ਸੁਤੰਤਰਤਾ ਸੰਗਰਾਮੀ ਪਰਿਵਾਰਾਂ ਨੂੰ ਅਣਗੌਲਿਆ ਕਰਨ ’ਤੇ ਰੋਸ
ਦੇਸ਼ ਦੀ ਆਜ਼ਾਦੀ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਮਹਾਨ ਦੇਸ਼ ਭਗਤਾਂ ਸੁਤੰਤਰਤਾ ਸੰਗਰਾਮੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਇਕੱਤਰਤਾ ਸੁਤੰਤਰਤਾ ਸੰਗਰਾਮੀ ਉੱਤਰਾਧਿਕਾਰੀ ਐਸੋਸੀਏਸ਼ਨ ਪੰਜਾਬ ਜ਼ਿਲ੍ਹਾ ਪ੍ਰਧਾਨ ਅਮਰਪ੍ਰੀਤ ਸਿੰਘ ਬੌਬੀ ਦੀ ਅਗਵਾਈ ਹੇਠ ਹੋਈ ਜਿਸ ਵਿਚ ਰੋਸ ਪ੍ਰਗਟ ਕੀਤਾ ਗਿਆ ਕਿ ਲੰਮੇ ਸਮੇਂ ਤੋਂ ਸੁਤੰਤਰਤਾ ਸੰਗਰਾਮੀ ਪਰਿਵਾਰਾਂ ਦੀਆਂ ਸਨਮਾਨ ਸਹੂਲਤਾਂ ਨੂੰ ਜਾਣਬੁੱਝ ਕੇ ਅਣਗੌਲ਼ਿਆ ਕੀਤਾ ਜਾ ਰਿਹਾ ਹੈ। ਸੂਬਾ ਕਮੇਟੀ ਦੇ ਜਨਰਲ ਸਕੱਤਰ ਇੰਦਰਪਾਲ ਸਿੰਘ ਧਾਲੀਵਾਲ ਸੋਨੀ ਨੇ ਪਰਿਵਾਰਾਂ ਦੀ ਇਕੱਤਰਤਾ ਦੌਰਾਨ ਕਿਹਾ ਕਿ ਦੇਸ਼ ਦੀ ਆਜ਼ਾਦੀ ਲਈ ਸਭ ਤੋਂ ਵੱਧ ਕੁਰਬਾਨੀਆਂ ਪੰਜਾਬ ਦੇ ਯੋਧਿਆਂ ਨੇ ਦਿੱਤੀਆਂ ਹਨ। ਦੇਸ਼ ਭਗਤਾਂ ਦੇ ਨਾਅਰੇ ਹੇਠ ਬਣੀ ਪੰਜਾਬ ਸਰਕਾਰ ਨੇ ਪਰਿਵਾਰਾਂ ਦੀ ਭਲਾਈ ਲਈ ਕੋਈ ਠੋਸ ਉਪਰਾਲਾ ਨਹੀਂ ਕੀਤਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਦੋ ਵਾਰ ਸਨਮਾਨ ਸਹੂਲਤਾਂ ਸਬੰਧੀ ਜਾਣੂ ਕਰਵਾਇਆ ਗਿਆ ਹੈ। ਪ੍ਰੰਤੂ ਸਨਮਾਨ ਸਹੂਲਤਾਂ ਨੂੰ ਲਾਗੂ ਕਰਨ ਸਬੰਧੀ ਇਕ ਵੀ ਮੀਟਿੰਗ ਮੁੱਖ ਮੰਤਰੀ ਵੱਲੋਂ ਫਰੀਡਮ ਫਾਈਟਰ ਵਿਭਾਗ ਦੇ ਪ੍ਰਮੁੱਖ ਸਕੱਤਰ ਅਤੇ ਸੂਬਾ ਜਥੇਬੰਦੀ ਦੇ ਆਗੂਆਂ ਨਾਲ ਨਹੀਂ ਕੀਤੀ ਗਈ। ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਜੇਕਰ 15 ਅਗਸਤ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਥੇਬੰਦੀ ਨਾਲ ਮੀਟਿੰਗ ਕਰਕੇ ਸਨਮਾਨ ਸਹੂਲਤਾਂ ਨੂੰ ਲਾਗੂ ਕਰਨ ਸਬੰਧੀ ਕੋਈ ਠੋਸ ਉਪਰਾਲਾ ਨਾ ਕੀਤਾ ਤਾਂ 15 ਅਗਸਤ ਨੂੰ ਹੋਣ ਵਾਲੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਸਰਕਾਰੀ ਸਮਾਗਮਾਂ ਦੇ ਬਾਈਕਾਟ ਦਾ ਐਲਾਨ ਕੀਤਾ ਜਾਵੇਗਾ।