ਰੱਜੀ ਨੇ ਚਾਂਦੀ ਦਾ ਤਗ਼ਮਾ ਜਿੱਤਿਆ
ਦੇਵੀਗੜ੍ਹ: ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਬੀਤੇ ਦਿਨੀਂ ਅੰਤਰ ਕਾਲਜ ਕਰਾਸ ਕੰਟਰੀ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਯੂਨੀਵਰਸਿਟੀ ਕਾਲਜ ਮੀਰਾਂਪੁਰ ਦੇ ਇੰਚਾਰਜ ਡਾ. ਮਨਪ੍ਰੀਤ ਕੌਰ ਸੋਢੀ ਦੀ ਰਹਿਨਮਈ ਹੇਠ ਅਤੇ ਪ੍ਰੋ. ਡਾ. ਗੁਰਦੇਵ ਸਿੰਘ ਦੀ ਅਗਵਾਈ ਹੇਠ ਵਿਦਿਆਰਥੀਆਂ ਨੇ ਅੰਤਰ ਕਾਲਜ ਕਰਾਸ ਕੰਟਰੀ ਮੁਕਾਬਲੇ ਵਿੱਚ ਹਿੱਸਾ ਲਿਆ। ਮਹਿਲਾ ਵਰਗ ਵਿੱਚ 10 ਕਿਲੋਮੀਟਰ ਦੌੜ ’ਚ ਵਿਦਿਆਰਥਣ ਰੱਜੀ ਨੇ ਦੂਜੀ ਪੁਜੀਸ਼ਨ ਹਾਸਲ ਕਰਦਿਆਂ ਚਾਂਦੀ ਦਾ ਤਗ਼ਮਾ ਜਿੱਤਿਆ। ਇੰਚਾਰਜ ਡਾ. ਮਨਪ੍ਰੀਤ ਕੌਰ ਸੋਢੀ ਨੇ ਡਾ. ਗੁਰਦੇਵ ਸਿੰਘ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਇਸ ਮੌਕੇ ਡਾ. ਪੂਨਮ ਅਤੇ ਡਾ. ਨਿਸ਼ੁ ਗਰਗ ਵੀ ਨਾਲ ਹਾਜ਼ਰ ਸਨ। -ਪੱਤਰ ਪ੍ਰੇਰਕ
ਹੜ੍ਹ ਪੀੜਤਾਂ ਨੂੰ ਫੌਰੀ ਮੁਆਵਜ਼ਾ ਦੇਣ ਦੀ ਮੰਗ
ਘਨੌਰ: ਪੰਜਾਬ ਖਾਦੀ ਅਤੇ ਗ੍ਰਾਮ ਉਦਯੋਗ ਬੋਰਡ ਪੰਜਾਬ ਦੇ ਸਾਬਕਾ ਚੇਅਰਮੈਨ ਅਤੇ ਭਾਜਪਾ ਦੇ ਹਲਕਾ ਘਨੌਰ ਤੋਂ ਮੈਂਬਰਸ਼ਿਪ ਇੰਚਾਰਜ ਹਰਵਿੰਦਰ ਸਿੰਘ ਹਰਪਾਲਪੁਰ ਨੇ ਹਲਕਾ ਘਨੌਰ ਦੇ ਵੱਖ-ਵੱਖ ਪਿੰਡਾਂ ਵਿਖੇ ਦੌਰਾ ਕਰਦਿਆਂ ਹੜ੍ਹ ਪੀੜਤਾਂ ਨਾਲ ਮੁਲਾਕਾਤ ਕੀਤੀ ਅਤੇ ਪੀੜਤਾਂ ਨਾਲ ਦੁੱਖ ਵੰਡਾਇਆ। ਹਰਪਾਲਪੁਰ ਨੇ ਕਿਹਾ ਕਿ ਪੰਜਾਬ ਵਿੱਚ ਭਾਰੀ ਬਰਸਾਤ ਨਾਲ ਆਏ ਹੜ੍ਹਾਂ ਨਾਲ ਲੋਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਕੇਂਦਰ ਨਾਲ ਰਾਬਤਾ ਬਣਾਵੇ ਅਤੇ ਸਪੈਸ਼ਲ ਗਿਰਦਾਵਰੀ ਕਰਵਾ ਕੇ ਲੋਕਾਂ ਨੂੰ ਬਣਦਾ ਮੁਆਵਜ਼ਾ ਸਮੇਂ ਸਿਰ ਦੇਵੇ। -ਨਿੱਜੀ ਪੱਤਰ ਪ੍ਰੇਰਕ
ਅਖੰਡ ਪਾਠ ਦੇ ਭੋਗ ਪਾਏ
ਧੂਰੀ: ਪੰਜਾਬ ਵਿੱਚ ਆਏ ਹੜ੍ਹਾਂ ਦੀ ਰੋਕਥਾਮ ਲਈ ਅਤੇ ਸਰਬਤ ਦੇ ਭਲੇ ਲਈ ਆਸਰਾ ਵੈਲਫੇਅਰ ਫਾਊਂਡੇਸ਼ਨ ਧੂਰੀ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਦੇ ਭੋਗ ਅਤੇ ਅਰਦਾਸ ਏ ਪੀ ਐਨਕਲੇਵ ਧੂਰੀ ਵਿਖੇ ਪਾਏ ਗਏ । ਇਸ ਮੌਕੇ ਪ੍ਰੋ ਓਕਾਰ ਸਿੰਘ ਸਿੱਧੂ , ਆਪ ਆਗੂ ਸਤਿੰਦਰ ਸਿੰਘ ਚੱਠਾ , ਡਾ ਅਨਵਰ ਭਸੌੜ ਮੈਂਬਰ ਵਕਫ਼ ਬੋਰਡ ਪੰਜਾਬ , ਉੱਘੇ ਸਮਾਜ ਸੇਵੀ ਹਰਦੀਪ ਸਿੰਘ ਨੰਨੜੇ , ਕਾਂਗਰਸੀ ਆਗੂ ਗੁਰਬਖ਼ਸ਼ ਸਿੰਘ ਗੁੱਡੂ , ਰਛਪਾਲ ਸਿੰਘ ਭੁੱਲਰਹੇੜੀ ਹਲਕਾ ਕੋਆਰਡੀਨੇਟਰ ਆਪ , ਅਕਾਲੀ ਆਗੂ ਰਣਜੀਤ ਸਿੰਘ ਰੰਧਾਵਾ ਕਾਤਰੋਂ , ਅਕਾਲੀ ਆਗੂ ਗਮਦੂਰ ਸਿੰਘ ਜਵੰਧਾ ਭਸੋੜ , ਕਿਸਾਨ ਆਗੂ ਹਰਬੰਸ ਸਿੰਘ ਲੱਡਾ ਅਤੇ ਹਰਪਾਲ ਸਿੰਘ ਪੇਧਨੀ ਮੌਜੂਦ ਸਨ। ਫਾਊਂਡੇਸ਼ਨ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਪ੍ਰੀਤ ਢੀਂਡਸਾ ਨੇ ਧੰਨਵਾਦ ਕੀਤਾ। -ਨਿੱਜੀ ਪੱਤਰ ਪ੍ਰੇਰਕ
ਰਾਜਿੰਦਰ ਸਿੰਘ ਚਪੜ ਪ੍ਰਧਾਨ ਨਿਯੁਕਤ
