ਭਗਵੰਤ ਮਾਨ ਦੇ ਪਿੰਡ ਸਤੌਜ ’ਚ ਸੜਕਾਂ ਬਣਾਉਣ ਦਾ ਕੰਮ ਸ਼ੁਰੂ
ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਵਿਧਾਨ ਸਭਾ ਹਲਕਾ ਦਿੜ੍ਹਬਾ ਦੀਆਂ 7 ਕਰੋੜ 82 ਲੱਖ 56 ਹਜ਼ਾਰ ਰੁਪਏ ਦੀ ਲਾਗਤ ਨਾਲ ਬਣਨ ਵਾਲੀਆਂ 3 ਸੜਕਾਂ ਦੇ ਕੰਮ ਦੀ ਸ਼ੁਰੂਆਤ ਕਰਵਾਈ ਜਿਨ੍ਹਾਂ ਵਿਚ ਪਿੰਡ ਸਤੌਜ ਤੋਂ ਬੀਰ ਕਲਾਂ ਤਕ ਬਣਨ ਵਾਲੀ 4.30 ਕਿਲੋਮੀਟਰ ਲੰਮੀ ਸੜਕ, ਪਿੰਡ ਸਤੌਜ ਤੋਂ ਧਰਮਗੜ੍ਹ ਤੱਕ 3.30 ਕਿਲੋਮੀਟਰ ਲੰਮੀ ਸੜਕ ਅਤੇ ਪਿੰਡ ਸਤੌਜ ਤੋਂ ਤੋਲੇਵਾਲ ਤੱਕ 3.50 ਕਿਲੋਮੀਟਰ ਲੰਮੀ ਸੜਕ ਸ਼ਾਮਲ ਹੈ। ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਮਾਤਾ ਹਰਪਾਲ ਕੌਰ ਵੀ ਮੌਜੂਦ ਰਹੇ। ਵਿੱਤ ਮੰਤਰੀ ਨੇ ਪਿੰਡ ਰੱਤਾਖੇੜਾ ਦੀ ਪੰਚਾਇਤ ਨੂੰ ਵਿਕਾਸ ਕਾਰਜਾਂ ਲਈ 65 ਲੱਖ 62 ਹਜ਼ਾਰ ਰੁਪਏ ਦੇ ਚੈੱਕ ਵੀ ਸੌਂਪੇ। ਪਿੰਡ ਕੜਿਆਲ ਦੀ ਪੰਚਾਇਤ ਨੂੰ 20 ਲੱਖ ਰੁਪਏ ਅਤੇ ਪਿੰਡ ਰੋਗਲਾ ਦੀ ਪੰਚਾਇਤ ਨੂੰ ਵਿਕਾਸ ਕਾਰਜਾਂ ਲਈ 30 ਲੱਖ ਰੁਪਏ ਦੇ ਚੈੱਕ ਸੌਂਪੇ। ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਮਕਸਦ ਹੈ ਕਿ ਸੂਬੇ ਵਿੱਚ ਚੰਗਾ ਸੜਕੀ ਨੈੱਟਵਰਕ ਯਕੀਨੀ ਬਣਾਇਆ ਜਾਵੇ ਤਾਂ ਜੋ ਲੋਕਾਂ ਨੂੰ ਸੁਚਾਰੂ ਆਵਾਜਾਈ ਦੀ ਸੁਵਿਧਾ ਮਿਲ ਸਕੇ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਮਿਆਰ ਨਾਲ ਸਮਝੌਤਾ ਨਹੀਂ ਕੀਤਾ ਜਾਵੇਗਾ ਅਤੇ ਸਾਰੇ ਕੰਮ ਨਿਰਧਾਰਤ ਸਮੇਂ ਅੰਦਰ ਪੂਰੇ ਕੀਤੇ ਜਾਣਗੇ। ਕੈਬਨਿਟ ਮੰਤਰੀ ਨੇ ਕਿਹਾ ਕਿ ਇਹ ਸੜਕਾਂ ਦੇ ਨਿਰਮਾਣ ਹੋਣ ਨਾਲ ਪਿੰਡਾਂ ਵਿਚਕਾਰ ਆਵਾਜਾਈ ਵਿੱਚ ਸੁਧਾਰ ਆਵੇਗਾ ਅਤੇ ਲੋਕਾਂ ਨੂੰ ਲੰਮੇ ਸਮੇਂ ਤੋਂ ਦਰਪੇਸ਼ ਦਿੱਕਤਾਂ ਤੋਂ ਲੋਕਾਂ ਨੂੰ ਨਿਜਾਤ ਮਿਲੇਗੀ। ਉਨ੍ਹਾਂ ਦਾਅਵਾ ਕੀਤਾ ਕਿ ਜਿੰਨਾ ਵਿਕਾਸ ਪੰਜਾਬ ਸਰਕਾਰ ਨੇ ਆਪਣੇ ਹੁਣ ਤੱਕ ਦੇ ਕਾਰਜ ਕਾਲ ਦੌਰਾਨ ਕਰਵਾਇਆ ਹੈ, ਓਨਾ ਵਿਕਾਸ ਪਿਛਲੀਆਂ ਸਰਕਾਰਾਂ ਨੇ 70 ਸਾਲ ਵਿੱਚ ਨਹੀਂ ਕਰਵਾਇਆ ਸੀ। ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਪਿੰਡਾਂ ਅਤੇ ਸ਼ਹਿਰਾਂ ਦੇ ਵਿਕਾਸ ਲਈ ਬਰਾਬਰ ਤਰਜੀਹ ਦੇ ਰਹੀ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਵਿਕਾਸ ਕਾਰਜਾਂ ਦੀ ਖੁਦ ਨਿਗਰਾਨੀ ਕਰਨ, ਜੇਕਰ ਕਿਤੇ ਕੋਈ ਵੀ ਕਮੀ ਨਜ਼ਰ ਆਉਂਦੀ ਹੈ ਤਾਂ ਉਹ ਫੌਰੀ ਉਨ੍ਹਾਂ ਦੇ ਧਿਆਨ ਵਿੱਚ ਲਿਆਂਦੀ ਜਾਵੇ। ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਸਬੰਧੀ ਕਿਸੇ ਵੀ ਕਿਸਮ ਦੀ ਢਿੱਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਓ ਐੱਸ ਡੀ ਤਪਿੰਦਰ ਸਿੰਘ ਸੋਹੀ, ਪਿੰਡਾਂ ਦੇ ਸਰਪੰਚ-ਪੰਚ ਤੇ ਅਫ਼ਸਰ ਹਾਜ਼ਰ ਸਨ।
