ਪੀ ਆਰ ਟੀ ਸੀ ਦੇ ਠੇਕਾ ਕਾਮਿਆਂ ਵੱਲੋਂ ਚੱਕਾ ਜਾਮ
ਪੰਜਾਬ ਰੋਡਵੇਜ਼, ਪਨਬਸ, ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਪੀ ਆਰ ਟੀ ਸੀ ਵਰਕਰਾਂ ਵੱਲੋਂ ਆਪਣੀਆਂ ਮੰਗਾਂ ਮਨਵਾਉਣ ਲਈ ਕੀਤੀ ਹੜਤਾਲ ਦੌਰਾਨ ਰੋਡਵੇਜ਼ ਲਾਰੀਆਂ ਦਾ ਚੱਕਾ ਜਾਮ ਰੱਖਿਆ ਅਤੇ ਪੀ ਆਰ ਟੀ ਸੀ ਡਿੱਪੂ ਅੱਗੇ ਗੇਟ ਰੈਲੀ ਕੀਤੀ ਗਈ।
ਹੜਤਾਲ ਕਾਰਨ ਮੁਸਾਫ਼ਰਾਂ ਨੂੰ ਭਾਰੀ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪਿਆ। ਪੀ ਆਰ ਟੀ ਸੀ ਵਰਕਰਾਂ ਦੀ ਹੜਤਾਲ ਕਾਰਨ ਪੀ ਆਰ ਟੀ ਸੀ ਬੱਸਾਂ ਦੀ ਆਵਾਜਾਈ ਨੂੰ ਬਰੇਕਾਂ ਲੱਗੀਆਂ ਰਹੀਆਂ। ਬੱਸਾਂ ਦੀ ਆਵਾਜਾਈ ਪ੍ਰਭਾਵਿਤ ਹੋਣ ਕਾਰਨ ਬੱਸ ਸਟੈਂਡ ਵਿਚ ਮੁਸਾਫਰ ਕਾਫ਼ੀ ਖੱਜਲ ਖੁਆਰ ਹੁੰਦੇ ਨਜ਼ਰ ਆਏ ਕਿਉਂਕਿ ਹੜਤਾਲ ਕਾਰਨ ਅਨੇਕਾਂ ਰੂਟਾਂ ਉਪਰ ਬੱਸ ਸੇਵਾ ਪ੍ਰਭਾਵਿਤ ਰਹੀ। ਯੂਨੀਅਨ ਦੇ ਸੂਬਾ ਆਗੂ ਜਤਿੰਦਰ ਸਿੰਘ ਦੀਦਾਰਗੜ੍ਹ, ਡਿਪੂ ਪ੍ਰਧਾਨ ਹਰਪ੍ਰੀਤ ਸਿੰਘ ਗਰੇਵਾਲ, ਸੂਬਾ ਆਗੂ ਕਰਮਜੀਤ ਸਿੰਘ ਕਰਮਾ, ਸਕੱਤਰ ਸੁਖਜਿੰਦਰ ਸਿੰਘ ਧਾਲੀਵਾਲ ਅਤੇ ਖਜ਼ਾਨਚੀ ਸਤਵਿੰਦਰ ਸਿੰਘ ਜੇਜੀਆ ਨੇ ਦੋਸ਼ ਲਾਇਆ ਕਿ ਵਿਭਾਗ ਅਤੇ ਠੇਕੇਦਾਰ ਵਲੋਂ ਵੱਖ-ਵੱਖ ਤਰੀਕਿਆਂ ਨਾਲ ਮੁਲਾਜ਼ਮਾਂ ਦਾ ਸੋਸ਼ਣ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪੀ ਆਰ ਟੀ ਸੀ ਦੀਆਂ ਜਾਇਦਾਦਾਂ ਵੇਚਣ ਦੀ ਤਿਆਰੀ ਕਰ ਰਹੀ ਹੈ। ਵਾਲਵੋ ਅਤੇ ਐੱਚ ਵੀ ਏ ਸੀ ਕਿਲੋਮੀਟਰ ਸਕੀਮ ਬੱਸਾਂ ਦੇ ਟੈਂਡਰ ਅਤੇ ਸਾਧਾਰਨ ਬੱਸਾਂ ਦੇ ਟੈਂਡਰ ਖੋਲ੍ਹਣ ਲਈ ਪੀ ਆਰ ਟੀ ਸੀ ਮੈਨੇਜਮੈਂਟ ਪੱਬਾਂ ਭਾਰ ਹੋਈ ਪਈ ਹੈ। ਇਸ ਲਈ ਯੂਨੀਅਨ ਵੱਲੋਂ ਆਪਣੇ ਵਿਭਾਗਾਂ ਨੂੰ ਬਚਾਉਣ ਅਤੇ ਇਸਦੇ ਨਿੱਜੀਕਰਨ ਨੂੰ ਰੋਕਣ ਲਈ ਹਰ ਸੰਭਵ ਲੜਾਈ ਲੜਨ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਕਿਲੋਮੀਟਰ ਸਕੀਮ ਬੱਸਾਂ ਦੇ ਟੈਂਡਰ ਰੱਦ ਨਾ ਕੀਤੇ ਗਏ, ਵਰਕਰਾਂ ਦੀਆਂ ਸੇਵਾਵਾਂ ਵਾਅਦੇ ਅਨੁਸਾਰ ਰੈਗੂਲਰ ਨਾ ਕੀਤੀਆਂ ਅਤੇ ਤਨਖਾਹਾਂ ਵਿੱਚ ਵਾਧਾ ਨਾ ਕੀਤਾ ਗਿਆ ਤਾਂ ਪੀ ਆਰ ਟੀ ਸੀ ਵਰਕਰ ਤਿੱਖੇ ਸੰਘਰਸ਼ ਤੋਂ ਪਿੱਛੇ ਨਹੀਂ ਹਟਣਗੇ। ਦੁਪਹਿਰ ਕਰੀਬ 12 ਵਜੇ ਸ਼ੁਰੂ ਹੋਈ ਪੀ ਆਰ ਟੀ ਸੀ ਵਰਕਰਾਂ ਦੀ ਹੜਤਾਲ ਸ਼ਾਮ ਕਰੀਬ ਸਾਢੇ ਚਾਰ ਵਜੇ ਤੱਕ ਜਾਰੀ ਰਹੀ। ਆਗੂਆਂ ਨੇ ਦੱਸਿਆ ਕਿ ਅੱਜ ਬੱਸਾਂ ਦਾ ਖੋਲ੍ਹਣ ਵਾਲਾ ਟੈਂਡਰ ਮੁਲਤਵੀ ਕਰ ਦਿੱਤਾ ਗਿਆ ਹੈ ਅਤੇ ਹੋਰ ਮੰਗਾਂ ਦੇ ਹੱਲ ਦਾ ਭਰੋਸਾ ਦਿੱਤਾ ਗਿਆ ਜਿਸ ਤੋਂ ਬਾਅਦ ਹੜਤਾਲ ਮੁਲਤਵੀ ਕਰ ਦਿੱਤੀ ਹੈ।