ਰਾਜਪੁਰਾ: ਕਾਲਕਾ ਰੋਡ ਪੁਰਾਣਾ ਰਾਜਪੁਰਾ ਵਿਖੇ ਸਥਿਤ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਵਿਖੇ ਸ੍ਰੀ ਗੁਰੂ ਰਵਿਦਾਸ ਟਰੱਸਟ ਕਮੇਟੀ ਦੀ ਚੋਣ ਕੀਤੀ ਗਈ ਜਿਸ ਵਿਚ ਸਰਬਸੰਮਤੀ ਨਾਲ ਗੋਪਾਲ ਗੌੜ ਨੂੰ ਟਰੱਸਟ ਦਾ ਸਥਾਈ ਚੇਅਰਮੈਨ, ਰਾਜਿੰਦਰ ਸਿੰਘ ਚਪੜ ਨੂੰ ਪ੍ਰਧਾਨ, ਨਛੱਤਰ ਸਿੰਘ ਮੀਤ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ ਭਾਗ ਸਿੰਘ, ਜਨਰਲ ਸਕੱਤਰ ਬਲਵੀਰ ਸਿੰਘ, ਖ਼ਜ਼ਾਨਚੀ ਸੂਬੇਦਾਰ ਸੁਖਵੀਰ ਸਿੰਘ ਅਤੇ ਸਟੋਰ ਇੰਚਾਰਜ ਗੁਰਮੁਖ ਸਿੰਘ ਨੂੰ ਚੁਣਿਆ ਗਿਆ। ਇਸ ਤੋਂ ਇਲਾਵਾ ਕੈਪਟਨ ਬਲਵੰਤ ਸਿੰਘ, ਸ਼ੇਰ ਸਿੰਘ, ਠੇਕੇਦਾਰ ਬਲਕਾਰ ਸਿੰਘ, ਡਾ. ਜਗਦੀਪ ਜੱਗੀ ਤੇ ਬਲਵਿੰਦਰ ਸਿੰਘ ਨੂੰ ਮੈਂਬਰ ਨਿਯੁਕਤ ਕੀਤੇ ਗਏ। -ਨਿੱਜੀ ਪੱਤਰ ਪ੍ਰੇਰਕ
ਅਹਿਰੂ ਖੁਰਦ ਦੀ ਘਟਨਾ ’ਤੇ ਹਡਾਣਾ ਵੱਲੋਂ ਦੁੱਖ ਪ੍ਰਗਟ
ਦੇਵੀਗੜ੍ਹ: ਟਾਂਗਰੀ ਨਦੀ ਵਿੱਚ ਪਿਛਲੀ ਦਿਨੀਂ ਆਏ ਪਾਣੀ ਵਿੱਚ ਪਿੰਡ ਅਹਿਰੂ ਖੁਰਦ ਦੇ ਪੰਜ ਬੱਚੇ ਰੁੜ੍ਹਨ ਦੌਰਾਨ 12 ਸਾਲਾ ਮਨਵੀਰ ਪੁੱਤਰ ਦਸਰਥ ਉਰਫ ਭੋਲਾ ਦੀ ਮੌਤ ਹੋ ਗਈ ਜਦਕਿ ਚਾਰਾਂ ਨੂੰ ਬਚਾ ਲਿਆ ਗਿਆ ਸੀ। ਇਸ ਦੁੱਖਦਾਈ ਘਟਨਾ ’ਤੇ ਪੀ ਆਰ ਟੀ ਸੀ ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਪ੍ਰਮਾਤਮਾ ਇਸ ਪਰਿਵਾਰ ਨੂੰ ਇਸ ਅਸਹਿ ਪੀੜ ਸਹਿਣ ਦੀ ਤਾਕਤ ਬਖ਼ਸ਼ੇ। ਉਨ੍ਹਾਂ ਪਰਿਵਾਰ ਨੂੰ ਵੱਧ ਤੋਂ ਵੱਧ ਮਦਦ ਦਿਵਾਉਣ ਦਾ ਵੀ ਭਰੋਸਾ ਦਿੱਤਾ। ਹਡਾਣਾ ਨੇ ਹੜ੍ਹ ਵਰਗੇ ਹਾਲਾਤ ਦੌਰਾਨ ਬੱਚਿਆਂ ਨੂੰ ਖਤਰਨਾਕ ਸਥਾਨਾਂ ਦੇ ਨੇੜੇ ਜਾਣ ਤੋਂ ਰੋਕਣ ਦੀ ਅਪੀਲ ਕੀਤੀ। ਇਸ ਮੌਕੇ ਪ੍ਰਦੀਪ ਜੋਸਨ ਪ੍ਰਧਾਨ ਨਗਰ ਕੌਂਸਲ ਸਨੌਰ, ਲਾਲੀ ਰਹਿਲ, ਰਾਜਾ ਧੰਜੂ ਸਰਪੰਚ ਸਰੁਸਤੀਗੜ੍ਹ, ਗੁਰਿੰਦਰਪਾਲ ਸਿੰਘ ਅਦਾਲਤੀਵਾਲਾ, ਹਰਪਾਲ ਸਿੰਘ ਸਰਪੰਚ, ਵਿਕਰਮ ਹਡਾਣਾ ਆਦਿ ਮੌਜੂਦ ਸਨ। -ਪੱਤਰ ਪ੍ਰੇਰਕ
ਹੜ੍ਹ ਪੀੜਤਾਂ ਲਈ 75 ਹਜ਼ਾਰ ਰੁਪਏ ਦਿੱਤੇ
ਧੂਰੀ: ਹੜ੍ਹ ਪੀੜਤ ਪਰਿਵਾਰਾਂ ਦੀ ਮਦਦ ਲਈ ਗੋਰਾ ਲਾਲ ਕੌਸ਼ਲ ਰਿਟਾਇਰ ਬਿਜਲੀ ਬੋਰਡ ਨੇ ਆਪਣੀ ਇੱਕ ਮਹੀਨੇ ਦੀ ਪੈਨਸ਼ਨ (50 ਹਜ਼ਾਰ ਰੁਪਏ) ਮੁੱਖ ਮੰਤਰੀ ਰਾਹਤ ਫੰਡ ਨੂੰ ਦਿੱਤੀ। ਇਸੇ ਤਰ੍ਹਾਂ ਉਨ੍ਹਾਂ ਦੀ ਪਤਨੀ ਮਧੂ ਕੌਸ਼ਲ, ਡਾਇਰੈਕਟਰ ਰੌਬਿਨ ਮਾਡਲ ਹਾਈ ਸਕੂਲ ਧੂਰੀ ਨੇ ਵੀ 25 ਹਜ਼ਾਰ ਰੁਪਏ ਫੰਡ ਵਿੱਚ ਦਿੱਤੇ। ਦੋਵਾਂ ਦੀ ਦੀ ਕੁੱਲ ਰਕਮ 75 ਹਜ਼ਾਰ ਰੁਪਏ ਬਣਦੀ ਹੈ। ਇਹ ਚੈੱਕ ਸੀਐਮ ਦਫਤਰ ਦੇ ਇੰਚਾਰਜ ਅਤੇ ਮਾਰਕੀਟ ਕਮੇਟੀ ਧੂਰੀ ਦੇ ਚੇਅਰਮੈਨ ਰਾਜਵੰਤ ਸਿੰਘ ਘੁੱਲੀ ਨੂੰ ਦਿੱਤੇ ਗਏ। ਰਾਜਵੰਤ ਸਿੰਘ ਨੇ ਉਨ੍ਹਾਂ ਦਾ ਧੰਨਵਾਦ ਕੀਤਾ। -ਨਿੱਜੀ ਪੱਤਰ ਪ੍ਰੇਰਕ
ਸਲਾਇਟ ਐਲੂਮਨੀ ਐਸੋਸੀਏਸ਼ਨ ਦੀ ਮੀਟਿੰਗ
ਸੰਗਰੂਰ: ਸੰਤ ਲੌਂਗੋਵਾਲ ਇੰਸਟੀਟਿਊਟ ਆਫ਼ ਇੰਜਨੀਅਰਿੰਗ ਐਂਡ ਟੈਕਨੋਲੋਜੀ (ਸਲਾਇਟ ) ਦੀ ਐਲੂਮਨੀ ਐਸੋਸੀਏਸ਼ਨ ਵੱਲੋਂ ‘ਗਲੋਬਲ ਸਲਾਇਟ ਐਲੂਮਨੀ ਵੁਆਇਸ ਐਕਸਪੀਰੀਐਂਸ ਇੰਸਪਾਇਰ ਲੀਡ’ ਵਿਸ਼ੇ ’ਤੇ ਗਲੋਬਲ ਆਨਲਾਈਨ ਮੀਟਿੰਗ ਪ੍ਰੋ. ਰਵੀ ਕਾਂਤ ਮਿਸਰਾ ਡੀਨ ਐਲੂਮਨੀ ਐਂਡ ਇੰਡਸਟੀਅਲ ਰਿਲੇਸ਼ਨ ਅਤੇ ਸੰਸਥਾ ਦੇ ਡਾਇਰੈਕਟਰ ਪ੍ਰੋ. ਮਣੀ ਕਾਂਤ ਪਾਸਵਾਨ ਦੀ ਅਗਵਾਈ ਹੇਠ ਹੋਈ। ਇਸ ਦਾ ਸੰਚਾਲਨ ਡਾ. ਸੁਭੀਤਾ ਭਗਤ ਏਟੀਪੀਓ ਵਲੋਂ ਕੀਤਾ ਗਿਆ ਜਿਸਨੂੰ ਸਟੂਡੈਂਟ ਐਲੂਮਨੀ ਕੋਆਰਡੀਨੇਟਰ ਸ੍ਰੀ ਨਵਪ੍ਰੀਤ ਸਿੰਘ, ਮਨਨੀਤ ਸਿੰਘ, ਬਿਪਾਂਸੂ ਅਤੇ ਕੁਮਾਰੀ ਅੰਕਿਤਾ ਦੇ ਸਹਿਯੋਗ ਨਾਲ ਨੇਪਰੇ ਚੜ੍ਹਾਇਆ ਗਿਆ। -ਨਿੱਜੀ ਪੱਤਰ ਪ੍ਰੇਰਕ
ਪ੍ਰੈਗਾਬਲੀਨ ਕੈਪਸੂਲ ਦੀ ਵਿਕਰੀ ’ਤੇ ਪਾਬੰਦੀ
ਸੰਗਰੂਰ: ਵਧੀਕ ਜ਼ਿਲ੍ਹਾ ਮੈਜਿਸਟਰੇਟ ਸੰਗਰੂਰ ਅਮਿਤ ਬੈਂਬੀ ਵੱਲੋਂ ਭਾਰਤੀ ਨਾਗਰਿਕ ਸੁਰੱਖਿਆ ਸਹਿੰਤਾ (ਬੀ.ਐਨ.ਐਸ.ਐਸ.), 2023 ਦੀ ਧਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਸੰਗਰੂਰ ਵਿੱਚ ਪ੍ਰੈਗਾਬਲੀਨ 75 ਐਮਜੀ ਤੋਂ ਵੱਧ ਮਾਤਰਾ ਦੇ ਕੈਪਸੂਲ ਦੀ ਵਿਕਰੀ ’ਤੇ ਮੁਕੰਮਲ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਕੈਮਿਸਟ ਵੱਲੋਂ ਦਵਾਈ ਦੇਣ ਸਮੇਂ ਪ੍ਰੀਸਕ੍ਰਿਪਸ਼ਨ ਸਲਿੱਪ ਉਤੇ ਆਪਣੀ ਮੋਹਰ ਲਗਾਈ ਜਾਵੇਗੀ ਅਤੇ ਦਵਾਈ ਦੇਣ ਦੀ ਮਿਤੀ ਦਰਜ ਕੀਤੀ ਜਾਵੇਗੀ। ਇਹ ਪਾਬੰਦੀ ਹੁਕਮ 4 ਨਵੰਬਰ ਤੱਕ ਲਾਗੂ ਰਹਿਣਗੇ। -ਨਿੱਜੀ ਪੱਤਰ ਪ੍ਰੇਰਕ
ਡੇਅਰੀ ਸਿਖਲਾਈ ਵਰਕਸ਼ਾਪ 15 ਤੋਂ
