ਗੰਦਗੀ ਦੇ ਢੇਰਾਂ ਦੇ ਪੱਕੇ ਹੱਲ ਲਈ ਧਰਨਾ ਲਾਇਆ
ਨਗਰ ਕੌਂਸਲ ਮਾਲੇਰਕੋਟਲਾ ਵੱਲੋਂ ਸਥਾਨਕ ਮਤੋਈ ਰੋਡ ’ਤੇ ਸ਼ਹਿਰ ਦੀ ਗੰਦਗੀ ਅਤੇ ਕੂੜੇ ਦੇ ਬਣਾਏ ਡੰਪ ਤੋਂ ਅੱਕੇ ਇਲਾਕੇ ਦੇ ਲੋਕਾਂ ਨੇ ਅੱਜ ਭਾਰਤੀ ਕਿਸਾਨ ਯੂਨੀਅਨ (ਡਕੌਂਦਾ ਧਨੇਰ) ਅਤੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੀ ਅਗਵਾਈ ਹੇਠ ਰੋਸ ਧਰਨਾ ਦੇ ਕੇ ਗੰਦਗੀ ਦੇ ਉੱਸਰੇ ਪਹਾੜ ਦਾ ਕੋਈ ਪੱਕਾ ਹੱਲ ਕਰਨ ਦੀ ਮੰਗ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਬੀ ਕੇ ਯੂ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਬੂਟਾ ਖਾਂ ਸੰਘੈਣ ਅਤੇ ਬੀ ਕੇ ਯੂ ਉਗਰਾਹਾਂ ਦੇ ਬਲਾਕ ਪ੍ਰਧਾਨ ਜਗਤਾਰ ਸਿੰਘ ਨੇ ਕਿਹਾ ਕਿ ਨਗਰ ਕੌਂਸਲ ਦੀਆਂ ਕੂੜੇ ਵਾਲੀਆਂ ਟਰਾਲੀਆਂ ਸੜਕ ਉਪਰ ਹੀ ਢੇਰੀ ਕੀਤੀਆਂ ਜਾ ਰਹੀਆਂ ਹਨ ਜਿਸ ਕਰਕੇ ਲੋਕਾਂ ਦਾ ਲੰਘਣਾ ਮੁਹਾਲ ਹੋਇਆ ਪਿਆ ਹੈ। ਕਿਸਾਨ ਆਗੂਆਂ ਮੁਤਾਬਿਕ ਡੰਪ ਦੀ ਗੰਦਗੀ ਨਾਲ ਜਿੱਥੇ ਸੜਕ ’ਤੇ ਰਾਹਗੀਰ ਪ੍ਰੇਸ਼ਾਨ ਹੋ ਰਹੇ ਹਨ, ਉਥੇ ਆਲੇ ਦੁਆਲੇ ਖੇਤਾਂ ਤੇ ਘਰਾਂ ਵਿਚ ਅਵਾਰਾ ਕੁੱਤਿਆਂ ਦੀ ਦਹਿਸ਼ਤ ਕਾਰਨ ਲੋਕਾਂ ਖਾਸ ਕਰਕੇ ਬੱਚਿਆਂ ਦੀ ਸੁਰੱਖਿਆ ਹਰ ਵੇਲੇ ਖਤਰੇ ਵਿੱਚ ਪਈ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਅਧਿਕਾਰੀਆਂ ਨਾਲ ਤਿੰਨ ਮਹੀਨੇ ਪਹਿਲਾਂ ਛੇ ਮਹੀਨਿਆਂ ਅੰਦਰ ਇਸ ਡੰਪ ਨੂੰ ਇਸ ਜਗ੍ਹਾ ਤੋਂ ਚੁੱਕ ਲੈਣ ਦਾ ਸਮਝੌਤਾ ਹੋਇਆ ਸੀ। ਮੌਕੇ ’ਤੇ ਪਹੁੰਚੇ ਨਾਇਬ ਤਹਿਸੀਲਦਾਰ ਸੁਖਵਿੰਦਰ ਸਿੰਘ ਅਤੇ ਨਗਰ ਕੌਂਸਲ ਦੇ ਸੁਪਰਵਾਈਜ਼ਰ ਪਰਮਜੀਤ ਸਿੰਘ ਨੇ ਧਰਨਾਕਾਰੀਆਂ ਨੂੰ ਭਰੋਸਾ ਦਿੱਤਾ ਕਿ ਭਵਿੱਖ ਵਿੱਚ ਸੜਕ ਉਪਰ ਕੂੜਾ ਨਹੀਂ ਸੁੱਟਿਆ ਜਾਵੇਗਾ ਅਤੇ ਕੂੜੇ ਦੇ ਡੰਪ ਨੂੰ ਲੱਗੀ ਅੱਗ ਬੁਝਾਈ ਜਾਵੇਗੀ। ਅਧਿਕਾਰੀਆਂ ਨੇ ਭਰੋਸਾ ਦਿੱਤਾ ਕਿ ਪਹਿਲਾਂ ਹੋਏ ਸਮਝੌਤੇ ਉਪਰ ਨਗਰ ਕੌਂਸਲ ਪਾਬੰਦ ਹੈ ਅਤੇ ਕੂੜੇ ਦੇ ਡੰਪ ਲਈ ਇਸ ਇਲਾਕੇ ਅੰਦਰ ਨਵੀਂ ਜਗ੍ਹਾ ਨਹੀਂ ਲਈ ਜਾਵੇਗੀ। ਕਿਸਾਨ ਆਗੂਆਂ ਮੁਤਾਬਿਕ ਇਹ ਸਮਝੌਤਾ ਸੋਮਵਾਰ ਨੂੰ ਈ ਓ ਨਗਰ ਕੌਂਸਲ ਨਾਲ ਡੀ ਸੀ ਦਫਤਰ ਵਿਚ ਲਿਖਤੀ ਰੂਪ ਵਿੱਚ ਕੀਤਾ ਜਾਵੇਗਾ। ਕਿਸਾਨ ਆਗੂਆਂ ਨੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇ ਮਤੋਈ ਰੋਡ ’ਤੇ ਲੱਗੇ ਗੰਦਗੀ ਦੇ ਢੇਰਾਂ ਦਾ ਕੋਈ ਪੱਕਾ ਹੱਲ ਨਾ ਕੀਤਾ ਗਿਆ ਤਾਂ ਜਥੇਬੰਦੀਆਂ ਮੁੜ ਸੰਘਰਸ਼ ਲਈ ਮਜਬੂਰ ਹੋਣਗੀਆਂ।
