ਡੇਂਗੂ ਦੇ ਦੋ ਸ਼ੱਕੀ ਮਰੀਜ਼ਾਂ ਦੀ ਮੌਤ ਕਾਰਨ ਲੋਕਾਂ ’ਚ ਰੋਸ
ਸ਼ੇਰਪੁਰ ਦੇ ਉੱਦਮੀ ਤੇ ਉਤਸ਼ਾਹੀ ਨੌਜਵਾਨ ਹਰਵਿੰਦਰ ਸਿੰਘ ਸਰਾਂ ਨੇ ਸਿਹਤ ਵਿਭਾਗ ਦੀ ਕਾਰਗੁਜ਼ਾਰੀ ’ਤੇ ਉਂਗਲ ਚੁਕਦਿਆਂ ਦਾਅਵਾ ਕੀਤਾ ਕਿ ਸ਼ੇਰਪੁਰ ਵਿੱਚ ਹੋ ਰਹੀਆਂ ਮੌਤਾਂ ਦਾ ਕਾਰਨ ਡੇਂਗੂ ਹੈ ਪਰ ਹੈਰਾਨੀਜਨਕ ਹੈ ਕਿ ਵਿਭਾਗ ਇਸ ਨੂੰ ਮੰਨਣ ਲਈ ਵੀ ਤਿਆਰ ਨਹੀਂ। ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਰਵੀਦਾਸ ਗੁਰੁਦੁਆਰਾ ਸਾਹਿਬ ਤੋਂ ਰਾਮਬਾਗ ਰੋਡ ’ਤੇ ਮਜ਼ਦੂਰ ਪਰਿਵਾਰਾਂ ਦੇ ਘਰਾਂ ਵਿੱਚ ਹਰ ਤੀਜੇ ਘਰ ਕੋਈ ਨਾ ਕੋਈ ਬਿਮਾਰ ਪਿਆ ਹੈ ਅਤੇ ਸਿਹਤ ਵਿਭਾਗ ਵੱਲੋਂ ਖੂਨ ਦੇ ਨਮੂਨੇ ਲੈ ਕੇ ਕੋਈ ਰਾਹਤ ਨਾ ਪਹੁੰਚਾੳਣ ਕਾਰਨ ਲੋਕ ਪ੍ਰਾਈਵੇਟ ਡਾਕਟਰਾਂ ਅਤੇ ਪ੍ਰਾਈਵੇਟ ਲੈਬਾਰਟਰੀਆਂ ਤੋਂ ਮਹਿੰਗੇ ਭਾਅ ’ਤੇ ਇਲਾਕ ਅਤੇ ਟੈਸ਼ਟ ਕਰਵਾਏ ਜਾਣ ਲਈ ਮਜ਼ਬੂਰ ਹਨ।
ਸਿੱਖ ਬੁੱਧੀਜੀਵੀ ਮੰਚ ਦੇ ਪ੍ਰਧਾਨ ਮਾਸਟਰ ਹਰਬੰਸ ਸਿੰਘ ਸ਼ੇਰਪੁਰ ਨੇ ਕਿਹਾ ਕਿ ਕਈ ਸਾਲ ਪਹਿਲਾਂ ਵੀ ਡੇਂਗੂ ਨਾਲ ਸ਼ੇਰਪੁਰ ’ਚ ਮੌਤਾਂ ਹੋਣ ਲੱਗੀਆਂ ਸਨ ਜਿਸ ਕਰਕੇ ਵਿਭਾਗ ਵੱਲੋਂ ਖੂਨ ਦੇ ਨਮੂਨੇ ਲੈ ਕੇ ਡੇਂਗੂ ਦਾ ਸੰਗਰੂਰ ਮੁੱਖ ਲਬਾਟਰੀ ਨੂੰ ਭੇਜਿਆ ਜਾਂਦਾ ਰਿਹਾ ਹੈ ਜਿਸ ਦੀ ਰਿਪੋਰਟ ਦੂਜੇ ਦਿਨ ਆਉਂਦੀ ਸੀ। ਉਨ੍ਹਾਂ ਸਿਹਤ ਵਿਭਾਗ ਵੱਲੋਂ ਖੂਨ ਦੇ ਨਮੂਨੇ ਲੈ ਕੇ ਸਾਰੇ ਟੈਸਟ ਮੁਫ਼ਤ ਕਰਵਾਏ ਜਾਣ ਦੀ ਵਿਵਸਥਾ ਕੀਤੀ ਜਾਵੇ। ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਜਸਮੇਲ ਸਿੰਘ ਬੜੀ ਨੇ ਦੱਸਿਆ ਕਿ ਲੰਬੀ ਲੜਾਈ ਲੜਕੇ ਸ਼ੇਰਪੁਰ ’ਚ ਐਮਰਜੈਂਸੀ ਸੇਵਾਵਾਂ ਸ਼ੁਰੂ ਕਰਵਾਈਆਂ ਸਨ ਪਰ ਹੁਣ ਐਮਰਜੈਂਸੀ ਸੇਵਾਵਾਂ ਵੀ ਬੰਦ ਹਨ ਅਤੇ ਹਸਪਤਾਲ ਡਾਕਟਰੀ ਅਮਲੇ ਦੀ ਘਾਟ ਕਾਰਨ ਰੈਫਰ ਸੈਂਟਰ ਬਣ ਕੇ ਰਹਿ ਗਿਆ ਹੈ।
ਉੱਚ ਅਧਿਕਾਰੀਆਂ ਨੂੰ ਪੱਤਰ ਲਿਖਾਂਗੇ: ਐੱਸ ਐੱਮ ਓ
ਐੱਸ ਐੱਮ ਓ ਸ਼ੇਰਪੁਰ ਡਾ. ਜਸਦੀਪ ਸਿੰਘ ਨੇ ਦੱਸਿਆ ਕਿ ਸ਼ੇਰਪੁਰ ’ਚ ਡੇਂਗੂ ਦੇ ਖ਼ਦਸ਼ੇ ਕਾਰਨ ਲੋਕਾਂ ਦੀ ਮੰਗ ਨੂੰ ਦੇਖਦਿਆਂ ਟੈਸਟ ‘ਅਲੀਜਾ’ ਦੇ ਨਮੂਨੇ ਲੈਣ ਦੀ ਪ੍ਰਵਾਨਗੀ ਲਈ ਉੱਚ ਅਧਿਕਾਰੀਆਂ ਨੂੰ ਭਲਕੇ ਪੱਤਰ ਲਿਖਣਗੇ। ਉਨ੍ਹਾਂ ਕਿਹਾ ਕਿ ਸੀਬੀਸੀ ਸਣੇ ਹੋਰ ਟੈਸਟ ਸਰਕਾਰੀ ਹਸਪਤਾਲ ਸ਼ੇਰਪੁਰ ’ਚ ਹੁੰਦੇ ਹਨ ਜਿਸ ਦਾ ਲੋਕ ਲਾਹਾ ਲੈ ਸਕਦੇ ਹਨ। ਡੇਂਗੂ ਸਬੰਧੀ ਉਨ੍ਹਾਂ ਦੱਸਿਆ ਕਿ ਮਰੀਜ਼ ਕਿਸੇ ਵੀ ਹਸਪਤਾਲ ਦਾਖਲ ਹੋਵੇ, ਡੇਂਗੂ ਦੀ ਪੁਸ਼ਟੀ ਹੋਣ ’ਤੇ ਬਕਾਇਦਾ ਨੋਟੀਫਾਈ ਕਰਕੇ ਵਿਭਾਗ ਦੇ ਜ਼ਿਲ੍ਹਾ ਹੈੱਡਕੁਆਟਰ ਕੋਲ ਰਿਪੋਰਟ ਹੁੰਦੀ ਹੈ।