ਮਾਲੇਰਕੋਟਲਾ: ਡੇਅਰੀ ਵਿਕਾਸ ਵਿਭਾਗ ਵੱਲੋਂ ਡੇਅਰੀ ਫਾਰਮਿੰਗ ਐਂਡ ਲਿਵਲੀਹੁੱਡ ਫ਼ਾਰ ਅਨੁਸੂਚਿਤ ਜਾਤੀ ਵਰਗ ਦੇ ਲਾਭਪਾਤਰੀਆਂ ਸਕੀਮ ਅਧੀਨ ਅਨੁਸੂਚਿਤ ਜਾਤੀ ਦੇ ਸਿੱਖਿਆਰਥੀਆਂ ਲਈ ਦੋ ਹਫ਼ਤੇ ਦਾ ਮੁਫ਼ਤ ਸਿਖਲਾਈ ਕੋਰਸ ਦਾ ਪਹਿਲਾ ਬੈਚ 15 ਸਤੰਬਰ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਸਬੰਧੀ ਕਾਊਂਸਲਿੰਗ 10 ਸਤੰਬਰ ਨੂੰ ਦਫ਼ਤਰ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਮਾਲੇਰਕੋਟਲਾ ਦੇ ਦਫ਼ਤਰ ਵਿੱਚ ਕੀਤੀ ਜਾਵੇਗੀ। ਡੇਅਰੀ ਸਿਖਲਾਈ ਸਬੰਧੀ ਚਾਹਵਾਨ ਉਮੀਦਵਾਰ ਆਪਣਾ ਫਾਰਮ ਡੇਅਰੀ ਵਿਕਾਸ ਇੰਸਪੈਕਟਰ ਹਰਮੇਸ਼ ਸਿੰਘ ਗਿੱਲ ਜਾਂ ਦਫ਼ਤਰ ਡਿਪਟੀ ਡਾਇਰੈਕਟ ਡੇਅਰੀ ਵਿਕਾਸ ਮਲੇਰਕੋਟਲਾ ਵਿਖੇ ਜਮ੍ਹਾਂ ਕਰਵਾ ਸਕਦੇ ਹਨ। -ਨਿੱਜੀ ਪੱਤਰ ਪ੍ਰੇਰਕ
ਟੀ ਬੀ ਮਰੀਜ਼ਾਂ ਨੂੰ ਰਾਸ਼ਨ ਵੰਡਿਆ
ਸੰਦੌੜ: ਸੀਨੀਅਰ ਮੈਡੀਕਲ ਅਫ਼ਸਰ ਡਾ. ਜੀ ਐੱਸ ਭਿੰਡਰ ਦੀ ਅਗਵਾਈ ਵਿਚ ਬਲਾਕ ਫਤਹਿਗੜ੍ਹ ਪੰਜਗਰਾਈਆਂ ਵਿਚ ਮਨਾਏ ਜਾ ਰਹੇ ਰਾਸ਼ਟਰੀ ਪੋਸ਼ਣ ਹਫ਼ਤਾ ਤਹਿਤ ਟੀ ਬੀ ਦੇ ਲੋੜਵੰਦ ਮਰੀਜ਼ਾਂ ਨੂੰ ਰਾਸ਼ਨ ਕਿੱਟਾਂ ਵੰਡੀਆਂ ਗਈਆਂ ਹਨ। ਬਲਾਕ ਟੀ ਬੀ ਕੰਟਰੋਲ ਪ੍ਰੋਗਰਾਮ ਇੰਚਾਰਜ ਰਾਜੇਸ਼ ਰਿਖੀ ਨੇ ਦੱਸਿਆ ਕਿ ਜ਼ਿਲ੍ਹਾ ਟੀ ਬੀ ਅਫ਼ਸਰ ਡਾ. ਅਵੀ ਗਰਗ ਅਤੇ ਜ਼ਿਲ੍ਹਾ ਐਪੀਡੀਮਾਲੋਜਿਸਟ ਡਾ. ਮੁਨੀਰ ਮੁਹੰਮਦ ਦੀ ਪ੍ਰੇਰਨਾ ਸਦਕਾ ਵਿਸ਼ੇਸ ਹਫਤੇ ਦੇ ਚਲਦਿਆਂ ਮਰੀਜ਼ਾਂ ਨੂੰ ਰਾਸ਼ਨ ਕਿੱਟਾਂ ਵੰਡੀਆਂ ਗਈਆਂ। ਇਸ ਮੌਕੇ ਬਲਾਕ ਐਜ਼ੂਕੇਟਰ ਹਰਪ੍ਰੀਤ ਕੌਰ, ਐਲ ਟੀ ਪ੍ਰਵੀਨ ਖਾਤੂਨ, ਆਸ਼ਾ ਹਾਜ਼ਰ ਸਨ। -ਪੱਤਰ ਪ੍ਰੇਰਕ