ਜਨਤਕ ਜਥੇਬੰਦੀਆਂ ਐੱਸ ਐੱਸ ਪੀ ਦਫ਼ਤਰ ਅੱਗੇ ਧਰਨੇ ਲਈ ਬਜ਼ਿੱਦ
ਕਿਰਤੀ ਕਿਸਾਨ ਯੂਨੀਅਨ ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਨਿਰਭੈ ਸਿੰਘ ਖਾਈ ’ਤੇ ਪਿਛਲੇ ਸਮੇਂ ਦੌਰਾਨ ਕਥਿਤ ਸਿਆਸੀ ਸ਼ਹਿਰ ਪ੍ਰਾਪਤ ਭੂ-ਮਾਫ਼ੀਆ ਵੱਲੋਂ ਕੀਤੇ ਕਾਤਲਾਨਾ ਹਮਲੇ ਦੇ ਮਾਮਲੇ ਵਿੱਚ ਮੁਲਜ਼ਮਾਂ ਖ਼ਿਲਾਫ਼ ਜ਼ਿਲ੍ਹਾ ਪੁਲੀਸ ਵੱਲੋਂ ਕੀਤੀ ਜਾ ਰਹੀ ਢਿੱਲੀ ਕਾਰਗੁਜ਼ਾਰੀ ਅਤੇ ਕੇਸ ਨੂੰ ਕਮਜ਼ੋਰ ਕਰਨ ਦੀਆਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੇ ਖ਼ਿਲਾਫ਼ ਕਿਰਤੀ ਕਿਸਾਨ ਯੂਨੀਅਨ ਅਤੇ ਡੈਮੋਕਰੇਟਿਕ ਟੀਚਰਜ਼ ਫਰੰਟ ਵੱਲੋਂ 25 ਸਤੰਬਰ ਨੂੰ ਐੱਸਐੱਸਪੀ ਸੰਗਰੂਰ ਦਫਤਰ ਅੱਗੇ ਧਰਨੇ ਤੋਂ ਪਹਿਲਾਂ ਅੱਜ ਐੱਸ ਐੱਸ ਪੀ ਸੰਗਰੂਰ ਵੱਲੋਂ ਜਥੇਬੰਦੀਆਂ ਦੇ ਵਫਦ ਨੂੰ ਮੀਟਿੰਗ ਲਈ ਬੁਲਾਇਆ ਗਿਆ ਸੀ। ਇਸ ਬਾਰੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਰਾਜਿੰਦਰ ਸਿੰਘ ਦੀਪਸਿੰਘ ਵਾਲਾ, ਸੂਬਾ ਪ੍ਰੈੱਸ ਸਕੱਤਰ ਅਤੇ ਐੱਸ ਕੇ ਐੱਮ ਦੇ ਆਗੂ ਰਮਿੰਦਰ ਸਿੰਘ ਪਟਿਆਲਾ, ਕਿਰਤੀ ਕਿਸਾਨ ਯੂਨੀਅਨ ਯੂਥ ਵਿੰਗ ਦੇ ਸੂਬਾ ਆਗੂ ਭੁਪਿੰਦਰ ਸਿੰਘ ਲੌਂਗੋਵਾਲ, ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ,ਜ਼ਿਲ੍ਹਾ ਸਕੱਤਰ ਦਰਸ਼ਨ ਸਿੰਘ ਕੁੰਨਰਾਂ ਅਤੇ ਡੈਮੋਕਰੇਟਿਕ ਟੀਚਰਜ਼ ਫਰੰਟ ਦੇ ਸੂਬਾ ਆਗੂ ਮੇਘਰਾਜ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਗਿਰ ਨੇ ਦੱਸਿਆ ਕਿ ਜਦੋਂ ਸੂਬੇ ਦੇ ਆਗੂ ਮੀਟਿੰਗ ਲਈ ਪਹੁੰਚੇ ਤਾਂ ਇੱਕ ਘੰਟਾ ਬਿਠਾਉਣ ਤੋਂ ਬਾਅਦ ਉਨ੍ਹਾਂ ਨੂੰ ਕਹਿ ਦਿੱਤਾ ਗਿਆ ਕਿ ਐੱਸ ਐੱਸ ਪੀ ਸਾਹਿਬ ਕਿਤੇ ਮੀਟਿੰਗ ਵਿੱਚ ਗਏ ਹਨ। ਜ਼ਿਲ੍ਹਾ ਪੁਲੀਸ ਦੇ ਅਜਿਹੇ ਰਵੱਈਏ ਖਿਲਾਫ ਜਥੇਬੰਦੀਆਂ ਦੇ ਆਗੂਆਂ ਨੇ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਜ਼ਿਲ੍ਹੇ ਸੰਗਰੂਰ ਵਿੱਚ ਅਮਨ ਕਾਨੂੰਨ ਦੀ ਸਥਿਤੀ ਗੰਭੀਰ ਬਣੀ ਹੋਈ ਹੈ ਜਿਸ ਪ੍ਰਤੀ ਜ਼ਿਲ੍ਹੇ ਦੇ ਅਫਸਰਾਂ ਦੀ ਕਾਰਗੁਜ਼ਾਰੀ ਬਹੁਤ ਹੀ ਮਾੜੀ ਹੈ। ਕਿਸਾਨ ਆਗੂ ਨਿਰਭੈ ਸਿੰਘ ਖਾਈ ਉਪਰ ਸਿਆਸੀ ਸ਼ਹਿ ’ਤੇ 25 ਅਪਰੈਲ ਨੂੰ ਹਮਲਾ ਹੋਇਆ ਸੀ ਪਰ ਪੰਜ ਮਹੀਨੇ ਬੀਤਣ ਦੇ ਬਾਵਜੂਦ ਵੀ ਪੁਲੀਸ ਨੇ ਸਹੀ ਤਰੀਕੇ ਨਾਲ ਕੇਸ ਦੀ ਪੈਰਵਾਈ ਨਹੀਂ ਕੀਤੀ ਸਗੋਂ ਕੇਸ ਵਿੱਚ ਢਿੱਲ ਮੱਠ ਦਿਖਾਈ ਜਾ ਰਹੀ ਹੈ
ਇਸ ਦੌਰਾਨ ਕਿਸਾਨ ਆਗੂਆਂ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਨਿਰਭੈ ਸਿੰਘ ਨੂੰ ਇਨਸਾਫ ਦਵਾਉਣ ਲਈ 25 ਸਤੰਬਰ ਨੂੰ ਵੱਧ ਚੜ੍ਹ ਕੇ ਐੱਸ ਐੱਸ ਪੀ ਦਫਤਰ ਸੰਗਰੂਰ ਅੱਗੇ ਪੁੱਜਣ। ਆਗੂਆਂ ਨੇ ਕਿਹਾ ਕਿ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ।