ਮਨੋਵਿਗਿਆਨਕ ਚਿਕਿਤਸਕ ਪਵਿੱਤਰ ਸਿੰਘ ਉਰਫ਼ ਬਾਬਾ ਦਾ ਤੇਜ਼ਧਾਰ ਹਥਿਆਰ ਨਾਲ ਕਤਲ
ਇਸ ਸਬੰਧੀ ਗੋਬਿੰਦਰ ਸਿੰਘ ਵਾਸੀ ਪਿੰਡ ਚੱਠੇ ਨਨਹੇੜਾ ਹਾਲ ਅਬਾਦ ਰਾਮਪੁਰਾ ਨੇ ਇਥੇ ਥਾਣੇ ਵਿਚ ਸ਼ਿਕਾਇਤ ਲਿਖਾਈ ਕਿ ਉਹ ਪਵਿੱਤਰ ਸਿੰਘ ਉਰਫ਼ ਬਾਬਾ ਨੇ ਦੋਵੇਂ ਲੱਤਾਂ ਤੋਂ ਅਪਾਹਜ ਹੋਣ ਕਾਰਨ ਵਿਆਹ ਨਹੀਂ ਕਰਵਾਇਆ ਸੀ, ਜਿਸ ਕਾਰਨ ਉਹ ਅਤੇ ਉਸ ਦਾ ਭਰਾ ਪਵਿੱਤਰ ਸਿੰਘ ਦੇ ਘਰ ਹੀ ਰਹਿ ਰਹੇ ਹਨ। ਉਸ ਨੇ ਦੱਸਿਆ ਕਿ ਪਵਿੱਤਰ ਸਿੰਘ ਦਾ ਭਤੀਜਾ ਮਨਵੀਰ ਸਿੰਘ ਉਰਫ਼ ਅਨੂ ਨਸ਼ੇ ਦੀ ਪੂਰਤੀ ਲਈ ਪੈਸੇ ਲੈਣ ਘਰ ਆਉਂਦਾ ਰਹਿੰਦਾ ਸੀ ਅਤੇ ਪਵਿੱਤਰ ਸਿੰਘ ਨਾਲ ਝਗੜਾ ਵੀ ਕਰਦਾ ਰਹਿੰਦਾ ਸੀ।
ਉਸ ਨੇ ਦੱਸਿਆ ਕਿ 22 ਅਗਸਤ ਨੂੰ ਸਵੇਰੇ 11 ਵਜੇ ਮਨਵੀਰ ਸਿੰਘ ਘਰ ਪਵਿੱਤਰ ਸਿੰਘ ਦੇ ਕਮਰੇ ਵਿੱਚ ਆਇਆ। ਇਸੇ ਦੌਰਾਨ ਉਸ ਨੇ ਪਵਿੱਤਰ ਸਿੰਘ ਦੇ ਕਮਰੇ ਵਿੱਚੋਂ ਉੱਚੀ ਉੱਚੀ ਬੋਲਣ ਦੀ ਅਵਾਜ਼ ਸੁਣੀ ਤਾਂ ਉਹ ਕਮਰੇ ਵੱਲ ਭੱਜਿਆ। ਉਸ ਨੇ ਸ਼ੀਸ਼ੇ ਵਿੱਚੋਂ ਦੇਖਿਆ ਤਾਂ ਮਨਵੀਰ ਸਿੰਘ ਲੋਹੇ ਦੀ ਨਾਲ ਪਵਿੱਤਰ ਸਿੰਘ ਦੇ ਸਿਰ ’ਤੇ ਵਾਰ ਕਰ ਰਿਹਾ ਸੀ। ਉਸ ਨੂੰ ਦੇਖ ਕੇ ਮਨਵੀਰ ਸਿੰਘ ਹਥਿਆਰ ਸਣੇ ਮੌਕੇ ਤੋਂ ਭੱਜ ਗਿਆ।
ਸ਼ਿਕਾਇਤਕਰਤਾ ਨੇ ਦੱਸਿਆ ਕਿ ਗੰਭੀਰ ਜ਼ਖ਼ਮੀ ਹਾਲਤ ਵਿੱਚ ਪਵਿੱਤਰ ਸਿੰਘ ਨੂੰ ਉਹ ਗੱਡੀ ਰਾਹੀਂ ਪਟਿਆਲਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਲੈ ਕੇ ਗਏ, ਜਿੱਥੇ ਦੇਰ ਸ਼ਾਮ ਪਵਿੱਤਰ ਸਿੰਘ ਦੀ ਮੌਤ ਹੋ ਗਈ।
ਥਾਣਾ ਮੁਖੀ ਸਬ ਇੰਸਪੈਕਟਰ ਅਵਤਾਰ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਆਧਾਰ ’ਤੇ ਮਨਵੀਰ ਸਿੰਘ ਉਰਫ਼ ਅਨੂ ਖ਼ਿਲਾਫ਼ ਕਤਲ ਦੇ ਦੋਸ਼ ਹੇਠ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਅੱਜ ਬਾਅਦ ਦੁਪਹਿਰ ਪਵਿੱਤਰ ਸਿੰਘ ਉਰਫ਼ ਬਾਬਾ ਦੀ ਮ੍ਰਿਤਕ ਦੇਹ ਦਾ ਰਾਮਪੁਰਾ ਪਿੰਡ ਦੀ ਸ਼ਮਸ਼ਾਨ ਭੂਮੀ ਵਿਖੇ ਬਹੁਤ ਹੀ ਗਮਗੀਨ ਮਾਹੌਲ ਵਿਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸਮਾਜਿਕ, ਸਿਆਸੀ ਅਤੇ ਜਮਹੂਰੀ ਜਥੇਬੰਦੀਆਂ ਦੇ ਆਗੂਆਂ ਵੱਲੋਂ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ।
ਇੱਥੇ ਦੱਸਣਯੋਗ ਹੈ ਕਿ ਪਵਿੱਤਰ ਸਿੰਘ ਨੂੰ ਪਹਿਲਾਂ ਬਾਬਾ ਡੈੱਕ ਨਾਲ ਦੂਰ ਦੂਰ ਤੱਕ ਜਾਣਿਆ ਜਾਂਦਾ ਸੀ ਅਤੇ ਬਾਅਦ ਵਿੱਚ ਉਸ ਨੇ ਮਨੋਵਿਗਿਆਨੀ ਤੌਰ ’ਤੇ ਆਪਣਾ ਨਾਂ ਬਣਾਇਆ। ਪਵਿੱਤਰ ਬਾਬਾ ਕੋਲ ਮਾਨਸਿਕ ਰੋਗੀ ਇਲਾਜ ਲਈ ਦੂਰੋਂ ਦੂਰੋਂ ਆਉਂਦੇ ਸਨ।