ਦੇਵੀਗੜ੍ਹ ਤੋਂ ਹਰਿਆਣਾ ਬਾਰਡਰ ਤੱਕ ਸੜਕ ਦਾ ਕੰਮ ਸ਼ੁਰੂ
ਹਲਕਾ ਸਨੌਰ ਅਧੀਨ ਆਉਂਦੀਆਂ ਮੁੱਖ ਅਤੇ ਲਿੰਕ ਸੜਕਾਂ ਨੂੰ ਮਜ਼ਬੂਤ ਕਰਨ ਅਤੇ ਨਵੀਆਂ ਬਣਾਉਣ ਦਾ ਕੰਮ ਹਲਕਾ ਇੰਚਾਰਜ ਤੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਦੀ ਅਗਵਾਈ ਹੇਠ ਸ਼ੁਰੂ ਹੋ ਚੁੱਕਿਆ ਹੈ। ਉਨ੍ਹਾਂ ਵੱਲੋਂ ਹਲਕਾ ਸਨੌਰ ਦੀਆਂ 30 ਸੜਕਾਂ ਦੇ ਨਵੀਨੀਕਰਨ ਦੇ ਨੀਂਹ ਪੱਥਰ ਰੱਖੇ ਗਏ ਹਨ। ਇਨ੍ਹਾਂ ਵਿਚੋਂ ਅਹਿਮ ਸੜਕ ਦੇਵੀਗੜ੍ਹ ਤੋਂ ਨਨਿਓਲਾ ਹਰਿਆਣਾ ਬਾਰਡਰ ਤੱਕ, ਨੂੰ ਬਣਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ। ਇਸ ਸੜਕ ਨੂੰ 9 ਕਰੋੜ 10 ਲੱਖ 90 ਹਜ਼ਾਰ ਰੁਪਏ ਖਰਚ ਕੇ ਬਣਾਇਆ ਜਾਣਾ ਹੈ। ਇਸ 8.12 ਕਿਲੋਮੀਟਰ ਲੰਮੀ ਸੜਕ ਨੂੰ 6 ਮਹੀਨਿਆਂ ਵਿੱਚ ਬਣਾਇਆ ਜਾਣਾ ਸੀ ਪਰ 6 ਮਹੀਨਿਆਂ ਵਿਚੋਂ ਤਿੰਨ ਮਹੀਨੇ ਲੰਘ ਵੀ ਚੁੱਕੇ ਹਨ ਪਰ ਹੁਣ ਇਸ ਸੜਕ ਤੇ ਸਬੰਧਤ ਠੇਕੇਦਾਰ ਵੱਲੋਂ ਕੰਮ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ। ਇਹ ਸੜਕ ਦੇਵੀਗੜ੍ਹ ਤੋਂ ਹਰਿਆਣਾ ਬਾਰਡਰ ਤੱਕ ਬਣਾਈ ਜਾਣੀ ਹੈ ਜੋ ਕਿ ਦੇਵੀਗੜ੍ਹ ਤੇ ਅੰਬਾਲਾ ਨੂੰ ਜੋੜਦੀ ਹੈ। ਇਸ ਸੜਕ ਉੱਤੇ ਭਾਰੀ ਆਵਾਜਾਈ ਰਹਿੰਦੀ ਹੈ ਤੇ ਸੜਕ ’ਚ ਵੱਡੇ-ਵੱਡੇ ਟੋਏ ਸਨ। ਇਸ ਸੜਕ ਦੇ ਬਣਨ ਨਾਲ ਪੰਜਾਬ ਤੋਂ ਹਰਿਆਣਾ ਵੱਲ ਨੂੰ ਲੋਕਾਂ ਦਾ ਜਾਣਾ ਸੌਖਾ ਹੋ ਜਾਵੇਗਾ। ਇਹ ਸੜਕ ਲੋਕ ਨਿਰਮਾਣ ਵਿਭਾਗ ਵੱਲੋਂ ਬਣਾਈ ਜਾਣੀ ਹੈ।
