ਜਥੇਬੰਦੀਆਂ ਵੱਲੋਂ ਮਾੜੇ ਸਫ਼ਾਈ ਪ੍ਰਬੰਧਾਂ ਖ਼ਿਲਾਫ਼ ਧਰਨਾ
ਗੁਰਦੀਪ ਸਿੰਘ ਲਾਲੀ
ਸੰਗਰੂਰ, 14 ਅਗਸਤ
ਸ਼ਹਿਰ ਦੇ ਸ਼ਹੀਦ ਭਗਤ ਸਿੰਘ ਚੌਕ ਨੇੜੇ ਸਫ਼ਾਈ ਦੇ ਮਾੜੇ ਪ੍ਰਬੰਧਾਂ ਖਿਲਾਫ਼ ਵੱਖ-ਵੱਖ ਜਥੇਬੰਦੀਆਂ ਵੱਲੋਂ ਧਰਨਾ ਦਿੱਤਾ ਗਿਆ ਅਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਧਰਨਾਕਾਰੀਆਂ ਨੇ ਚਿਤਾਵਨੀ ਦਿੱਤੀ ਕਿ ਜੇ 17 ਅਗਸਤ ਤੱਕ ਕੂੜੇ ਦੇ ਢੇਰ ਚੁਕਵਾ ਕੇ ਸਫ਼ਾਈ ਦੇ ਪੁਖਤਾ ਪ੍ਰਬੰਧ ਨਾ ਕੀਤੇ ਗਏ ਤਾਂ ਲੜੀਵਾਰ ਭੁੱਖ ਹੜਤਾਲ ਸ਼ੁਰੂ ਕੀਤੀ ਜਾਵੇਗੀ। ਰੋਸ ਧਰਨੇ ਵਿਚ ਸਾਂਝਾ ਮੋਰਚਾ, ਭਾਜਪਾ, ਸ਼੍ਰੋਮਣੀ ਅਕਾਲੀ ਦਲ, ਕਾਂਗਰਸ, ਟਰੈਕਟਰ-ਟਰਾਲੀ ਯੂਨੀਅਨ ਅਤੇ ਟੈਂਪੂ ਯੂਨੀਅਨ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ।
ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਚੌਕ ਦੇ ਨੇੜੇ ਲੱਗੇ ਕੂੜੇ ਦੇ ਢੇਰਾਂ ਨੂੰ ਚੁੱਕਵਾਉਣ ਲਈ ਕਈ ਵਾਰ ਪ੍ਰਸ਼ਾਸਨ ਅੱਗੇ ਅਪੀਲਾਂ ਕਰ ਚੁੱਕੇ ਹਾਂ ਪਰ ਕੋਈ ਸੁਣਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਸ਼ਹੀਦਾਂ ਦੇ ਨਾਂਅ ’ਤੇ ਰਾਜਨੀਤੀ ਕਰ ਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਨੂੰ ਸੱਤਾ ਵਿੱਚ ਆਉਂਦਿਆਂ ਸ਼ਹੀਦਾਂ ਜਾਂ ਉਨ੍ਹਾਂ ਨਾਲ ਸਬੰਧਿਤ ਸਾਰੀਆਂ ਥਾਵਾਂ ਦਾ ਚੇਤਾ ਭੁੱਲ ਗਿਆ ਹੈ। ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਦੇ ਨਾਂਅ ’ਤੇ ਬਣੇ ਚੌਕ ਨੇੜੇ ਲੱਗੇ ਗੰਦਗੀ ਦੇ ਢੇਰਾਂ ਕਾਰਨ ਸ਼ਹੀਦਾਂ ਦਾ ਅਪਮਾਨ ਹੋ ਰਿਹਾ ਹੈ। ਸਾਂਝੇ ਮੋਰਚੇ ਦੇ ਆਗੂਆਂ ਨੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ 17 ਅਗਸਤ ਤੱਕ ਇਸ ਮਸਲੇ ਦਾ ਹੱਲ ਨਾ ਕੀਤਾ ਗਿਆ ਤਾਂ ਇਸ ਇਸ ਖ਼ਿਲਾਫ਼ ਲੜੀਵਾਰ ਭੁੱਖ ਹੜਤਾਲ ਕੀਤੀ ਜਾਵੇਗੀ।
ਇਸ ਧਰਨੇ ਵਿੱਚ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਦੀਪ ਸਿੰਘ ਦਿਓਲ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਵਿਨਰਜੀਤ ਸਿੰਘ ਗੋਲਡੀ, ਕਾਂਗਰਸ ਦੇ ਹਰਪਾਲ ਸਿੰਘ ਸੋਨੂ, ਹਰਜੀਤ ਸਿੰਘ ਸਿੱਧੂ, ਭਾਜਪਾ ਦੇ ਮਾਸਟਰ ਸੁਰਿੰਦਰਪਾਲ, ਸਰਜੀਵਨ ਜਿੰਦਲ, ਸੁਰੇਸ਼ ਬੇਦੀ, ਦਿਨੇਸ਼ ਪਰੋਚਾ, ਰਾਜ ਕੁਮਾਰ ਸ਼ਰਮਾ, ਬਲਵੰਤ ਸਿੰਘ ਜੋਗਾ, ਜੋਗਾ ਸਿੰਘ ਸੇਖੋਂ, ਨਵੀਨ ਕੁਮਾਰ ਬੱਗਾ, ਮੱਖਣ ਧੀਮਾਨ, ਸੂਬੇਦਾਰ ਸੁਰਜਨ ਸਿੰਘ, ਦੀਵਾਨ ਸਿੰਘ ਸੇਖੋਂ , ਹਰਪਾਲ ਸਿੰਘ ਸੋਨੂੰ, ਸਤਿੰਦਰ ਸਿੰਘ ਸੈਣੀ, ਅਰਵਿੰਦ ਕੁਮਾਰ, ਸਹਿਲ ਉੱਪਲ, ਅਸ਼ੋਕ ਗੋਇਲ, ਐਡਵੋਕੇਟ ਨਰਪਿੰਦਰ ਸਿੰਘ ਸੁਰਿੰਦਰ ਪਾਲ ਸਿੰਘ ਪੱਪੂ, ਚਰਨਜੀਤ ਸਿੰਘ ਲੱਕੀ, ਵਿਸ਼ਾਲ ਗਰਗ, ਸੰਜੀਵ ਜਿੰਦਲ ਤੋਂ ਇਲਾਵਾ ਹੋਰ ਵੀ ਆਗੂ ਵੱਡੀ ਗਿਣਤੀ ਵਿੱਚ ਮੌਜੂਦ ਸਨ।