ਸਰਹਿੰਦ ਨਹਿਰ ਦੇ ਖ਼ਸਤਾ ਹਾਲ ਪੁਲ ਕਾਰਨ ਹਾਦਸੇ ਦਾ ਖ਼ਤਰਾ
ਪਿੰਡ ਭੱਟੀਵਾਲ ਖੁਰਦ ਨੇੜੇ ਭਵਾਨੀਗੜ੍ਹ ਅਤੇ ਸਮਾਣਾ ਦੇ ਦਰਜਨਾਂ ਪਿੰਡਾਂ ਨੂੰ ਜੋੜਨ ਵਾਲੇ ਸਰਹਿੰਦ ਨਹਿਰ ਦੇ ਪੁਲ ਦੀ ਖ਼ਸਤਾ ਹਾਲਤ ਕਾਰਨ ਇੱਥੇ ਕੋਈ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ। ਇਹ ਪੁਲ ਅੱਧੀ ਸਦੀ ਤੋਂ ਵੱਧ ਪੁਰਾਣਾ ਹੈ।
ਇਸ ਸਬੰਧੀ ਭੱਟੀਵਾਲ ਖੁਰਦ ਦੇ ਸਾਬਕਾ ਸਰਪੰਚ ਧਨਮਿੰਦਰ ਸਿੰਘ ਨੇ ਦੱਸਿਆ ਕਿ ਇਸ ਪੁਲ ਉਤੋਂ ਲੰਘਦੀ ਸੜਕ ਜਿੱਥੇ ਭਵਾਨੀਗੜ੍ਹ ਅਤੇ ਸਮਾਣਾ ਦੇ ਦਰਜਨਾਂ ਪਿੰਡਾਂ ਨੂੰ ਆਪਸ ਵਿੱਚ ਜੋੜਦੀ ਹੈ, ਉਥੇ ਹੀ ਇਹ ਦਰਜਨਾਂ ਪਿੰਡ ਦਾ ਇਸੇ ਸੜਕ ਰਾਹੀਂ ਦੋਵੇਂ ਸ਼ਹਿਰ ਨਾਲ ਸੰਪਰਕ ਜੁੜਿਆ ਹੋਇਆ ਹੈ।
ਇਸ ਸੜਕ ’ਤੇ ਭਾਰੀ ਗਿਣਤੀ ਵਿੱਚ ਟਰੈਫਿਕ ਚੱਲਦੀ ਹੈ। ਉਨ੍ਹਾਂ ਦੱਸਿਆ ਕਿ ਪੰਜ ਦਹਾਕਿਆਂ ਤੋਂ ਵੀ ਪੁਰਾਣੇ ਇਸ ਨਹਿਰੀ ਪੁਲ ਦੇ ਦੋਵੇਂ ਪਾਸੇ ਬਣੇ ਪਿੱਲਰਾਂ ਦਾ ਜ਼ਿਆਦਾ ਹਿੱਸਾ ਟੁੱਟ ਚੁੱਕਾ ਹੈ ਅਤੇ ਪੁਲ ਵਿੱਚ ਥਾਂ-ਥਾਂ ’ਤੇ ਤਰੇੜਾਂ ਆਈਆਂ ਹੋਈਆਂ ਹਨ। ਪੁਲ ਦੇ ਇੱਕ ਪਾਸੇ ਦੇ ਪਿੱਲਰ ਟੁੱਟਣ ਕਾਰਨ ਇਥੇ ਅਕਸਰ ਹੀ ਹਾਦਸੇ ਹੋ ਜਾਂਦੇ ਹਨ। ਕਈ ਵਾਰ ਵਾਹਨ ਵੀ ਨਹਿਰ ਵਿੱਚ ਡਿੱਗ ਚੁੱਕੇ ਹਨ।
ਉਨ੍ਹਾਂ ਪੰਜਾਬ ਸਰਕਾਰ ਅਤੇ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਤੋਂ ਇੱਥੇ ਨਵੇਂ ਪੁਲ ਦੀ ਉਸਾਰੀ ਕਰਨ ਦੀ ਮੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਜੇਕਰ ਸਮੇਂ ਸਿਰ ਨਵੇਂ ਪੁਲ ਦੀ ਉਸਾਰੀ ਕੀਤੀ ਜਾਂਦੀ ਹੈ ਤਾਂ ਕਿਸੇ ਵੱਡੇ ਹਾਦਸੇ ਤੋਂ ਬਚਾਅ ਹੋ ਸਕਦਾ ਹੈ।