭਗਵਾਨ ਗੁਰਨੇ ਨੇ ਕਿਹਾ ਕਿ ਤਾਨਾਸ਼ਾਹੀ ਢੰਗ ਨਾਲ ਮੋਦੀ ਸਰਕਾਰ ਨਿਯਮਾਂ ਵਿੱਚ ਬਦਲਾਅ ਕਰਕੇ ਯੂਨੀਵਰਸਿਟੀ ਨੂੰ ਆਪਣੇ ਅਧੀਨ ਕਰਨਾ ਚਾਹੁੰਦੀ ਹੈ, ਜਿਸ ਨੂੰ ਪੰਜਾਬੀ ਕਦੇ ਬਰਦਾਸ਼ਤ ਨਹੀਂ ਕਰਨਗੇ।
ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਜਗਦੀਸ਼ ਪਾਪੜਾ, ਪੂਰਨ ਸਿੰਘ ਖਾਈ, ਲੈਕਚਰਾਰ ਰਘਬੀਰ ਭੁਟਾਲ, ਮੁਹਿੰਦਰ ਸਿੰਘ, ਸ਼ਮਿੰਦਰ ਸਿੰਘ, ਪ੍ਰਵੀਨ ਖੋਖਰ, ਵਰਿੰਦਰ ਭੁਟਾਲ, ਜੋਰਾ ਸਿੰਘ ਗਾਗਾ ਅਤੇ ਰਣਜੀਤ ਲਹਿਰਾ ਨੇ ਕਿਹਾ ਕਿ ਭਾਰਤ ਸਰਕਾਰ ਦੀ ਇਹ ਕਾਰਵਾਈ ਸੰਵਿਧਾਨ ਦੇ ਸੰਘੀ ਢਾਂਚੇ ਦੀ ਭਾਵਨਾ ਖ਼ਿਲਾਫ਼ ਹੈ ਅਤੇ ਮੋਦੀ ਸਰਕਾਰ ਵਾਰ-ਵਾਰ ਪੰਜਾਬ ਦੇ ਹਿੱਤਾਂ ਖ਼ਿਲਾਫ਼ ਕਾਰਵਾਈਆਂ ਕਰਕੇ ਸੂਬੇ ਵਿਰੋਧੀ ਹੋਣ ਦਾ ਸਬੂਤ ਦੇ ਰਹੀ ਹੈ।
ਡੀ ਟੀ ਐੱਫ ਨੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ
ਪਾਤੜਾਂ (ਗੁਰਨਾਮ ਸਿੰਘ ਚੌਹਾਨ): ਡੈਮੋਕ੍ਰੈਟਿਕ ਟੀਚਰਜ਼ ਫਰੰਟ, ਪੰਜਾਬ (ਡੀ ਟੀ ਐੱਫ) ਦੇ ਸੱਦੇ ’ਤੇ ਬਲਾਕ ਪਾਤੜਾਂ ਦੇ ਵੱਡੀ ਗਿਣਤੀ ਸਕੂਲਾਂ ਵਿੱਚ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਦੇ ਸਮਰਥਨ ਵਿੱਚ ਕੇਂਦਰ ਦੇ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਦੀ ਖੁਦ ਮੁਖਤਿਆਰੀ ਖਤਮ ਕਰਨ ਦੇ ਗੈਰ ਜਮਹੂਰੀ ਅਤੇ ਗੈਰ ਸੰਵਿਧਾਨਿਕ ਫ਼ੈਸਲੇ ਦੀਆਂ ਕਾਪੀਆਂ ਸਾੜ ਕੇ ਵਿਰੋਧ ਦਰਜ ਕਰਵਾਇਆ। ਡੀ ਟੀ ਐੱਫ ਪਟਿਆਲਾ ਦੇ ਜ਼ਿਲ੍ਹਾ ਸਕੱਤਰ ਜਸਪਾਲ ਖਾਂਗ, ਬਲਾਕ ਪ੍ਰਧਾਨ ਰਾਜੀਵ ਕੁਮਾਰ ਅਤੇ ਬਲਾਕ ਸਕੱਤਰ ਬਲਜਿੰਦਰ ਘੱਗਾ ਨੇ ਦੱਸਿਆ ਕਿ ਕੇਂਦਰ ਦੀ ਫਾਸ਼ੀਵਾਦੀ ਮੋਦੀ ਸਰਕਾਰ ਸਿੱਖਿਆ ਦਾ ਕੇਂਦਰੀਕਰਨ, ਭਗਵਾਂਕਰਨ ਤੇ ਨਿੱਜੀਕਰਨ ਦੇ ਏਜੰਡੇ ਤਹਿਤ ਪੰਜਾਬ ਮਾਰੂ ਅਤੇ ਸਿੱਖਿਆ ਮਾਰੂ ਫ਼ੈਸਲੇ ਲੈ ਰਹੀ ਹੈ ਜੋ ਗੈਰ-ਸੰਵਿਧਾਨਕ, ਗੈਰ-ਜਮਹੂਰੀ ਅਤੇ ਰਾਜਾਂ ਦੇ ਅਧਿਕਾਰਾਂ ਵਿੱਚ ਸਿੱਧਾ ਦਖ਼ਲ ਹਨ। ਕੇਂਦਰ ਵੱਲੋਂ ਪੰਜਾਬ ਵਿਰੋਧੀ ਫ਼ੈਸਲੇ ਵਾਪਸ ਨਾ ਲੈਣ ਦੀ ਸੂਰਤ ਵਿੱਚ ਆਉਣ ਵਾਲੇ ਸਮੇਂ ਵਿੱਚ ਤਿੱਖੇ ਸੰਘਰਸ਼ ਲਈ ਅਧਿਆਪਕ ਵਰਗ ਦੀ ਲਾਮਬੰਦੀ ਕੀਤੀ ਜਾਵੇਗੀ। ਬਲਾਕ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਾਤੜਾਂ, ਗੁਲਾਹੜ, ਸ਼ੁਤਰਾਣਾ, ਸਰਕਾਰੀ ਹਾਈ ਸਕੂਲ ਦੁਤਾਲ, ਹਰਿਆਊ, ਕਰੀਮ ਨਗਰ, ਸਰਕਾਰੀ ਮਿਡਲ ਸਕੂਲ ਦਿਓਗੜ੍ਹ, ਸਰਕਾਰੀ ਪ੍ਰਾਇਮਰੀ ਸਕੂਲ ਦੁਤਾਲ, ਹੀਰਾਨਗਰ, ਸ਼ੁਤਰਾਣਾ, ਰਸੋਲੀ, ਨਾਈਵਾਲਾ, ਅੱਡਾ ਸ਼ੁਤਰਾਣਾ, ਅਰਨੋ, ਤੰਬੂਵਾਲਾ, ਅਤਾਲਾਂ, ਬਨਵਾਲਾ, ਬਹਿਰਜੱਛ, ਗੁਲਜ਼ਾਰਪੁਰਾ, ਜੈਖਰ ਅਤੇ ਅਰਨੇਟੂ ਸਕੂਲ ਵਿੱਚ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ ਗਈਆਂ। ਦੇਰ ਸ਼ਾਮ ਕੇਂਦਰ ਨੇ ਨੋਟੀਫਿਕੇਸ਼ਨ ਵਾਪਸ ਲੈ ਲਿਆ।
