ਰਾਈਸ ਮਿੱਲਜ਼ ਦੇ ਤੀਹ ਸਾਲ ਪੁਰਾਣੇ ਕੇਸ ਦਾ ਨਿਬੇੜਾ
ਹਾਲ ਹੀ ਵਿੱਚ ਪੰਜਾਬ ਸਰਕਾਰ ਵੱਲੋਂ ਰਾਈਸ ਮਿੱਲਰਾਂ ਲਈ ਇੱਕ-ਮੁਸ਼ਤ ਨਿਪਟਾਰਾ ਸਕੀਮ 2025 ਲਾਗੂ ਕੀਤੀ ਗਈ ਹੈ। ਇਸ ਸਕੀਮ ਤਹਿਤ ਬਹੁਤ ਸਾਰੇ ਅਜਿਹੇ ਮਿੱਲਰ ਫਾਇਦਾ ਉਠਾ ਰਹੇ ਹਨ ਜਿਨ੍ਹਾਂ ਦੇ ਕਾਨੂੰਨੀ ਜਾਂ ਸਿਵਲ ਕੇਸ ਕਈ ਪੀੜ੍ਹੀਆਂ ਤੋਂ ਚਲਦੇ ਆ ਰਹੇ ਸਨ। ਪਨਸਪ ਦੇ ਜ਼ਿਲ੍ਹਾ ਮੈਨੇਜਰ ਹਰਜੀਤ ਸਿੰਘ ਨੇ ਦੱਸਿਆ ਕਿ ਇਸ ਸਕੀਮ ਤਹਿਤ ਮੈਸ: ਕ੍ਰਿਸ਼ਨਾ ਰਾਈਸ ਮਿੱਲਜ਼ ਦਿੜ੍ਹਬਾ ਵੱਲੋਂ ਆਪਣੇ ਕੇਸ ਦਾ ਨਿਪਟਾਰਾ ਕੀਤਾ ਗਿਆ। ਪਨਸਪ ਮੈਨੇਜਰ ਗੌਰਵ ਆਹਲੂਵਾਲੀਆ ਵੱਲੋਂ ਮੈਸ: ਕ੍ਰਿਸ਼ਨਾ ਰਾਈਸ ਮਿੱਲਜ਼ ਦੇ ਮਾਲਕਾਂ/ਹਿਸੇਦਾਰਾਂ ਨੂੰ ਕੋਈ ਬਕਾਇਆ ਨਹੀਂ ਸਰਟੀਫ਼ਿਕੇਟ ਦਿੱਤਾ ਗਿਆ। ਇਸ ਮਿੱਲ ਦਾ ਕੇਸ ਲਗਪਗ ਤੀਹ ਸਾਲਾਂ ਤੋਂ ਲੰਬਿਤ ਚੱਲ ਰਿਹਾ ਸੀ। ਇਨ੍ਹਾਂ ਵੱਲੋਂ ਕੁੱਲ ਬਣਦੀ ਰਿਕਵਰੀ ਦੀ ਅਦਾਇਗੀ ਕਰ ਦਿੱਤੀ ਗਈ ਹੈ ਜਿਹੜੀ ਕਿ ਪੰਜਾਬ ਸਰਕਾਰ ਦੇ ਖਜ਼ਾਨੇ ਵਿੱਚ ਜਮ੍ਹਾਂ ਕਰਵਾ ਦਿੱਤੀ ਜਾਵੇਗੀ।
ਇਸ ਸਕੀਮ ਦਾ ਲਾਭ ਉਠਾਉਣ ਵਾਲੇ ਮਿੱਲਰ ਪ੍ਰੇਮ ਕੁਮਾਰ ਨੇ ਆਪਣੇ ਕੇਸ ਦੇ ਨਿਬੇੜੇ ਮੌਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕੇਸ ਚੱਲਣ ਕਾਰਨ ਉਨ੍ਹਾਂ ਦਾ ਕਾਫੀ ਰੁਪਈਆ ਅਤੇ ਸਮਾਂ ਬਰਬਾਦ ਹੋ ਰਿਹਾ ਸੀ। ਸ੍ਰੀ ਆਹਲੂਵਾਲੀਆ ਨੇ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਪਨਸਪ ਜ਼ਿਲ੍ਹਾ ਦਫਤਰਾਂ ਜਾ ਪਨਸਪ ਮੁੱਖ ਦਫ਼ਤਰ ਵਿੱਚ ਸਮਰਪਿਤ ਸਹਾਇਤਾ-ਡੈਸਕ ਨਾਲ ਸੰਪਰਕ ਕੀਤਾ ਜਾ ਸਕਦਾ ਹੈ।
