ਚੀਨੀ ਵਾਇਰਸ ਤੇ ਹਲਦੀ ਰੋਗ ਕਾਰਨ ਝੋਨਾ ਤਬਾਹ
ਕਿਰਤੀ ਕਿਸਾਨ ਯੂਨੀਅਨ ਨੇ ਜ਼ਿਲ੍ਹਾ ਮਾਲੇਰਕੋਟਲਾ ਵਿੱਚ ਚੀਨੀ ਵਾਇਰਸ (ਬੈਕਟੀਰੀਅਲ ਲੀਫ਼ ਬਲਾਈਟ, ਬੌਣਾ ਰੋਗ) ਅਤੇ ਹਲਦੀ ਰੋਗ (ਫਾਲਸ ਸਮੱਟ) ਕਾਰਨ 7 ਤੋਂ 10 ਹਜ਼ਾਰ ਏਕੜ ਝੋਨੇ ਦੀ ਫ਼ਸਲ ਤਬਾਹ ਹੋਣ ਦਾ ਦਾਅਵਾ ਕੀਤਾ ਹੈ। ਜਥੇਬੰਦੀ ਦੇ ਜ਼ਿਲ੍ਹਾ ਆਗੂ ਰੁਪਿੰਦਰ ਸਿੰਘ ਚੌਂਦਾ ਅਤੇ ਬਲਾਕ ਅਹਿਮਦਗੜ੍ਹ ਦੇ ਆਗੂ ਲਾਭ ਸਿੰਘ ਨੱਥੋਹੇੜੀ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ’ਤੇ ਦੋਸ਼ ਲਾਇਆ ਕਿ ਜਥੇਬੰਦੀ ਵੱਲੋਂ ਡਿਪਟੀ ਕਮਿਸ਼ਨਰ ਮਾਲੇਰਕੋਟਲਾ ਸਮੇਤ ਵੱਖ-ਵੱਖ ਅਧਿਕਾਰੀਆਂ ਨੂੰ ਮਿਲ ਕੇ ਹੜ੍ਹਾਂ ਤੋਂ ਬਾਅਦ ਕਿਸਾਨਾਂ ਸਿਰ ਪਈ ਇਸ ਨਵੀਂ ਬਿਪਤਾ ਬਾਰੇ ਜਾਣੂ ਕਰਵਾਉਣ ਦੇ ਬਾਵਜੂਦ ਕਿਸੇ ਵੀ ਅਧਿਕਾਰੀ ਨੇ ਕਿਸਾਨਾਂ ਦੀ ਸਾਰ ਨਹੀਂ ਲਈ। ਉਨ੍ਹਾਂ ਐਲਾਨ ਕੀਤਾ ਕਿ ਸੁੱਤੇ ਪਏ ਪ੍ਰਸ਼ਾਸਨ ਜਗਾਉਣ ਲਈ ਸੰਯੁਕਤ ਕਿਸਾਨ ਮੋਰਚੇ ਵੱਲੋਂ 8 ਅਕਤੂਬਰ ਨੂੰ ਡੀਸੀ ਦਫ਼ਤਰ ਮਾਲੇਰਕੋਟਲਾ ਦਾ ਘਿਰਾਓ ਕੀਤਾ ਜਾਵੇਗਾ। ਨੱਥੋਹੇੜੀ, ਧਨੋ, ਜਿੱਤਵਾਲ ਖੁਰਦ ਅਤੇ ਮਾਣਕਵਾਲ ਸਮੇਤ ਦਰਜਨਾਂ ਪਿੰਡਾਂ ’ਚ ਚੀਨੀ ਵਾਇਰਸ ਅਤੇ ਹਲਦੀ ਰੋਗ ਨਾਲ ਤਬਾਹ ਹੋਏ ਝੋਨੇ ਦੇ ਖੇਤਾਂ ਦਾ ਦੌਰਾ ਕਰਨ ਉਪਰੰਤ ਕਿਸਾਨ ਆਗੂਆਂ ਨੇ ਦੱਸਿਆ ਕਿ ਇਨ੍ਹਾਂ ਪਿੰਡਾਂ ਵਿਚ ਕਈ ਕਿਸਾਨਾਂ ਦੀ ਫ਼ਸਲ ਬਿਲਕੁਲ ਤਬਾਹ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਪਿੰਡ ਨੱਥੋਹੇੜੀ ਵਾਸੀ ਕਿਸਾਨ ਮਨਜੀਤ ਸਿੰਘ ਵੱਲੋਂ ਪਿੰਡ ਜਿੱਤਵਾਲ ’ਚ ਠੇਕੇ ’ਤੇ ਜ਼ਮੀਨ ਲੈ ਕੇ ਲਾਇਆ 50 ਬਿੱਘੇ ਝੋਨਾ ਚੀਨੀ ਵਾਇਰਸ ਨੇ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਹੈ। ਆਗੂਆਂ ਮੁਤਾਬਿਕ ਕਿਸਾਨਾਂ ਵੱਲੋਂ ਮਹਿੰਗੀਆਂ ਦਵਾਈਆਂ ਵਰਤਕੇ ਇਨ੍ਹਾਂ ਰੋਗਾਂ ਦਾ ਹੱਲ ਕੱਢਣ ਦੀ ਬਹੁਤ ਕੋਸ਼ਿਸ਼ ਕੀਤੀ ਗਈ ਪਰ ਅਸਫਲ ਰਹੇ। ਆਗੂਆਂ ਨੇ ਮੰਗ ਕੀਤੀ ਕਿ ਝੋਨੇ ਦੀ ਤੁਰੰਤ ਗਿਰਦਾਵਰੀ ਕਰਵਾ ਕੇ ਮੁਆਵਜ਼ਾ ਦਿੱਤਾ ਜਾਵੇ।