ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪ੍ਰਾਇਮਰੀ ਸਕੂਲ ਖੇਡਾਂ ਅਧੀਨ ਯੋਗ ਮੁਕਾਬਲੇ ਦਾ ਨਤੀਜਾ ਸ਼ੱਕ ਦੇ ਘੇਰੇ ’ਚ

ਮੁਕਾਬਲਿਆਂ ਦੀ ਜੱਜਮੈਂਟ ’ਤੇ ਖੜ੍ਹੇ ਹੋਏ ਸਵਾਲ; ਮਾਮਲੇ ਦੀ ਉੱਚ ਪੱਧਰੀ ਜਾਂਚ ਕਰਾਉਣ ਦੀ ਮੰਗ
ਯੋਗ ਮੁਕਾਬਲਿਆਂ ਦੀ ਫਾਈਲ ਫੋਟੋ।
Advertisement

ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ (ਅੰਡਰ- 11) ਤਹਿਤ ਕਰਵਾਏ ਗਏ ਬੱਚਿਆਂ ਦੇ ਯੋਗ ਮੁਕਾਬਲਿਆਂ ਦਾ ਨਤੀਜਾ ਸ਼ੱਕ ਦੇ ਘੇਰੇ ਵਿੱਚ ਆ ਗਿਆ ਹੈ। ਬਲਾਕ ਧੂਰੀ ਅਧੀਨ ਪੈਂਦੇ ਪਿੰਡ ਜਹਾਂਗੀਰ ਦੀ ਪੰਚਾਇਤ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਸੈਂਟਰ ਜਹਾਂਗੀਰ ਵੱਲੋਂ ਨਤੀਜੇ ਦੀ ਜੱਜਮੈਂਟ ਉਪਰ ਕਥਿਤ ਤੌਰ ’ਤੇ ਵਿਤਕਰੇਬਾਜ਼ੀ ਦੇ ਦੋਸ਼ ਲਾਉਂਦਿਆਂ ਗੰਭੀਰ ਸਵਾਲ ਖੜ੍ਹੇ ਕੀਤੇ ਗਏ ਹਨ ਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤ ਸੌਂਪਦਿਆਂ ਇਸ ਨਤੀਜੇ ਦੀ ਉੱਚ ਪੱਧਰੀ ਜਾਂਚ ਕਰਾਉਣ ਦੀ ਮੰਗ ਕੀਤੀ ਗਈ ਹੈ। ਪਿੰਡ ਜਹਾਂਗੀਰ ਦੀ ਪੰਚਾਇਤ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਸੈਂਟਰ ਜਹਾਂਗੀਰ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ (ਪ੍ਰਾਇਮਰੀ) ਸੰਗਰੂਰ ਨੂੰ ਸੌਂਪੀ ਲਿਖਤੀ ਸ਼ਿਕਾਇਤ ਵਿੱਚ ਦੱਸਿਆ ਕਿ ਲੰਘੀ 28 ਅਕਤੂਬਰ ਨੂੰ ਯੋਗ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਪਿੰਡ ਪੰਨਵਾਂ ਬਲਾਕ ਭਵਾਨੀਗੜ੍ਹ ਵਿੱਚ ਹੋਏ ਸਨ। ਜਹਾਂਗੀਰ ਸਕੂਲ ਦੇ 9 ਖਿਡਾਰੀਆਂ ਨੇ ਬਲਾਕ ਧੂਰੀ ਦੀ ਪ੍ਰਤੀਨਿਧਤਾ ਕਰਦਿਆਂ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਭਾਗ ਲਿਆ ਸੀ। ਉਨ੍ਹਾਂ ਦੱਸਿਆ ਕਿ ਹੈਰਾਨੀ ਉਸ ਸਮੇਂ ਹੋਈ ਜਦੋਂ ਨਤੀਜੇ ਵਿੱਚ ਲੜਕਿਆਂ ਦੇ ਯੋਗ ਮੁਕਾਬਲੇ ਦੇ ਸਾਰੇ ਈਵੈਂਟਾਂ ਵਿੱਚੋਂ ਬਲਾਕ ਚੀਮਾਂ ਨੂੰ ਪਹਿਲਾ ਸਥਾਨ ਮਿਲਿਆ ਜਦੋਂਕਿ ਚਾਰਾਂ ਵਿੱਚ ਬਲਾਕ ਧੂਰੀ ਨੂੰ ਦੂਜਾ ਸਥਾਨ ਮਿਲਿਆ। ਉਨ੍ਹਾਂ ਦੱਸਿਆ ਕਿ ਮੌਕੇ ’ਤੇ ਮੈਰਿਟ ਬਣਾਏ ਜਾਣ ਨੂੰ ਲੈ ਕੇ ਵੀ ਸਵਾਲ ਉੱਠੇ ਪਰ ਉਸ ਸਮੇਂ ਪਹਿਲੀਆਂ ਪੁਜੀਸ਼ਨਾਂ ਸਬੰਧੀ ਤਾਂ ਦੱਸਿਆ ਗਿਆ ਪਰ ਪੁੱਛੇ ਜਾਣ ’ਤੇ ਵੀ ਸਕੋਰ ਨਹੀਂ ਦੱਸੇ ਗਏ। ਉਨ੍ਹਾਂ ਦੱਸਿਆ ਕਿ ਨਤੀਜੇ ਵਿੱਚ ਪੱਖਪਾਤ ਦੇ ਮਾਮਲੇ ਦੀ ਉਨ੍ਹਾਂ ਵੱਲੋਂ ਆਪਣੇ ਪੱਧਰ ’ਤੇ ਪੜਤਾਲ ਕੀਤੀ ਗਈ। ਉਨ੍ਹਾਂ ਦੋਸ਼ ਲਾਇਆ ਕਿ ਪਿਛਲੇ ਕਈ ਵਰ੍ਹਿਆਂ ਤੋਂ ਜਿਹੜਾ ਅਧਿਆਪਕ ਯੋਗ ਮੁਕਾਬਲੇ ਦੀ ਜੱਜਮੈਂਟ ਕਰ ਰਿਹਾ ਹੈ, ਉਸਨੇ ਆਪਣੀ ਪਤਨੀ ਦੇ ਸਕੂਲ ਨੂੰ ਸਾਰੇ ਈਵੈਂਟਾਂ ਵਿੱਚ ਪਹਿਲਾ ਸਥਾਨ ਦਿੱਤਾ ਹੈ ਜਦੋਂਕਿ ਉਨ੍ਹਾਂ ਦੇ ਸਕੂਲ ਨੂੰ ਦੂਜਾ ਸਥਾਨ ਦਿੱਤਾ ਗਿਆ ਹੈ। ਸ਼ਿਕਾਇਤ ਵਿੱਚ ਇਹ ਵੀ ਦੱਸਿਆ ਗਿਆ ਕਿ ਇਹ ਵੀ ਤੱਥ ਸਾਹਮਣੇ ਆਏ ਹਨ ਕਿ ਉਕਤ ਅਧਿਆਪਕ ਆਪਣੀ ਪਤਨੀ ਦੇ ਸਕੂਲ ਨਾਲ ਸਬੰਧਤ ਬੱਚਿਆਂ ਨੂੰ ਯੋਗ ਦੀ ਤਿਆਰੀ ਵੀ ਖੁਦ ਕਰਵਾਉਂਦਾ ਹੈ ਅਤੇ ਜੱਜਮੈਂਟ ਵੀ ਖੁਦ ਦੇ ਕੇ ਪਹਿਲਾ ਸਥਾਨ ਦੇ ਦਿੰਦਾ ਹੈ। ਜ਼ਿਕਰਯੋਗ ਹੈ ਕਿ ਸ਼ਿਕਾਇਤ ’ਚ ਦੱਸਿਆ ਗਿਆ ਹੈ ਕਿ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ (ਅੰਡਰ-11 ਸਾਲ ਲੜਕੀਆਂ) ਬਲਾਕ ਚੀਮਾਂ ਦੇ ਬੱਚੇ ਨਹੀਂ ਹੁੰਦੇ ਜਿਸ ਕਰਕੇ ਬਲਾਕ ਧੂਰੀ ਦੀਆਂ ਲੜਕੀਆਂ ਆਪਣੇ ਬਲਬੂਤੇ ’ਤੇ ਪਹਿਲੇ ਸਥਾਨ ’ਤੇ ਰਹੀਆਂ ਹਨ। ਉਨ੍ਹਾਂ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਅਤੇ ਕਸੂਰਵਾਰ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇ।

ਸ਼ਿਕਾਇਤ ਜ਼ਿਲ੍ਹਾ ਕਮੇਟੀ ਨੂੰ ਭੇਜੀ: ਡੀ ਈ ਓ

Advertisement

ਜ਼ਿਲ੍ਹਾ ਸਿੱਖਿਆ ਅਫ਼ਸਰ (ਪ੍ਰਾਇਮਰੀ) ਸੰਗਰੂਰ ਬਲਜਿੰਦਰ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲ ਗਈ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ ਤੇ ਇਹ ਸ਼ਿਕਾਇਤ ਜ਼ਿਲ੍ਹਾ ਕਮੇਟੀ ਨੂੰ ਭੇਜ ਦਿੱਤੀ ਗਈ ਹੈ।

Advertisement
Show comments