ਸੜਕ ਸੁਰੱਖਿਆ ਫੋਰਸ ਨੇ 67 ਜ਼ਖ਼ਮੀ ਹਸਪਤਾਲ ਦਾਖਲ ਕਰਵਾਏ
ਪੱਤਰ ਪ੍ਰੇਰਕ
ਮਾਲੇਰਕੋਟਲਾ, 29 ਜੂਨ
ਜ਼ਿਲ੍ਹਾ ਪੁਲੀਸ ਮਾਲੇਰਕੋਟਲਾ ਦੀ ਸੜਕ ਸੁਰੱਖਿਆ ਫੋਰਸ ਵੱਨੇ ਸਾਲ 2025 ਦੌਰਾਨ ਹੁਣ ਤੱਕ ਵੱਖ-ਵੱਖ 121 ਸੜਕ ਹਾਦਸਿਆਂ ਦੌਰਾਨ ਬੇਮਿਸਾਲ ਸੇਵਾਵਾਂ ਮੁਹੱਈਆ ਕਰਵਾਉਂਦਿਆਂ 67 ਜ਼ਖ਼ਮੀਆਂ ਨੂੰ ਮੌਕੇ ’ਤੇ ਮੁੱਢਲੀ ਮੈਡੀਕਲ ਸਹਾਇਤਾ ਦੇ ਕੇ ਹਸਪਤਾਲ ਵਿੱਚ ਦਾਖਲ ਕਰਵਾਇਆ ਹੈ। ਫੋਰਸ ਅਨੁਸਾਰ ਸੜਕ ਸੁਰੱਖਿਆ ਫੋਰਸ ਦੀ ਟੀਮ ਵੱਲੋਂ ਹੈਲਪਲਾਈਨ ਨੰਬਰ 112 ਰਾਹੀਂ ਮਿਲੀ ਸੂਚਨਾ’ਤੇ ਕਿਸੇ ਵੇਲੇ ਵੀ ਕੇਵਲ 3 ਤੋਂ 7 ਮਿੰਟਾਂ ਵਿੱਚ ਮੌਕੇ ’ਤੇ ਪਹੁੰਚ ਕੇ ਮਦਦ ਪਹੁੰਚਾਈ ਜਾਂਦੀ ਹੈ। ਦੁਰਘਟਨਾ ਦੌਰਾਨ ਜੇਕਰ ਜ਼ਖ਼ਮੀ ਦੀ ਹਾਲਤ ਗੰਭੀਰ ਹੋਵੇ ਤਾਂ ਤੁਰੰਤ ਸਿਵਲ ਹਸਪਤਾਲ ਮਾਲੇਰਕੋਟਲਾ ਵਿੱਚ ਦਾਖਲ ਕਰਵਾਉਣ ਦੀ ਕਾਰਵਾਈ ਕੀਤੀ ਜਾਂਦੀ ਹੈ। ਸੜਕ ਸੁਰੱਖਿਆ ਫੋਰਸ ਟੀਮ ਦੇ ਇੰਚਾਰਜ ਗੁਰਮੀਤ ਸਿੰਘ, ਦਲਜੀਤ ਸਿੰਘ ਅਤੇ ਜਸਵੀਰ ਸਿੰਘ ਦੀ ਅਗਵਾਈ ਹੇਠ 24 ਘੰਟੇ ਕਾਰਜਸ਼ੀਲ ਰਹਿਣ ਦਾ ਦਾਅਵਾ ਕਰਦਿਆਂ ਫੋਰਸ ਨੇ ਦੱਸਿਆ ਕਿ ਟੀਮ ਦੀ ਤੁਰੰਤ ਕਾਰਵਾਈ ਸੜਕ ਹਾਦਸਿਆਂ ਦੌਰਾਨ ਕਈ ਕੀਮਤੀ ਜ਼ਿੰਦਗੀਆਂ ਬਚਾਉਣ ਵਿੱਚ ਮਦਦਗਾਰ ਸਾਬਤ ਹੋਈ ਹੈ। ਮਾਲੇਰਕੋਟਲਾ ਪੁਲੀਸ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਸੜਕ ਹਾਦਸੇ ਦੀ ਸੂਚਨਾ ਤੁਰੰਤ 112 ਨੰਬਰ ’ਤੇ ਦੇਣ ਤਾਂ ਜੋ ਸੜਕ ਸੁਰੱਖਿਆ ਫੋਰਸ ਦੀ ਗੱਡੀ ਪੰਜ ਮਿੰਟਾਂ ਵਿੱਚ ਮੌਕੇ ’ਤੇ ਪਹੁੰਚ ਕੇ ਪੀੜਤਾਂ ਦੀ ਮਦਦ ਕਰ ਸਕੇ।