ਦੀਵਾਲੀ ਬੋਨਸ ਤੇ ਤੋਹਫ਼ੇ ਨਾ ਮਿਲਣ ਕਾਰਨ ਮੁਜ਼ਾਹਰਾ
ਇੰਡੀਅਨ ਅਕਰੈਲਿਕਸ ਲਿਮਟਿਡ ਦੇ ਮੁਲਾਜ਼ਮਾਂ ਨੇ ਕਾਲੀ ਦੀਵਾਲੀ ਮਨਾਈ
Advertisement
ਇੰਡੀਅਨ ਅਕਰੈਲਿਕਸ ਲਿਮਟਿਡ ਹਰਕਿਸ਼ਨਪੁਰਾ ਦੇ ਮੁਲਾਜ਼ਮਾਂ ਨੇ ਫੈਕਟਰੀ ਮੈਨੇਜਮੈਂਟ ਵੱਲੋਂ ਬੋਨਸ ਅਤੇ ਕਿਸੇ ਵੀ ਤਰ੍ਹਾਂ ਦੇ ਦੀਵਾਲੀ ਤੋਹਫੇ ਨਾ ਦੇਣ ਦੇ ਰੋਸ ਵਜੋਂ ਕਾਲੀ ਦੀਵਾਲੀ ਮਨਾਈ। ਇਸ ਮੌਕੇ ਸੀਟੂ ਦੇ ਜ਼ਿਲ੍ਹਾ ਪ੍ਰਧਾਨ ਜੋਗਿੰਦਰ ਸਿੰਘ ਔਲਖ, ਇੰਡੀਅਨ ਅਕਰੈਲਿਕਸ ਵਰਕਰਜ਼ ਦਲ ਦੇ ਪ੍ਰਧਾਨ ਸੁਖਬੀਰ ਸਿੰਘ, ਮੀਤ ਪ੍ਰਧਾਨ ਦਰਸ਼ਨ ਸਿੰਘ ਅਤੇ ਜਨਰਲ ਸਕੱਤਰ ਮਲਕੀਤ ਸਿੰਘ ਨੇ ਦੱਸਿਆ ਕਿ ਜਦੋਂ ਪੂਰੇ ਦੇਸ਼ ਵਿੱਚ ਲੋਕ ਦੀਵਾਲੀ ਦੇ ਤਿਉਹਾਰ ਦੀਆਂ ਖੁਸ਼ੀਆਂ ਮਨਾ ਰਹੇ ਹਨ ਤਾਂ ਫੈਕਟਰੀ ਦੇ ਕਰਮਚਾਰੀ ਖਾਲੀ ਜੇਬਾਂ ਕਾਰਨ ਕਾਲੀ ਦੀਵਾਲੀ ਮਨਾਉਣ ਲਈ ਮਜਬੂਰ ਹੋ ਗਏ। ਉਨ੍ਹਾਂ ਦੱਸਿਆ ਕਿ ਇਸੇ ਹੀ ਫੈਕਟਰੀ ਦੀ ਚਾਰੀ ਦੀਵਾਰੀ ਅੰਦਰ ਸਥਿਤ ਧਾਗਾ ਮਿਲ ਦੇ ਮੁਲਾਜ਼ਮਾਂ ਨੂੰ ਦੀਵਾਲੀ ਬੋਨਸ ਅਤੇ ਮਿਠਾਈ ਵੰਡੀ ਗਈ ਪਰ ਉਨ੍ਹਾਂ ਨਾਲ ਵਿਤਕਰਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਵਿਤਕਰੇ ਕਾਰਨ ਕੈਮੀਕਲ ਪਲਾਂਟ ਵਿੱਚ ਕੰਮ ਕਰਨ ਵਾਲੇ ਪੁਰਾਣੇ ਕਿਰਤੀਆਂ ਵੱਲੋਂ ਫੈਕਟਰੀ ਦੇ ਗੇਟ ਅੱਗੇ ਬੈਠ ਕੇ ਮੁਜ਼ਾਹਰਾ ਕੀਤਾ ਗਿਆ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਫੈਕਟਰੀ ਮੈਨੇਜਮੈਂਟ ਵੱਲੋਂ ਆਪਣਾ ਵਤੀਰਾ ਬਦਲਿਆ ਨਾ ਗਿਆ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਫੈਕਟਰੀ ਮੈਨੇਜਮੈਂਟ ਨੇ ਦੱਸਿਆ ਕਿ ਮੁਜ਼ਾਹਰਾ ਕਰਨ ਦੀ ਬਜਾਇ ਕੋਈ ਵੀ ਮਸਲਾ ਗੱਲਬਾਤ ਦੌਰਾਨ ਹੱਲ ਕੀਤਾ ਜਾ ਸਕਦਾ ਹੈ।
Advertisement
Advertisement
