ਅਮਰਗੜ੍ਹ ਸਬ ਡਵੀਜ਼ਨ ਦੀਆਂ ਦਾਣਾ ਮੰਡੀਆਂ ਦਾ ਜਾਇਜ਼ਾ
ਝੋਨੇ ਦੀ ਖ਼ਰੀਦ ਦੇ ਮੱਦੇਨਜ਼ਰ ਸਫ਼ਾਈ ਦੇ ਕੰਮ ਤੁਰੰਤ ਪੂਰੇ ਕਰਨ ਦੇ ਨਿਰਦੇਸ਼
Advertisement
ਝੋਨੇ ਦੀ ਖਰੀਦ ਪ੍ਰਕਿਰਿਆ ਨੂੰ ਸੁਚਾਰੂ ਅਤੇ ਪਾਰਦਰਸ਼ੀ ਬਣਾਉਣ ਲਈ ਐੱਸਡੀਐੱਮ ਅਮਰਗੜ੍ਹ ਸੁਰਿੰਦਰ ਕੌਰ ਵੱਲੋਂ ਤਿਆਰੀਆਂ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ। ਉਨ੍ਹਾਂ ਅੱਜ ਸਬ ਡਵੀਜ਼ਨ ਅਮਰਗੜ੍ਹ ਵਿੱਚ ਪੈਂਦੀਆਂ ਦਾਣਾ ਮੰਡੀਆਂ ਦਾ ਜਾਇਜ਼ਾ ਲਿਆ ਤਾਂ ਜੋ ਖਰੀਦ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਲੋੜੀਂਦੇ ਪ੍ਰਬੰਧ ਸਮੇਂ ਸਿਰ ਮੁਕੰਮਲ ਹੋ ਸਕਣ।
ਇਸ ਦੌਰਾਨ ਦਾਣਾ ਮੰਡੀ ਅਮਰਗੜ੍ਹ ਵਿੱਚ ਸਫ਼ਾਈ ਦਾ ਕੰਮ ਜਾਰੀ ਸੀ ਅਤੇ ਕਾਫੀ ਹੱਦ ਤੱਕ ਮੁਕੰਮਲ ਕੀਤਾ ਜਾ ਚੁੱਕਾ ਹੈ। ਹਾਲਾਂਕਿ ਦਾਣਾ ਮੰਡੀ ਚੌਂਦਾ, ਮੰਨਵੀਂ, ਭੁਰਥਲਾ ਮੰਡੇਰ ਅਤੇ ਤੋਲੇਵਾਲ ਵਿੱਚ ਸਫ਼ਾਈ ਦੇ ਕੰਮ ਦੀ ਸ਼ੁਰੂਆਤ ਅਜੇ ਨਹੀਂ ਹੋਈ। ਇਸ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਸਕੱਤਰ ਮਾਰਕੀਟ ਕਮੇਟੀ, ਅਮਰਗੜ੍ਹ ਨੂੰ ਪੱਤਰ ਜਾਰੀ ਕਰਕੇ ਨਿਰਦੇਸ਼ ਦਿੱਤੇ ਗਏ ਕਿ ਉਹ ਤੁਰੰਤ ਸਫ਼ਾਈ ਕਰਵਾ ਕੇ ਇਸ ਦੀ ਰਿਪੋਰਟ ਦਫ਼ਤਰ ਨੂੰ ਭੇਜਣ। ਉਨ੍ਹਾਂ ਕਿਹਾ ਕਿ ਸਾਰੇ ਲਾਜ਼ਮੀ ਪ੍ਰਬੰਧ, ਜਿਵੇਂ ਕਿ ਸਫਾਈ, ਪਾਣੀ, ਬਿਜਲੀ ਅਤੇ ਲੇਬਰ ਮਜ਼ਦੂਰਾਂ ਲਈ ਬੈਠਕ ਪ੍ਰਬੰਧ, ਸਮੇਂ ਸਿਰ ਪੂਰੇ ਕੀਤੇ ਜਾਣ।
Advertisement
ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਵਚਨਬੱਧਤਾ ਨਾਲ ਕੰਮ ਕਰ ਰਿਹਾ ਹੈ ਤਾਂ ਜੋ ਕਿਸਾਨਾਂ ਨੂੰ ਆਪਣੀ ਫਸਲ ਵੇਚਣ ਵਿੱਚ ਕਿਸੇ ਤਰ੍ਹਾਂ ਦੀ ਦਿੱਕਤ ਨਾ ਆਵੇ। ਉਨ੍ਹਾਂ ਕਿਹਾ ਕਿ ਮੰਡੀਆਂ ਵਿੱਚ ਵੱਧ ਨਮੀ ਵਾਲਾ ਝੋਨਾ ਲਿਆਉਣ ਨਾਲ ਸਮੱਸਿਆ ਪੈਦਾ ਹੁੰਦੀ ਹੈ, ਇਸ ਲਈ ਕਿਸਾਨਾਂ ਨੂੰ ਨਿਰਧਾਰਤ ਨਮੀ ਵਾਲੀ ਫਸਲ ਹੀ ਮੰਡੀਆਂ ਵਿੱਚ ਲਿਆਉਣੀ ਚਾਹੀਦੀ ਹੈ।
Advertisement