ਲੋਕ ਚੇਤਨਾ ਮੰਚ ਦੀ ਮੀਟਿੰਗ
ਪੱਤਰ ਪ੍ਰੇਰਕ
ਲਹਿਰਾਗਾਗਾ, 4 ਮਾਰਚ
ਲੋਕ ਚੇਤਨਾ ਮੰਚ ਲਹਿਰਾਗਾਗਾ ਨੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਯਾਦ ਵਿੱਚ ਸਮਾਗਮ ਦੀਆਂ ਤਿਆਰੀਆਂ ਵਿੱਢ ਦਿੱਤੀਆਂ ਹਨ। ਮੰਚ ਦੀ ਇੱਕ ਅਹਿਮ ਮੀਟਿੰਗ ਸੀਨੀਅਰ ਮੀਤ ਪ੍ਰਧਾਨ ਜਗਜੀਤ ਭੁਟਾਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ 23 ਮਾਰਚ ਨੂੂੰ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦੇ ਸ਼ਹੀਦੀ ਦਿਹਾੜੇ ਮੌਕੇ ਲਹਿਰਾਗਾਗਾ ਦੀ ਪੁਰਾਣੀ ਅਨਾਜ ਮੰਡੀ ’ਚ ਵਿਸ਼ਾਲ ਇਨਕਲਾਬੀ ਸੱਭਿਆਚਾਰਕ ਸਮਾਗਮ ਕਰਵਾਉਣ ਲਈ ਡਿਊਟੀਆਂ ਲਾਈਆਂ ਗਈਆਂ। ਸਾਥੀ ਹਰੀ ਸਿੰਘ ਤਰਕ ਯਾਦਗਾਰੀ ਸਨਮਾਨ ਇਨਕਲਾਬੀ ਗਾਇਕ ਅਜਮੇਰ ਸਿੰਘ ਅਕਲੀਆ ਨੂੰ ਦੇਣ ਦਾ ਫੈਸਲਾ ਕੀਤਾ। ਇਸ ਪ੍ਰੋਗਰਾਮ ਵਿੱਚ ਲੋਕ ਕਲਾ ਮੰਚ, ਮੰਡੀ ਮੁੱਲਾਂਪੁਰ ਦੀ ਨਾਟਕ ਟੀਮ ਵੱਲੋਂ ਸੁਰਿੰਦਰ ਸ਼ਰਮਾ ਦੀ ਨਿਰਦੇਸ਼ਨਾਂ ਹੇਠ ਨਾਟਕ ਖੇਡੇ ਜਾਣਗੇ। ਮਾਲਵਾ ਹੇਕ, ਲਹਿਰਾਗਾਗਾ ਅਤੇ ਇਨਕਲਾਬੀ ਗਾਇਕ ਅਜਮੇਰ ਅਕਲੀਆ ਵਲੋਂ ਗੀਤ ਸੰਗੀਤ ਦਾ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਇਸ ਮੀਟਿੰਗ ਨੂੰ ਹਰਭਗਵਾਨ ਗੁਰਨੇ, ਜਗਦੀਸ਼ ਪਾਪੜਾ, ਮਹਿੰਦਰ ਸਿੰਘ, ਵਰਿੰਦਰ ਭੁਟਾਲ, ਗੁਰਚਰਨ ਸਿੰਘ, ਬਲਦੇਵ ਸਿੰਘ ਚੀਮਾ, ਲਛਮਣ ਸਿੰਘ ਅਲੀਸ਼ੇਰ, ਮਾਸਟਰ ਰਤਨਪਾਲ ਡੂਡੀਆਂ, ਮਾਸਟਰ ਕੁਲਦੀਪ ਸਿੰਘ, ਜੋਰਾ ਸਿੰਘ ਗਾਗਾ, ਰਾਮ ਖਾਈ ਅਤੇ ਰਣਦੀਪ ਸੰਗਤਪੁਰਾ ਨੇ ਵੀ ਸੰਬੋਧਨ ਕੀਤਾ।