Punjab News - Drugs Menace: ਨਸ਼ਿਆਂ ਨੇ ਲਈ ਪਿੰਡ ਬਖੋਪੀਰ ਦੇ ਨੌਜਵਾਨ ਦੀ ਜਾਨ
ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 18 ਮਈ
Punjab News - Drugs Menace: ਪੰਜਾਬ ਸਰਕਾਰ ਨੇ ਭਾਵੇਂ ਪੂਰੇ ਪੰਜਾਬ ਵਿੱਚ ‘ਯੁੱਧ ਨਸ਼ਿਆਂ ਵਿਰੁੱਧ’ (War Against Drugs) ਮੁਹਿੰਮ ਛੇੜੀ ਹੋਈ ਹੈ, ਪਰ ਤਾਂ ਵੀ ਨਸ਼ਿਆਂ ਦੀ ਦਲਦਲ ਵਿੱਚ ਫਸ ਕੇ ਨੌਜਵਾਨਾਂ ਦੀਆਂ ਮੌਤਾਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ।
ਇਸੇ ਤਰ੍ਹਾਂ ਇੱਥੋਂ ਨੇੜਲੇ ਪਿੰਡ ਬਖੋਪੀਰ ਵਿਖੇ ਬੀਤੀ ਸ਼ਾਮ ਨੌਜਵਾਨ ਮਨਪ੍ਰੀਤ ਸਿੰਘ (24) ਨਸ਼ਿਆਂ ਦੀ ਭੇਟ ਚੜ੍ਹ ਗਿਆ। ਅੱਜ ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਨੇ ਬਹੁਤ ਹੀ ਗਮਗੀਨ ਮਾਹੌਲ ਵਿਚ ਮਨਪ੍ਰੀਤ ਸਿੰਘ ਦਾ ਸਸਕਾਰ ਕਰ ਦਿੱਤਾ।
ਇਸ ਸਬੰਧੀ ਪਿੰਡ ਦੇ ਸਾਬਕਾ ਸਰਪੰਚ ਕੁਲਵੰਤ ਸਿੰਘ ਨੇ ਦੱਸਿਆ ਕਿ ਮਨਪ੍ਰੀਤ ਸਿੰਘ ਬਹੁਤ ਮਿਲਣਸਾਰ ਨੌਜਵਾਨ ਸੀ, ਪਰ ਪੰਜਾਬ ਵਿੱਚ ਚੱਲ ਰਹੇ ਨਸ਼ਿਆਂ ਦੇ ਮਾਰੂ ਰੁਝਾਨ ਦੀ ਦਲਦਲ ਵਿੱਚ ਹੋਰਨਾਂ ਨੌਜਵਾਨਾਂ ਵਾਂਗ ਹੀ ਫਸ ਗਿਆ ਅਤੇ ਅਖੀਰ ਆਪਣੀ ਜ਼ਿੰਦਗੀ ਤੋਂ ਹੱਥ ਧੋ ਬੈਠਾ।
ਪਿੰਡ ਵਾਸੀਆਂ ਨੇ ਦੱਸਿਆ ਕਿ ਬੀਤੀ ਸ਼ਾਮ ਮਨਪ੍ਰੀਤ ਸਿੰਘ ਆਪਣੇ ਘਰ ਦੇ ਬਾਹਰ ਬਣੀ ਫਲੱਸ਼ ਵਿੱਚ ਮ੍ਰਿਤਕ ਹਾਲਤ ਵਿੱਚ ਪਿਆ ਮਿਲਿਆ। ਉਸ ਦੀ ਬਾਂਹ ’ਤੇ ਲਗਾਇਆ ਹੋਇਆ ਨਸ਼ੇ ਦਾ ਟੀਕਾ ਵੀ ਉਸੇ ਤਰ੍ਹਾਂ ਬਾਂਹ ’ਤੇ ਲੱਗਿਆ ਹੋਇਆ ਸੀ। ਮਨਪ੍ਰੀਤ ਸਿੰਘ ਦੇ ਪਿਤਾ ਹਰਪ੍ਰੀਤ ਸਿੰਘ ਕੁੱਝ ਸਾਲ ਪਹਿਲਾਂ ਮੌਤ ਹੋ ਗਈ ਸੀ ਅਤੇ ਹੁਣ ਉਹ ਆਪਣੀ ਮਾਂ ਕੋਲ ਹੀ ਰਹਿੰਦਾ ਸੀ।