ਖੋਜਾਰਥੀਆਂ ਨੇ ਆਈ ਆਈ ਪੀ ਏ ਕਾਨਫ਼ਰੰਸ ’ਚ ਖੋਜ ਪੱਤਰ ਪੇਸ਼ ਕੀਤੇ
ਪੰਜਾਬੀ ਯੂਨੀਵਰਸਿਟੀ ਦੇ ਲੋਕ ਪ੍ਰਸ਼ਾਸਨ ਵਿਭਾਗ ਦੇ ਪੰਜ ਖੋਜਾਰਥੀਆਂ ਨੇ ਇੰਡੀਅਨ ਇੰਸਟੀਚਿਊਟ ਆਫ਼ ਪਬਲਿਕ ਐਡਮਿਨਿਸਟ੍ਰੇਸ਼ਨ (ਆਈ ਆਈ ਪੀ ਏ) ਨਵੀਂ ਦਿੱਲੀ ਵੱਲੋਂ ਕਰਵਾਈ ਗਈ ਦੋ ਦਿਨਾ ਰਾਸ਼ਟਰੀ ਕਾਨਫ਼ਰੰਸ ਵਿੱਚ ਆਪਣੇ ਖੋਜ ਪੱਤਰ ਪੇਸ਼ ਕੀਤੇ। ਇਸ ਦੌਰਾਨ ਲੋਕ ਪ੍ਰਸ਼ਾਸਨ ਵਿਭਾਗ ਦੇ ਮੁਖੀ ਡਾ. ਰੇਣੂ ਵੀ ਇਸ ਕਾਨਫ਼ਰੰਸ ਵਿੱਚ ਸਿਰਕਤ ਕੀਤੀ। ਡਾ. ਰੇਣੂ ਨੇ ਦੱਸਿਆ ਕਿ ਇੰਡੀਅਨ ਇੰਸਟੀਚਿਊਟ ਆਫ਼ ਪਬਲਿਕ ਐਡਮਿਨਿਸਟ੍ਰੇਸ਼ਨ ਨਵੀਂ ਦਿੱਲੀ, ਭਾਰਤ ਸਰਕਾਰ ਦੇ ਕਰਮਚਾਰੀ ਤੇ ਸਿਖਲਾਈ ਵਿਭਾਗ ਅਧੀਨ ਕਰਜਸ਼ੀਲ ਪ੍ਰਮੁੱਖ ਖੋਜ ਤੇ ਸਿਖਲਾਈ ਸੰਸਥਾ ਹੈ। ਉਨ੍ਹਾਂ ਦੱਸਿਆ ਕਿ ਇਸ ਕਾਨਫ਼ਰੰਸ ਵਿੱਚ ਸ਼ਾਮਲ ਹੋਣ ਵਾਲੇ ਖੋਜਾਰਥੀਆਂ/ਵਿਦਿਆਰਥੀਆਂ ਵਿਚੋਂ ਚਾਰ ਪੀ ਐੱਚ ਡੀ ਦੇ ਖੋਜਾਰਥੀ ਅਰਸ਼ਪ੍ਰੀਤ ਕੌਰ, ਮਨਦੀਪ ਸਿੰਘ, ਅਮਰਪ੍ਰੀਤ ਸਿੰਘ ਅਤੇ ਜਸਪ੍ਰੀਤ ਕੌਰ ਸ਼ਾਮਿਲ ਹਨ ਜਦੋਂਕਿ ਇਸ ਕਾਨਫਰੰਸ ਵਿਚ ਆਪਣਾ ਖੋਜ ਪੱਤਰ ਪੇਸ਼ ਕਰਨ ਵਾਲ਼ਾ ਪੰਜਵਾਂ ਖੋਜਾਰਥੀ ਡਾ. ਹਰਪ੍ਰੀਤ ਸਿੰਘ ਇਸ ਵਿਭਾਗ ਤੋਂ ਬਾਕਾਇਦਾ ਪੀਐੱਚ ਡੀ ਕਰ ਚੁੱਕਾ ਹੈ। ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਅਤੇ ਡੀਨ ਅਕਾਦਮਿਕ ਡਾ. ਜਸਵਿੰਦਰ ਬਰਾੜ ਨੇ ਜਿਥੇ ਖੋਜਾਰਥੀਆਂ ਦੀ ਪਿੱਠ ਥਾਪੜਦਿਆਂ ਇਨ੍ਹਾਂ ਨੂੰ ਹੱਲਾਸ਼ੇਰੀ ਦਿੱਤੀ ਹੈ, ਉਥੇ ਲੋਕ ਪ੍ਰਸ਼ਾਸਨ ਵਿਭਾਗ ਦੇ ਮੁਖੀ ਡਾ. ਰੇਣੂ ਸਮੇਤ ਵਿਭਾਗ ਦੀ ਸਮੁੱਚੀ ਟੀਮ ਨੂੰ ਵੀ ਵਧਾਈ ਦਿੱੱਤੀ ਹੈ।
