ਸੰਗਰੂਰ ਤੇ ਭਵਾਨੀਗੜ੍ਹ ’ਚ ਬਣ ਰਹੀਆਂ ਸੜਕਾਂ ’ਤੇ ਸਵਾਲ
ਵਿਧਾਇਕ ਨਰਿੰਦਰ ਕੌਰ ਭਰਾਜ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਸੰਗਰੂਰ ਸ਼ਹਿਰ ਵਿੱਚ ਉਨ੍ਹਾਂ ਸੜਕਾਂ ਦਾ ਕੰਮ ਸ਼ੁਰੂ ਕਰਵਾਇਆ ਸੀ, ਜਿਸ ਵਿੱਚ ਡੀ ਸੀ. ਦਫ਼ਤਰ ਵਾਲੀ ਸੜਕ, ਪੂਨੀਆਂ ਟਾਵਰ ਤੋਂ ਯਾਦਵਿੰਦਰਾ ਹੋਟਲ ਤੱਕ ਸੜਕ ਦਾ ਕੰਮ ਸ਼ਾਮਲ ਹੈ। ਇਸ ਤੋਂ ਇਲਾਵਾ ਜੋਗਿੰਦਰ ਬਸਤੀ ਭਵਾਨੀਗੜ੍ਹ ਅਤੇ ਪਿੰਡ ਲੱਖੇਵਾਲ ਵਿੱਚ ਸੜਕਾਂ ਦਾ ਕੰਮ ਹੋਇਆ ਹੈ। ਉਨ੍ਹਾਂ ਦੱਸਿਆ ਕਿ ਉਹ 6 ਨਵੰਬਰ ਨੂੰ ਸੜਕਾਂ ਦਾ ਕੰਮ ਸ਼ੁਰੂ ਕਰਵਾ ਕੇ ਜ਼ਿਮਨੀ ਚੋਣ ਤਰਨ ਤਾਰਨ ਵਿੱਚ ਪਾਰਟੀ ਵੱਲੋਂ ਲੱਗੀ ਡਿਊਟੀ ਨਿਭਾਉਣ ਚਲੇ ਗਏ। ਇਸ ਦੌਰਾਨ ਉਨ੍ਹਾਂ ਨੂੰ ਫੋਨ ’ਤੇ ਸ਼ਿਕਾਇਤਾਂ ਮਿਲੀਆਂ ਕਿ ਸੜਕਾਂ ਦੇ ਕੰਮ ਲਈ ਘਟੀਆ ਸਮੱਗਰੀ ਵਰਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਅੱਜ ਮੁੱਖ ਮੰਤਰੀ ਭਗਵੰਤ ਮਾਨ ਨਾਲ ਸੜਕਾਂ ਦੇ ਕੰਮ ਸਬੰਧੀ ਗੱਲਬਾਤ ਹੋਈ ਹੈ, ਜਿਸ ਤੋਂ ਬਾਅਦ ਮੁੱਖ ਮੰਤਰੀ ਨੇ ਤੁਰੰਤ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਆਦੇਸ਼ ਦਿੱਤੇ ਹਨ ਕਿ ਸੰਗਰੂਰ ਅਤੇ ਭਵਾਨੀਗੜ੍ਹ ਵਿਚ ਸੜਕਾਂ ਦਾ ਜੋ ਵੀ ਕੰਮ ਹੋਇਆ ਹੈ, ਭਾਵੇਂ ਉਹ ਲੋਕ ਨਿਰਮਾਣ ਵਿਭਾਗ ਰਾਹੀਂ ਹੋਇਆ ਹੈ, ਭਾਵੇਂ ਕਿਸੇ ਹੋਰ ਸਬੰਧਤ ਠੇਕੇਦਾਰ ਰਾਹੀਂ ਹੋਇਆ ਹੈ, ਦੀ ਜਾਂਚ ਕਰਵਾਈ ਜਾਵੇ।
ਵਿਧਾਇਕ ਭਰਾਜ ਨੇ ਕਿਹਾ ਕਿ ਸੜਕਾਂ ਦੇ ਚੱਲ ਰਹੇ ਕੰਮਾਂ ਮੌਕੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਦਾ ਮੌਕੇ ’ਤੇ ਹਾਜ਼ਰ ਨਾ ਹੋਣਾ ਲਾਪ੍ਰਵਾਹੀ ਹੈ। ਉਨ੍ਹਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵੀ ਚਿਤਾਵਨੀ ਦਿੰਦਿਆਂ ਕਿਹਾ ਕਿ ਕੰਮਾਂ ਨੂੰ ਕੋਲ ਖੜ੍ਹ ਕੇ ਕਰਵਾਉਣਾ ਅਧਿਕਾਰੀਆ ਦੀ ਜ਼ਿੰਮੇਵਾਰੀ ਹੈ, ਕੁਤਾਹੀ ਵਰਤਣ ਵਾਲਿਆਂ ਖ਼ਿਲਾਫ਼ ਕਾਰਵਾਈ ਹੋਵੇਗੀ।
ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਵਧੀਕ ਡਿਪਟੀ ਕਮਿਸ਼ਨਰ ਅਮਿਤ ਬੈਂਬੀ ਨੇ ਸੰਗਰੂਰ ਅਤੇ ਭਵਾਨੀਗੜ੍ਹ ਵਿੱਚ ਬਣ ਰਹੀਆਂ ਸੜਕਾਂ ਦੀ ਜਾਂਚ ਦੇ ਹੁਕਮ ਦੇ ਦਿੱਤੇ ਹਨ। ਉਨ੍ਹਾਂ ਐਕਸੀਅਨ ਲੋਕ ਨਿਰਮਾਣ ਵਿਭਾਗ ਨੂੰ ਪੱਤਰ ਲਿਖ ਕੇ ਨਗਰ ਕੌਂਸਲ ਸੰਗਰੂਰ ਵੱਲੋਂ ਬਣਾਈਆਂ ਜਾ ਰਹੀਆਂ ਸੜਕਾਂ ਅਤੇ ਨਗਰ ਕੌਂਸਲ ਭਵਾਨੀਗੜ੍ਹ ਵੱਲੋਂ ਸੰਗਤਪੁਰਾ ਅਤੇ ਜੋਗਿੰਦਰ ਬਸਤੀ ਵਿਚ ਬਣਾਈਆਂ ਜਾ ਰਹੀਆਂ ਸੜਕਾਂ ਦੀ ਜਾਂਚ ਰਿਪੋਰਟ ਸੌਂਪਣ ਲਈ ਕਿਹਾ। ਉਨ੍ਹਾਂ ਕਿਹਾ ਕਿ ਰਿਪੋਰਟ ਮਿਲਣ ਤੋਂ ਬਾਅਦ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ ਅਤੇ ਕੋਈ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
