ਪੀ ਐੱਸ ਈ ਬੀ ਐਂਪਲਾਈਜ਼ ਫੈਡਰੇਸ਼ਨ ਏਟਕ ਵੱਲੋਂ ਸ਼ਹੀਦੀ ਕਾਨਫਰੰਸ
ਪੀ ਐੱਸ ਈ ਬੀ ਐਂਪਲਾਈਜ਼ ਫੈਡਰੇਸ਼ਨ ਏਟਕ ਸਰਕਲ ਸੰਗਰੂਰ ਵਲੋਂ ਵਿਛੜੇ ਸਾਥੀਆਂ ਦੀ ਯਾਦ ਨੂੰ ਸਮਰਪਿਤ 47ਵੀਂ ਸ਼ਹੀਦੀ ਕਾਨਫਰੰਸ ਕਰਵਾਈ ਗਈ। ਫੈਡਰੇਸ਼ਨ ਦੇ ਆਗੂਆਂ ਸਾਥੀ ਜੀਵਨ ਸਿੰਘ, ਬੇਅੰਤ ਸਿੰਘ ਅਤੇ ਕ੍ਰਿਸ਼ਨ ਕਾਂਤ ਦੀ ਅਗਵਾਈ ਹੇਠ ਹੋਈ ਕਾਨਫਰੰਸ ਦੌਰਾਨ ਸਰਕਲ ਦੀਆਂ ਸਾਰੀਆਂ ਸਬ ਡਿਵੀਜ਼ਨਾਂ ਦੇ ਕਰਮਚਾਰੀਆਂ ਵਲੋਂ ਭਰਵੀਂ ਸ਼ਮੂਲੀਅਤ ਕੀਤੀ। ਸ਼ਹੀਦੀ ਕਾਨਫਰੰਸ ਵਿਚ ਪੰਜਾਬ ਏਟਕ ਦੇ ਵਰਕਿੰਗ ਪ੍ਰਧਾਨ ਸੁਖਦੇਵ ਰਾਮ ਸਰਮਾ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਸਾਥੀ ਜਗਦੇਵ ਸਿੰਘ ਬਾਹੀਆ ਨੇ ਵਿਛੜੇ ਸਾਥੀਆਂ ਅਤੇ ਸ਼ਹੀਦ ਵੇਦ ਪ੍ਰਕਾਸ਼ ਵਰਮਾ, ਭਗਵਾਨ ਸਿੰਘ ਅਣਖੀ ਅਤੇ ਰਣਜੀਤ ਸਿੰਘ ਬਿੰਜੋਕੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਮੁਲਾਜ਼ਮ, ਮਜ਼ਦੂਰ ਵਿਰੋਧੀ ਕਾਰਵਾਈਆਂ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਅਤੇ ਪੰਜਾਬ ਸਰਕਾਰ ਵਲੋਂ ਲਗਾਤਾਰ ਮੁਲਾਜ਼ਮ ਵਿਰੋਧੀ ਫੈਸਲੇ ਲਏ ਜਾ ਰਹੇ ਹਨ। ਪੰਜਾਬ ਸਰਕਾਰ ਸਰਕਾਰੀ ਜਾਇਦਾਦਾਂ ਵੇਚ ਕੇ ਪੰਜਾਬ ਦੇ ਖਜ਼ਾਨੇ ਨੂੰ ਭਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਬਦਲਾਅ ਦਾ ਦਾਅਵਾ ਕਰਕੇ ਸੱਤਾ ਵਿਚ ਆਈ ਪੰਜਾਬ ਸਰਕਾਰ ਵਲੋਂ ਮੁਲਾਜ਼ਮਾਂ ਨਾਲ ਕੀਤੇ ਵਾਅਦਿਆਂ ਨੂੰ ਹਾਲੇ ਤੱਕ ਪੂਰਾ ਨਹੀਂ ਕੀਤਾ ਗਿਆ ਅਤੇ ਮੁਲਾਜ਼ਮਾਂ ਨੂੰ ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਦੀ ਪ੍ਰਾਪਤੀ ਲਈ ਸੰਘਰਸ਼ ਵਾਸਤੇ ਮਜਬੂਰ ਹੋਣਾ ਪੈ ਰਿਹਾ ਹੈ। ਏਟਕ ਦੇ ਵਰਕਿੰਗ ਪ੍ਰਧਾਨ ਸੁਖਦੇਵ ਰਾਮ ਸ਼ਰਮਾ ਨੇ ਕੌਮਾਂਤਰੀ ਅਤੇ ਕੌਮੀ ਪੱਧਰ ਤੇ ਵਾਪਰ ਰਹੀਆਂ ਘਟਨਾਵਾਂ ਦੀ ਚਰਚਾ ਕਰਦਿਆਂ ਕਿਹਾ ਕਿ ਸੰਘਰਸ਼ ਹੀ ਪ੍ਰਾਪਤੀਆਂ ਸਿਰਜਦਾ ਹੈ। ਸਰਕਲ ਪ੍ਰਧਾਨ ਜੀਵਨ ਸਿੰਘ ਨੇ ਵਿਛੜੇ ਸਾਥੀਅਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਜਿਹੜੇ ਵਰਕਰ ਪਿਛਲੇ 15-20 ਸਾਲਾਂ ਤੋਂ ਘੱਟ ਤਨਖਾਹਾਂ ਤੇ ਕੰਮ ਕਰਦੇ ਆ ਰਹੇ ਹਨ, ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਜਦੋਂ ਕਿ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਵਾਅਦਾ ਕਰਕੇ ਸਰਕਾਰ ਸੱਤਾ ਵਿੱਚ ਆਈ ਸੀ। ਉਨ੍ਹਾਂ ਮੰਗ ਕੀਤੀ ਕਿ ਪਾਵਰਕੌਮ ਅਤੇ ਟਰਾਂਸਕੋ ਅੰਦਰ ਕੰਮ ਕਰਦੇ ਸਾਰੇ ਕੱਚੇ ਵਰਕਰਾਂ ਨੂੰ ਰੈਗੂਲਰ ਕੀਤਾ ਜਾਵੇ, ਬਾਹਰਲੇ ਰਾਜਾਂ ਨਾਲ ਸਬੰਧਤ ਉਮੀਦਵਾਰਾਂ ਦੀ ਵਿਭਾਗ ਵਿੱਚ ਕੀਤੀ ਜਾ ਰਹੀ ਭਰਤੀ ਬੰਦ ਕੀਤੀ ਜਾਵੇ।
