ਅਗਲੇ ਡੇਢ ਸਾਲ ’ਚ ਹੋਵੇਗਾ ਰਿਕਾਰਡਤੋੜ ਵਿਕਾਸ: ਅਮਨ ਅਰੋੜਾ
ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਪਿਛਲੇ ਕਰੀਬ ਸਾਢੇ ਤਿੰਨ ਸਾਲ ਵਿੱਚ ਕਰਵਾਇਆ ਗਿਆ ਵਿਕਾਸ ਤਾਂ ਮਹਿਜ਼ ਟਰੇਲਰ ਹੈ। ਅਗਲੇ ਡੇਢ ਸਾਲ ਵਿੱਚ ਸੂਬੇ ਦਾ ਰਿਕਾਰਡ ਤੋੜ ਸਰਬਪੱਖੀ ਵਿਕਾਸ ਹੋਵੇਗਾ।
ਉਹ ਅੱਜ ਵਿਧਾਨ ਸਭਾ ਹਲਕਾ ਸੁਨਾਮ ਦੇ 17 ਪਿੰਡਾਂ ਵਿੱਚ ਵੱਖ ਵੱਖ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖਣ ਦੇ ਨਾਲ ਨਾਲ ਵਿਕਾਸ ਕਾਰਜਾਂ ਲਈ ਚੈੱਕ ਵੰਡ ਰਹੇ ਸਨ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਇਹ ਪਹਿਲੀ ਵਾਰ ਹੋਵੇਗਾ ਕਿ ਜਿੱਥੇ ਹਰੇਕ ਪਰਿਵਾਰ ਦਾ 10 ਲੱਖ ਰੁਪਏ ਦਾ ਇਲਾਜ ਬੀਮਾ ਹੋਵੇਗਾ। ਬਿਮਾਰੀ ਦੀ ਹਾਲਤ ਵਿੱਚ ਵਿਅਕਤੀ ਨੂੰ ਸਿਰਫ ਹਸਪਤਾਲ ਵਿੱਚ ਜਾ ਕੇ ਦਾਖ਼ਲ ਹੀ ਹੋਣਾ ਹੈ। ਬਾਕੀ ਸਾਰਾ ਕੰਮ ਪੰਜਾਬ ਸਰਕਾਰ ਕਰੇਗੀ।
ਇਹ ਇਲਾਜ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿੱਚ ਬਿਲਕੁਲ ਮੁਫ਼ਤ ਉਪਲਬਧ ਹੋਵੇਗਾ। ਉਨ੍ਹਾਂ ਹਰਿਮੰਦਰ ਸਾਹਿਬ ’ਤੇ ਹਮਲੇ ਸਬੰਧੀ ਪ੍ਰਾਪਤ ਹੋਈਆਂ ਧਮਕੀਆਂ ਬਾਰੇ ਗੱਲ ਕਰਦਿਆਂ ਕਿਹਾ ਕਿ ਹਰਿਮੰਦਰ ਸਾਹਿਬ ਕੁੱਲ ਲੋਕਾਈ ਦਾ ਸਰਬ ਉੱਚ ਕੇਂਦਰ ਹੈ, ਇਸ ਦੀ ਸ਼ਾਨ ਖ਼ਿਲਾਫ਼ ਕਿਸੇ ਵੀ ਵਿਅਕਤੀ ਵੱਲੋਂ ਕੀਤੀ ਕੋਈ ਵੀ ਮਾੜੀ ਹਰਕਤ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਕੈਬਨਿਟ ਮੰਤਰੀ ਨੇ ਪਿੰਡ ਕੁਲਾਰ ਖੁਰਦ ਵਿੱਚ 43.65 ਲੱਖ, ਤੁੰਗਾਂ ਵਿੱਚ 8.50 ਲੱਖ, ਸਿਬੀਆ ਵਿੱਚ 4.65 ਲੱਖ, ਉਪਲੀ ’ਚ 33.50 ਲੱਖ, ਚੱਠੇ ਸੇਖਵਾਂ 7.50 ਲੱਖ, ਭਰੂਰ ’ਚ 05.85 ਲੱਖ, ਲਿੱਦੜਾਂ ਵਿੱਚ ਸੱਤ ਲੱਖ, ਦੁੱਗਾਂ 90.68 ਲੱਖ, ਕੁਨਰਾਂ ਛੇ ਲੱਖ, ਭੰਮਾ ਬੱਦੀ ਪੰਜ ਲੱਖ, ਉਭਾਵਾਲ 84 ਲੱਖ, ਪੱਤੀ ਭਰੀਆਂ ਪੰਜ ਲੱਖ, ਕਿਲ੍ਹਾ ਭਰੀਆਂ ਚਾਰ ਲੱਖ, ਮਿਰਜਾ ਪੱਤੀ ਤੇ ਨਮੋਲ ਸਾਂਝੇ 35 ਲੱਖ, ਮਿਰਜਾ ਪੱਤੀ ਛੇ ਲੱਖ, ਨਮੋਲ 5.50 ਲੱਖ, ਸ਼ੇਰੋਂ ਅੱਠ ਲੱਖ, ਭਗਵਾਨਪੁਰਾ ਅੱਠ ਲੱਖ ਰੁਪਏ ਨਾਲ ਕਰਵਾਏ ਜਾਣ ਵਾਲੇ ਵਿਕਾਸ ਕਾਰਜਾਂ ਲਈ ਨੀਂਹ ਪੱਥਰ ਰੱਖੇ ਤੇ ਚੈੱਕ ਵੰਡੇ। ਇਸ ਮੌਕੇ ਡੀਐੱਸਪੀ ਊਧਮ ਸਿੰਘ ਵਾਲਾ ਹਰਵਿੰਦਰ ਸਿੰਘ ਖਹਿਰਾ, ਡੀਐੱਸਪੀ ਸੰਗਰੂਰ ਸੁਖਦੇਵ ਸਿੰਘ, ਬੀਡੀਪੀਓ ਸੰਗਰੂਰ ਗੁਰਦਰਸ਼ਨ ਸਿੰਘ, ਐੱਸਡੀਓ ਪੰਚਾਇਤੀ ਰਾਜ ਦਵਿੰਦਰ ਸਿੰਘ ਅਤੇ ਹਲਕੇ ਦੇ ਵੱਡੇ ਗਿਣਤੀ ਵਿੱਚ ਸਰਪੰਚ, ਪੰਚ ਅਤੇ ਹੋਰ ਲੋਕ ਹਾਜ਼ਰ ਸਨ।