ਪਲੇਅਵੇਅ ਸਕੂਲਾਂ ਲਈ ਰਜਿਸਟਰੇਸ਼ਨ ਲਾਜ਼ਮੀ
ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਪੰਜਾਬ ਸਰਕਾਰ ਵੱਲੋਂ ਪ੍ਰਾਈਵੇਟ ਸਕੂਲ/ ਸੰਸਥਾਵਾਂ/ਪਲੇਅ-ਵੇਅ ਸਕੂਲਾਂ ਦੀ ਰਜਿਸਟਰੇਸ਼ਨ ਲਈ ਹਦਾਇਤਾਂ ਜਾਰੀ ਕੀਤੀਆਂ ਹਨ। ਡਿਪਟੀ ਕਮਿਸ਼ਨਰ ਰਾਹੁਲ ਚਾਬਾ ਨੇ ਦੱਸਿਆ ਕਿ ਨਵੇਂ ਦਿਸ਼ਾ ਨਿਰਦੇਸ਼ਾਂ ਤਹਿਤ ਇਨ੍ਹਾਂ ਪਲੇਅ ਵੇਅ ਸਕੂਲਾਂ ਦੀ ਨਵੀਂ ਰਜਿਸਟਰੇਸ਼ਨ ਅਤੇ ਪੁਰਾਣੀ ਰਜਿਸਟਰੇਸ਼ਨ ਰਿਨਿਊ ਕਾਰਵਾਈ ਜਾਣੀ ਲਾਜ਼ਮੀ ਹੈ, ਜਿਸ ਸਬੰਧੀ ਨਿਯਮ ਅਤੇ ਹਦਾਇਤਾਂ ਲਾਗੂ ਕੀਤੀਆਂ ਗਈਆਂ ਹਨ। ਪਲੇਅ ਸਕੂਲ ਦੀ ਇਮਾਰਤ ਦਾ ਹਵਾਦਾਰ ਹੋਣਾ, ਸਕੂਲ ਦੀ ਚਾਰਦੀਵਾਰੀ, ਸਾਫ਼-ਸੁਥਰਾ ਪੀਣਯੋਗ ਪਾਣੀ, ਸੁਰੱਖਿਆ ਨਿਯਮ, ਅਧਿਆਪਕਾਂ ਅਤੇ ਬੱਚਿਆਂ ਦੀ ਗਿਣਤੀ ਦਾ 1:20 ਦਾ ਅਨੁਪਾਤ ਹੋਣਾ, ਅਧਿਆਪਕ ਦੇ ਨਾਲ ਇੱਕ ਕੇਅਰਟੇਕਰ ਦਾ ਹੋਣਾ ਤੇ ਸਾਰੇ ਸਕੂਲਾਂ ਵਿੱਚ ਸੀਸੀਟੀਵੀ ਕੈਮਰੇ ਵੀ ਲਾਜ਼ਮੀ ਕੀਤੇ ਗਏ ਹਨ। ਸਕੂਲਾਂ ਵਿੱਚ ਦਾਖ਼ਲੇ ਲਈ ਬੱਚੇ ਲਈ ਕੋਈ ਸਕ੍ਰੀਨਿੰਗ ਟੈਸਟ ਜਾਂ ਮਾਤਾ-ਪਿਤਾ ਦੀ ਇੰਟਰਵਿਊ ਆਦਿ ਨਹੀਂ ਹੋਵੇਗੀ। ਇਨ੍ਹਾਂ ਸਕੂਲਾਂ ਵਿੱਚ ਜੰਕ ਫੂਡ ’ਤੇ ਪੂਰੀ ਤਰ੍ਹਾਂ ਪਾਬੰਦੀ ਹੋਵੇਗੀ। ਬੱਚਿਆਂ ਨੂੰ ਕਿਸੇ ਵੀ ਤਰ੍ਹਾਂ ਨਾਲ ਡਰਾਉਣ ਜਾ ਧਮਕਾਉਣ ’ਤੇ ਪਾਬੰਦੀ ਹੈ। ਹਰ ਮਹੀਨੇ ਬੱਚੇ ਦੀ ਸਿਹਤ ਜਾਂਚ ਹੋਵੇਗੀ ਅਤੇ ਸਕੂਲ ਬੱਚੇ ਦੇ ਟੀਕਾਕਰਨ ਦਾ ਰਿਕਾਰਡ ਰੱਖੇਗਾ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਵੱਲੋਂ ਹਦਾਇਤਾਂ ਦੀ ਪਾਲਣਾ ਹਿੱਤ ਪਲੇਅ ਵੇਅ ਸਕੂਲਾਂ ਨੂੰ ਬਾਲ ਵਿਕਾਸ ਪ੍ਰਾਜੈਕਟ ਅਫ਼ਸਰਾਂ ਵੱਲੋਂ ਰਜਿਸਟਰੇਸ਼ਨ ਕਰਵਾਉਣ ਸਬੰਧੀ ਨੋਟਿਸ ਜਾਰੀ ਕਰ ਦਿੱਤੇ ਗਏ ਹਨ ਜਿਸ ’ਤੇ ਹੁਣ ਤੱਕ ਕੁੱਲ 7 ਪਲੇਅ ਵੇਅ ਸਕੂਲਾਂ ਨੂੰ ਰਜਿਸਟਰੇਸ਼ਨ ਸਰਟੀਫਿਕੇਟ ਜਾਰੀ ਕਰ ਦਿੱਤੇ ਗਏ ਹਨ ਅਤੇ 4 ਸਕੂਲਾਂ ਦੀ ਰਜਿਸਟਰੇਸ਼ਨ ਪ੍ਰਕਿਰਿਆ ਅਧੀਨ ਹੈ।
ਉਨ੍ਹਾਂ ਕਿਹਾ ਕਿ ਹਦਾਇਤਾਂ ਦੀ ਪਾਲਣਾ ਨਾ ਕਰਨ ਅਤੇ ਰਜਿਸਟਰੇਸ਼ਨ ਨਾ ਕਰਵਾਉਣ ਦੀ ਹਾਲਤ ਵਿੱਚ ਸਬੰਧਤ ਸਕੂਲਾਂ ਉੱਪਰ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਉਨ੍ਹਾਂ ਸਕੂਲਾਂ ਵਿੱਚ ਦਾਖਲ ਕਰਵਾਉਣ ਨੂੰ ਤਰਜੀਹ ਦੇਣ ਜੋ ਪਹਿਲਾਂ ਹੀ ਵਿਭਾਗ ਨਾਲ ਰਜਿਸਟਰਡ ਹਨ। ਇਸ ਸਬੰਧੀ ਜਾਣਕਾਰੀ ਸਮਾਜ ਭਲਾਈ ਵਿਭਾਗ ਦੀ ਵੈੱਬਸਾਈਟ ’ਤੇ ਵੀ ਅਪਲੋਡ ਕੀਤੀ ਜਾ ਚੁੱਕੀ ਹੈ।