ਲੋਕ ਹਿੱਤ ਸੰਘਰਸ਼ ਕਮੇਟੀ ਦੀ ਮੀਟਿੰਗ
ਪੱਤਰ ਪ੍ਰੇਰਕ
ਸੁਨਾਮ ਊਧਮ ਸਿੰਘ ਵਾਲਾ, 16 ਮਾਰਚ
ਇੱਥੇ ਬਖਸ਼ੀਵਾਲਾ ਰੋਡ ਸਥਿਤ ਸਾਥੀ ਹਾਊਸ ਵਿੱਚ ਸ਼ਹੀਦ ਊਧਮ ਸਿੰਘ ਲੋਕ ਹਿੱਤ ਸੰਘਰਸ਼ ਕਮੇਟੀ ਦੀ ਇੱਕ ਮੀਟਿੰਗ ਕਾਮਰੇਡ ਰਾਮ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਸ਼ਹੀਦ ਊਧਮ ਸਿੰਘ ਲੋਕ ਹਿੱਤ ਸੰਘਰਸ਼ ਕਮੇਟੀ ਦੇ ਕਨਵੀਨਰ ਕਾਮਰੇਡ ਵਰਿੰਦਰ ਕੌਸ਼ਿਕ ਵਲੋਂ ਦੇਸ਼ ਅਤੇ ਕੌਮ ਦੇ ਮਹਾਨ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਦਾ ਸ਼ਹੀਦੀ ਦਿਹਾੜਾ ਮਨਾਉਣ ਸਬੰਧੀ ਮਤਾ ਪੇਸ਼ ਕੀਤਾ ਗਿਆ ਜਿਸ ਨੂੰ ਕਮੇਟੀ ਦੇ ਹਾਜ਼ਰ ਮੈਂਬਰਾਂ ਵੱਲੋਂ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਇਹ ਸ਼ਹੀਦੀ ਦਿਹਾੜਾ 22 ਮਾਰਚ ਸ਼ਹੀਦ ਭਗਤ ਚੌਕ (ਜਾਖਲ ਰੋਡ) ’ਤੇ ਲੱਗੇ ਸ਼ਹੀਦ ਭਗਤ ਸਿੰਘ ਦੇ ਬੁੱਤ ’ਤੇ ਮਨਾਇਆ ਜਾਵੇਗਾ। ਇੱਕ ਹੋਰ ਮਤੇ ਵਿੱਚ ਕਮੇਟੀ ਦੇ ਕੰਮ ਅਤੇ ਗਤੀਵਿਧੀਆਂ ਨੂੰ ਸਚਾਰੂ ਢੰਗ ਨਾਲ ਚਲਾਉਣ ਲਈ ਐੱਸਯੂਐੱਸ ਲੋਕ ਹਿੱਤ ਸੰਘਰਸ਼ ਕਮੇਟੀ ਦੇ ਖਜ਼ਾਨਚੀ ਦੇ ਅਹੁਦੇ ਦੀ ਜ਼ਿੰਮੇਵਾਰੀ ਹਰਭਗਵਾਨ ਸ਼ਰਮਾ ਅਤੇ ਕਾਮਰੇਡ ਨਿਰਮਲ ਸਿੰਘ ਨੂੰ ਦਿੱਤੀ ਗਈ ਅਤੇ ਕਾਨੂੰਨੀ ਸਲਾਹਕਾਰ ਦੀ ਜ਼ਿੰਮੇਵਾਰੀ ਐਡਵੋਕੇਟ ਮਿੱਤ ਸਿੰਘ ਜਨਾਲ ਅਤੇ ਐਡਵੋਕੇਟ ਬਲਦੇਵ ਕ੍ਰਿਸ਼ਨ ਸ਼ਰਮਾ ਨੂੰ ਦੇਣ ਦਾ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ। ਇਸ ਮੌਕੇ ਗੁਰਜੰਟ ਸਿੰਘ ਪ੍ਰਧਾਨ ਇਮਾਰਤੀ ਰੰਗ ਸਾਜ਼ ਯੂਨੀਅਨ, ਦਲਜੀਤ ਸਿੰਘ ਗਿੱਲ ਮੋਰਾਂਵਾਲੀ, ਮਾਸਟਰ ਦਰਸ਼ਨ ਸਿੰਘ ਮੱਟੂ ਨੀਲੋਵਾਲ ਤੇ ਤਰਸੇਮ ਸਿੰਘ ਆਦਿ ਹਾਜ਼ਰ ਸਨ।