ਪੱਲਿਓਂ 65 ਲੱਖ ਖਰਚ ਕੇ ਬਣਵਾਈ ਸੜਕ
ਆਪ’ ਦੇ ਲੋਕ ਸਭਾ ਹਲਕਾ ਪਟਿਆਲਾ ਦੇ ਇੰਚਾਰਜ ਅਤੇ ਪੰਜਾਬ ਸਰਕਾਰ ਦੇ ‘ਪੰਜਾਬ ਐਗਰੋ ਫੂਡਗਰੇਨ ਕਾਰਪੋਰੇਸਨ’ ਦੇ ਚੇਅਰਮੈਨ ਬਲਜਿੰਦਰ ਸਿੰਘ ਢਿੱਲੋਂ ਨੇ ਇਥੇ ਤ੍ਰਿਪੜੀ ’ਚ ਸਥਿਤ ਭਾਦਸੋਂ ਰੋਡ ਤੋਂ ਸਿਓਣਾ ਚੌਕ ਤੱਕ ਅੱਧਾ ਕਿਲੋਮੀਟਰ ਸੜਕ ’ਤੇ ਪੱਲਿਓਂ 65 ਲੱਖ ਰੁਪਏ ਖਰਚੇ ਹਨ। ਇਲਾਕੇ ਦੇ ਲੋਕ ਉਨ੍ਹਾਂ ਦੀ ਸ਼ਲਾਘਾ ਕਰ ਰਹੇ ਹਨ। ਉਨ੍ਹਾਂ 20 ਲੱਖ ਨਗਦ ਤੇ 45 ਲੱਖ ਦੀ ਆਪਣੀ ਜ਼ਮੀਨ ਮੁਫ਼ਤ ’ਚ ਦਿੱਤੀ ਹੈ। ਜ਼ਿਕਰਯੋਗ ਹੈ ਕਿ ਸਿਹਤ ਮੰਤਰੀ ਡਾ. ਬਲਬੀਰ ਸਿੰਘ ਅਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਦੇ ਯਤਨ ਸਦਕਾ ਪੰਜਾਬ ਮੰਡੀ ਬੋਰਡ ਦੇ ਕੋਟੇ ਵਿਚੋਂ ‘ਭਾਦਸੋਂ ਰੋਡ ਤੋਂ ਅਵਤਾਰ ਕੰਡਾ ਸਰਹਿੰਦ ਰੋਡ’ ਤੱਕ ਬਣੀ ਕਰੀਬ 4 ਕਿਲੋਮੀਟਰ ਲੰਬੀ ਤੇ 10 ਫੁੱਟ ਚੌੜੀ ਸੜਕ ਮਿੰਨੀ ਬਾਈਪਾਸ ਦਾ ਕੰਮ ਦੇ ਰਹੀ ਹੈ। ਇਸੇ ਸੜਕ ’ਤੇ ਭਾਦਸੋਂ ਰੋਡ ਤੋਂ ਸਿਓਣਾ ਚੌਕ ਤੱਕ ਭੀੜ-ਭੜੱਕਾ ਰਹਿਣ ਕਰਕੇ ਇਸ ਦਾ ਅੱਧਾ ਕਿਲੋਮੀਟਰ ਟੋਟੇ (ਏਰੀਏ) ’ਚ ਦਸ ਫੁੱਟ ਚੌੜਾਈ ਘੱਟ ਮੰਨੀ ਜਾ ਰਹੀ ਸੀ। ਚੌੜਾਈ ਸਬੰਧੀ ਲੋੋਕਾਂ ਦੀ ਸਾਂਝੀ ਮੰਗ ’ਤੇ ਭਾਵੇਂ ਸਰਕਾਰੀ ਪੱਧਰ ’ਤੇ ਤਾਂ ਚੌੜਾਈ ਵਧ ਨਾ ਸਕੀ ਪਰ ਬਲਜਿੰਦਰ ਸਿੰਘ ਢਿੱਲੋਂ ਨੇ ਆਪਣੀ ਹੈਸੀਅਤ ’ਚ 65 ਲੱਖ ਰੁਪਏ ਦੀ ਵੱਡੀ ਰਕਮ ਖਰਚ ਕਰਕੇ ਲੋਕਾਂ ਦੀ ਇਸ ਮੰਗ ’ਤੇ ਫੁੱਲ ਚੜ੍ਹਾ ਦਿੱਤੇ ਹਨ। ਬਲਜਿੰਦਰ ਢਿੱਲੋਂ ਦੱਸਦੇ ਹਨ ਮੰਡੀ ਬੋਰਡ ਤੋਂ ਇਹ ਚੌੜਾਈ 10 ਫੁੱਟ ਹੀ ਮਨਜ਼ੂਰ ਸੀ ਤੇ ਇਸ ਨੂੰ 22 ਫੁੱਟ ਕਰਨ ਲਈ ਪ੍ਰਵਾਨਗੀ ਲੈਣੀ ਪਈ ਹੈ। ਭਾਵ 10 ਫੁੱਟ ਚੌੜੀ ਇਸ ਅੱਧਾ ਕਿਲੋਮੀਟਰ ਸੜਕ ਨੂੰ 22 ਫੁੱਟ ਚੌੜੀ ਕਰਨ ਲਈ ਤਕਬੀਰਨ 3 ਬਿੱਘੇ ਜ਼ਮੀਨ/ਥਾਂ ਦੀ ਹੋਰ ਲੋੜ ਪਈ ਹੈ ਅਤੇ ਇਹ ਥਾਂ ਆਪ ਆਗੂ ਬਲਜਿੰਦਰ ਢਿੱਲੋਂ ਨੇ ਆਪਣੀ ਨਿੱਜੀ ਜ਼ਮੀਨ ਵਿਚੋਂ ਦਿੱਤੀ ਹੈ ਜਿਸ ਦੀ ਬਾਜ਼ਾਰੀ ਕੀਮਤ ਤਕਰੀਬਨ 45 ਲੱਖ ਬਣਦੀ ਹੈ। ਉਨ੍ਹਾਂ ਮੁਤਾਬਕ ਸੜਕ ਦੀ ਚੌੜਾਈ 12 ਤੋਂ 22 ਫੁੱਟ ਹੋਣ ਨਾਲ ਲੋਕਾਂ ਨੂੰ ਵਧੇਰੇ ਰਾਹਤ ਮਿਲੀ ਹੈ। ਇਸ ਦੌਰਾਨ ਮੁਢਲੇ ਰੂਪ ’ਚ ਦੀਪ ਨਗਰ, ਰਣਜੀਤ ਨਗਰ, ਵਿਕਾਸ ਕਲੋਨੀ, ਸਿਓਣਾ ਚੌਕ, ਸਿਓਣਾ ਪਿੰਡ ਸਮੇਤ ਹੋਰ ਖੇਤਰ ਸ਼ਾਮਲ ਹਨ। ਬਲਜਿੰਦਰ ਢਿੱਲੋਂ ਦਾ ਹਲਕਾ ਸਨੌਰ ਹੈ, ਜਿਥੋਂ ਉਹ ਵਿਧਾਨ ਸਭਾ ਟਿਕਟ ਦੇ ਦਾਅਵੇਦਾਰ ਵੀ ਰਹੇ ਪਰ ਟਿਕਟ ਹਰਮੀਤ ਪਠਾਣਮਾਜਰਾ ਨੂੰ ਮਿਲ ਗਈ ਸੀ ਤੇ ਹੁਣ ਪਠਾਣਮਾਜਰਾ ਦੀ ਬਗਾਵਤ ਉਪਰੰਤ ਉਹ ਸਨੌਰ ਦੇ ਹਲਕਾ ਇੰਚਾਰਜ ਦੇ ਵਾਅਦੇਦਾਰ ਵੀ ਰਹੇ ਪਰ ਹਲਕਾ ਇੰਚਾਰਜ ਰਣਜੋਧ ਹਡਾਣਾ ਨੂੰ ਲਾ ਦਿੱਤਾ ਗਿਆ। ਢਿੱਲੋਂ ਲੋਕ ਸਭਾ ਪਟਿਆਲਾ ਦੇ ਦਾਅਵੇਦਾਰ ਵੀ ਰਹੇ ਪਰ ਉਹ ਵੀ ਨਾ ਮਿਲੀ ਪਰ ਪਾਰਟੀ ਨਾਲ ਖੜ੍ਹੇ ਰਹੇ।
