ਅੰਬੇਡਕਰ ਪਾਰਕ ’ਚ ਰਾਜਾ ਵੜਿੰਗ ਦਾ ਪੁਤਲਾ ਫੂਕਿਆ
ਡਾ. ਬੀ ਆਰ ਅੰਬੇਡਕਰ ਪਾਰਕ ਪੁਰਾਣਾ ਬੱਸ ਅੱਡਾ ਪਟਿਆਲਾ ਵਿੱਚ ਡਾ. ਭੀਮ ਰਾਓ ਅੰਬੇਡਕਰ ਵੈੱਲਫੇਅਰ ਸੁਸਾਇਟੀ ਪੰਜਾਬ ਅਤੇ ਵਾਲਮੀਕੀ ਧਰਮ ਸਭਾ ਲਾਹੌਰੀ ਗੇਟ ਪਟਿਆਲਾ ਅਤੇ ਸੈਂਟਰਲ ਵਾਲਮੀਕੀ ਸਭਾ ਇੰਡੀਆ ਵੱਲੋਂ ਕਾਂਗਰਸ ਦੇ ਸੂਬਾ ਪ੍ਰਧਾਨ ਤੇ ਸੰਸਦ ਮੈਂਬਰ ਰਾਜਾ ਵੜਿੰਗ ਦਾ ਪੁਤਲਾ ਸਾੜਿਆ ਗਿਆ। ਸੀਨੀਅਰ ਦਲਿਤ ਆਗੂ ਰਾਜੇਸ਼ ਘਾਰੂ, ਸੋਨੂੰ ਸੰਗਰ, ਜਤਿੰਦਰ ਪ੍ਰਿੰਸ, ਬਿਨੈ ਪਰੋਚੇ ਪ੍ਰਧਾਨ, ਹੈਪੀ ਲੋਟ, ਸੰਦੀਪ ਕੁਮਾਰ (ਐੱਮ ਸੀ), ਪਵਨ ਭੁੰਮਕ ਸਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕੇਂਦਰ ਸਰਕਾਰ ਦੇ ਸਾਬਕਾ ਗ੍ਰਹਿ ਮੰਤਰੀ ਬੂਟਾ ਸਿੰਘ ’ਤੇ ਅਪਮਾਨਜਨਕ, ਜਾਤੀ ਸੂਚਕ ਸ਼ਬਦਾਵਲੀ ਵਰਤਦਿਆਂ ਅਪਮਾਨਜਨਕ ਟਿੱਪਣੀਆਂ ਕੀਤੀਆਂ, ਜੋ ਕਿ ਨਿੰਦਣਯੋਗ ਹਨ। ਆਗੂਆਂ ਨੇ ਮੰਗ ਕੀਤੀ ਕਿ ਕਾਂਗਰਸੀ ਪ੍ਰਧਾਨ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਰਾਹੁਲ ਗਾਂਧੀ ਨੂੰ ਅਪੀਲ ਕੀਤੀ ਕਿ ਅਜਿਹੇ ਲੀਡਰ ਨੂੰ ਕਾਂਗਰਸ ਦੀ ਪ੍ਰਧਾਨਗੀ ਤੋਂ ਤੁਰੰਤ ਹਟਾਇਆ ਜਾਵੇ। ਇਸ ਮੌਕੇ ਰੋਸ ਵਜੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਪੁਤਲਾ ਸਾੜਿਆ ਗਿਆ। ਇਸ ਮੌਕੇ ਆਗੂਆਂ ਵਿੱਚ ਲਾਭ ਸਿੰਘ, ਅਮਰਜੀਤ ਸਿੰਘ, ਮੇਵਾ ਸਿੰਘ, ਚੰਦਨ ਕਲਿਆਣ ਪ੍ਰਧਾਨ ਯੂਥ ਵਿੰਗ, ਰਮਨ ਕਲਿਆਣ, ਜਤਿਨ ਪਰੋਚੇ, ਜਗਦੇਵ ਸਿੰਘ, ਸੁਖਦੇਵ ਸਿੰਘ, ਲੱਕੀ ਕਲਿਆਣ, ਰੰਜੀਵ ਕੁਮਾਰ ਅਤੇ ਜਸਪਾਲ ਸਿੰਘ ਹਾਜ਼ਰ ਸਨ।
ਐੱਸ ਸੀ ਐਕਟ ਤਹਿਤ ਕਾਨੂੰਨੀ ਕਾਰਵਾਈ ਦੀ ਮੰਗ
ਧੂਰੀ (ਪਵਨ ਕੁਮਾਰ ਵਰਮਾ): ਕ੍ਰਾਂਤੀਕਾਰੀ ਲੋਕ ਚੇਤਨਾ ਮੰਚ ਦੇ ਕੌਮੀ ਪ੍ਰਧਾਨ ਵਿੱਕੀ ਪਰੋਚਾ ਧੂਰੀ ਅਤੇ ਉਹਨਾਂ ਦੇ ਸਾਥੀਆਂ ਨੇ ਡੀ ਐੱਸ ਪੀ ਧੂਰੀ ਨੂੰ ਡੀ ਜੀ ਪੀ ਪੰਜਾਬ ਦੇ ਨਾਂ ’ਤੇ ਮੰਗ ਪੱਤਰ ਸੌਂਪਿਆ, ਜਿਸ ਵਿੱਚ ਅਮਰਿੰਦਰ ਸਿੰਘ ਰਾਜਾ ਵੜਿੰਗ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਗਈ। ਉਨ੍ਹਾਂ ਰਾਜਾ ਵੜਿੰਗ ਖ਼ਿਲਾਫ਼ ਐੱਸ ਸੀ ਐਕਟ ਦਾ ਪਰਚਾ ਦਰਜ ਕਰਕੇ ਤੁਰੰਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ। ਆਗੂਆਂ ਨੇ ਕਿਹਾ ਕਿ ਜੇਕਰ ਤੁਰੰਤ ਕਾਨੂੰਨੀ ਕਾਰਵਾਈ ਨਾ ਕੀਤੀ ਗਈ ਸਾਰੀਆਂ ਐੱਸ ਸੀ ਜਥੇਬੰਦੀਆਂ ਇਕੱਠੀਆਂ ਹੋ ਕੇ ਸੰਘਰਸ਼ ਵਿੱਢਣਗੀਆਂ। ਇਸ ਮੌਕੇ ਲੈਫਟੀਨੈਂਟ ਦਰਸ਼ਨ ਸਿੰਘ ,ਅਜੇ ਪਰੋਚਾ ਐਮ ਸੀ,ਗੱਬਰ, ਰਾਜਪਾਲ ਸਿੰਘ, ਜਗਸੀਰ ਅਤੇ ਯਾਦਵਿੰਦਰ ਸਿੰਘ ਹਾਜ਼ਰ ਸਨ।
