ਪ੍ਰਾਇਮਰੀ ਵਿੰਗ ਦੇ ਖੇਡ ਮੁਕਾਬਲੇ ਅੱਜ ਤੋਂ
ਸਿੱਖਿਆ ਵਿਭਾਗ ਵੱਲੋਂ ਪ੍ਰਾਇਮਰੀ ਪੱਧਰ ਦੇ 11 ਸਾਲ ਤੱਕ ਦੇ ਬੱਚਿਆਂ ਦੀਆਂ ਬਲਾਕ ਪੱਧਰੀ ਖੇਡਾਂ ਕਰਵਾਈਆਂ ਜਾ ਰਹੀਆਂ ਹਨ ਅਤੇ ਬਲਾਕ ਸੰਗਰੂਰ-1 ਦੇ ਪ੍ਰਾਇਮਰੀ ਵਿੰਗ ਦੇ ਖੇਡ ਮੁਕਾਬਲੇ ਭਲਕੇ 3 ਅਤੇ 4 ਅਕਤੂਬਰ ਨੂੰ ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ ਵਿੱਚ ਕਰਵਾਏ ਜਾ ਰਹੇ ਹਨ। ਇਨ੍ਹਾਂ ਖੇਡ ਮੁਕਾਬਲਿਆਂ ਵਿਚ ਵੱਡੀ ਗਿਣਤੀ ਵਿਚ ਅਧਿਆਪਕਾਂ ਅਤੇ ਸਕੂਲ ਮੁਖੀਆਂ ਦੀਆਂ ਡਿਊਟੀਆਂ ਲਗਾਉਣ ਕਾਰਨ ਸਕੂਲਾਂ ਵਿੱਚ ਵਿਦਿਅਕ ਮਾਹੌਲ ਕਰੀਬ ਠੱਪ ਰਹੇਗਾ ਕਿਉਂਕਿ ਦੋ ਦਿਨ ਸਕੂਲਾਂ ਵਿੱਚ ਨਾਮਾਤਰ ਅਧਿਆਪਕ ਹੀ ਨਜ਼ਰ ਆਉਣਗੇ। ਬਲਾਕ ਸੰਗਰੂਰ-1 ਦੇ ਲਗਪਗ 190 ਅਧਿਆਪਕਾਂ ਵਿਚੋਂ 100 ਤੋਂ ਵੱਧ ਅਧਿਆਪਕਾਂ ਦੀਆਂ ਡਿਊਟੀਆਂ ਸਿਰਫ਼ ਦੋ ਦਿਨਾਂ ਦੀਆਂ ਖੇਡਾਂ ਵਿੱਚ ਲਗਾ ਦਿੱਤੀਆਂ ਗਈਆਂ ਹਨ। ਇਨ੍ਹਾਂ ਵਿੱਚ ਸਾਰੇ ਕਲੱਸਟਰ ਮੁਖੀਆਂ ਅਤੇ ਜਿਆਦਾਤਰ ਸਕੂਲ ਮੁਖੀ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਦਰਜਨਾਂ ਅਧਿਆਪਕ ਬੱਚਿਆਂ ਨੂੰ ਸਕੂਲਾਂ ਤੋਂ ਖੇਡ ਮੈਦਾਨ ਤੱਕ ਲਿਆਉਣ ’ਚ ਜੁਟੇ ਹੋਣਗੇ। ਇਸ ਕਾਰਨ ਨਾਲ ਬਹੁਤੇ ਸਕੂਲਾਂ ਨੂੰ ਸਿਰਫ਼ ਇੱਕ ਅਧਿਆਪਕ ਦੇ ਭਰੋਸੇ ਛੱਡ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਸਿਰਫ਼ ਸਟੇਜ ਸੰਭਾਲਣ ਲਈ ਹੀ 11 ਅਧਿਆਪਕਾਂ ਨੂੰ ਤਾਇਨਾਤ ਕੀਤਾ ਗਿਆ ਹੈ, ਜਦਕਿ 4 ਅਧਿਆਪਕ ਮੀਡੀਆ ਕਵਰੇਜ ਲਈ, 4 ਹਾਜ਼ਰੀ ਲਵਾਉਣ ਲਈ, 4 ਅਧਿਆਪਕ ਖਰੀਦ ਕਮੇਟੀ ਵਿਚ, 4 ਅਧਿਆਪਕ ਵਿੱਤ ਕਮੇਟੀ ਲਈ, 4 ਅਧਿਆਪਕ ਮੈਡੀਕਲ ਕਮੇਟੀ ਲਈ ਅਤੇ 5 ਅਧਿਆਪਕ ਲੰਗਰ ਕਮੇਟੀ ਵਿਚ ਤਾਇਨਾਤ ਕੀਤੇ ਗਏ ਹਨ। ਅਨੁਸਾਸ਼ਨੀ ਕਮੇਟੀ ਵਿਚ ਸਾਰੇ ਸੀ.ਐਚ.ਟੀ ਅਤੇ ਬਲਾਕ ਸਪੋਰਟਸ ਕਮੇਟੀ ਨੂੰ ਲਗਾਇਆ ਗਿਆ ਹੈ। ਅਧਿਆਪਕਾਂ ਦੀਆਂ ਇਹ ਡਿਊਟੀਆਂ ਮੁਕਾਬਲਿਆਂ ਦੇ ਨਿਰਧਾਰਿਤ ਸਡਿਊਲ ਅਨੁਸਾਰ ਪ੍ਰਬੰਧਨ ਅਤੇ ਸੰਚਾਲਨ ਲਈ ਕਮੇਟੀਆਂ ਗਠਿਤ ਕਰਕੇ ਲਗਾਈਆਂ ਗਈਆਂ ਹਨ। ਇਸੇ ਤਰ੍ਹਾਂ ਵੱਖ-ਵੱਖ ਖੇਡਾਂ ਜਿਵੇਂ ਅਥਲੈਟਿਕਸ, ਕਬੱਡੀ, ਖੋ-ਖੋ, ਕੁਸ਼ਤੀ, ਸ਼ਤਰੰਜ, ਜਿਮਨਾਸਟਿਕ ਅਤੇ ਬੈਡਮਿੰਟਨ ਲਈ ਦਰਜਨਾਂ ਅਧਿਆਪਕ ਰੈਫਰੀ ਬਣਾਏ ਗਏ ਹਨ। ਇੱਕ ਪਾਸੇ ਪੰਜਾਬ ਸਰਕਾਰ ‘ਮਿਸ਼ਨ ਸਮਰੱਥ’, ‘ਨਿਪੁੰਨ ਭਾਰਤ’ ਅਤੇ ‘ਆਰੰਭ ਮਿਸ਼ਨ’ ਵਰਗੇ ਯੋਜਨਾਵਾਂ ਰਾਹੀਂ ਪੜ੍ਹਾਈ ਦੇ ਪੱਧਰ ਨੂੰ ਉੱਚਾ ਚੁੱਕਣ ਦਾ ਦਾਅਵਾ ਕਰ ਰਹੀ ਹੈ ਉੱਥੇ ਦੂਜੇ ਪਾਸੇ ਬਲਾਕ ਪੱਧਰ ’ਤੇ ਵੱਡੀ ਤਾਦਾਦ ’ਚ ਅਧਿਆਪਕਾਂ ਦੀ ਖੇਡਾਂ ’ਚ ਡਿਊਟੀ ਲਗਾਈ ਜਾ ਰਹੀ ਹੈ। ਇਸਤੋਂ ਇਲਾਵਾ ਵੀ ਅਧਿਆਪਕਾਂ ਦੀਆਂ ਡਿਊਟੀਆਂ ਐਸ ਆਈ ਆਰ ਵਿੱਚ ਵੋਟਾਂ ਦੀ ਵਿਸ਼ੇਸ਼ ਸੁਧਾਈ ਵਿੱਚ ਬਤੌਰ ਬੀ ਐਲ ਓਜ਼ ਲੱਗੀਆਂ ਹੋਈਆਂ ਹਨ।