ਪਿਛਲੀਆਂ ਸਰਕਾਰਾਂ ਨੇ ਪੰਜਾਬ ਦਾ ਵਿਕਾਸ ਨਹੀਂ ਕੀਤਾ: ਚੀਮਾ
ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਆਪਣੇ ਹਲਕੇ ਦਿੜ੍ਹਬਾ ਦੇ ਵਾਸੀਆਂ ਨੂੰ ਦੀਵਾਲੀ ਦਾ ਤੋਹਫ਼ਾ ਦਿੰਦਿਆਂ 11.46 ਕਰੋੜ ਰੁਪਏ ਦੇ ਵੱਖ-ਵੱਖ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖਣ ