ਡਿੱਗੇ ਮਕਾਨਾਂ ਦਾ ਮੁਆਵਜ਼ਾ ਨਾ ਮਿਲਣ ’ਤੇ ਰੋਸ ਜ਼ਾਹਰ
ਭਾਰੀ ਮੀਂਹ ਕਾਰਨ ਨੁਕਸਾਨੇ ਗਏ ਘਰਾਂ ਦਾ ਮੁਆਵਜ਼ਾ ਨਾ ਮਿਲਣ ’ਤੇ ਪੀੜਤ ਪਰਿਵਾਰਾਂ ਵੱਲੋਂ ਇੱਥੇ ਡੀ.ਸੀ. ਦਫ਼ਤਰ ਅੱਗੇ ਰੋਸ ਮੁਜ਼ਾਹਰਾ ਕੀਤਾ ਗਿਆ। ਪੀੜਤ ਪਰਿਵਾਰ ਡਿੱਗ ਚੁੱਕੇ ਮਕਾਨਾਂ ਦੀਆਂ ਹੱਥਾਂ ਵਿਚ ਤਸਵੀਰਾਂ ਚੁੱਕ ਕੇ ਪੁੱਜੇ ਸਨ ਜਿਨ੍ਹਾਂ ਦੀ ਅਗਵਾਈ ਭਾਜਪਾ ਆਗੂ ਰਣਦੀਪ ਸਿੰਘ ਦਿਉਲ ਕਰ ਰਹੇ ਸਨ। ਇਸ ਮੌਕੇ ਪੀੜਤ ਪਰਿਵਾਰਾਂ ਨੇ ਮੁਆਵਜ਼ਾ ਤਾਂ ਦੂਰ ਦੀ ਗੱਲ, ਹਾਲੇ ਤੱਕ ਡਿੱਗ ਚੁੱਕੇ ਮਕਾਨਾਂ ਅਤੇ ਹੋਰ ਨੁਕਸਾਨ ਦਾ ਸਰਵੇ ਤੱਕ ਨਾ ਕਰਾਉਣ ਦਾ ਦੋਸ਼ ਲਾਇਆ ਅਤੇ ਸਰਵੇਖਣ ਕਰਵਾ ਕੇ ਤੁਰੰਤ ਮੁਆਵਜ਼ਾ ਦੇਣ ਦੀ ਮੰਗ ਕੀਤੀ। ਇਸ ਦੌਰਾਨ ਡਿਪਟੀ ਕਮਿਸ਼ਨਰ ਦੇ ਨਾਮ ਮੰਗ ਪੱਤਰ ਵੀ ਸਹਾਇਕ ਕਮਿਸ਼ਨਰ ਨੂੰ ਸੌਂਪਿਆ ਗਿਆ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਆਗੂ ਰਣਦੀਪ ਸਿੰਘ ਦਿਉਲ ਨੇ ਕਿਹਾ ਕਿ ਪਿਛਲੇ ਮਹੀਨਿਆਂ ਦੌਰਾਨ ਪਏ ਭਾਰੀ ਮੀਂਹਾਂ ਕਾਰਨ ਲੋਕਾਂ ਦੇ ਘਰਾਂ, ਫਸਲਾਂ ਅਤੇ ਪਸ਼ੂਆਂ ਦਾ ਨੁਕਸਾਨ ਹੋਇਆ ਹੈ। ਦੀਵਾਲੀ ਦਾ ਤਿਉਹਾਰ ਸਿਰ ’ਤੇ ਹੈ ਪਰ ਪੀੜਤ ਪਰਿਵਾਰ ਡਿੱਗੇ ਮਕਾਨਾਂ ਅਤੇ ਹੋਰ ਹੋਏ ਨੁਕਸਾਨ ਦੇ ਸਰਵੇ ਨੂੰ ਹੀ ਉਡੀਕ ਰਹੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਪੀੜ੍ਹਤ ਲੋਕਾਂ ਦੀ ਹਰ ਸੰਭਵ ਮੱਦਦ ਕਰਨ ਲਈ ਹਰ ਕਦਮ ਚੁੱਕ ਰਹੀ ਹੈ ਪਰ ਪੰਜਾਬ ਸਰਕਾਰ ਵਲੋ ਪੀੜ੍ਹਤ ਪਰਿਵਾਰਾਂ ਦੇ ਹਾਲਾਤਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ। ਉਨ੍ਹਾਂ ਮੰਗ ਕੀਤੀ ਕਿ ਇਨ੍ਹਾਂ ਪਰਿਵਾਰਾਂ ਨੂੰ ਤੁਰੰਤ ਬਣਦਾ ਮੁਆਵਜ਼ਾ ਦਿੱਤਾ ਜਾਵੇ। ਇਸ ਮੌਕੇ ਜਸਵੀਰ ਸਿੰਘ, ਬਲਵਿੰਰ ਸਿੰਘ, ਜਸਵੰਤ ਸਿੰਘ, ਗੁਰਸਾਗਰ ਸਿੰਘ, ਲਖਪ੍ਰੀਤ ਸਿੰਘ, ਮਨਜੀਤ ਕੌਰ, ਪਰਮਜੀਤ ਕੌਰ, ਚਰਨਜੀਤ ਕੌਰ, ਰਣਜੀਤ ਸਿੰਘ ਅਤੇ ਪੱਪੂ ਸਿੰਘ ਆਦਿ ਮੌਜੂਦ ਸਨ।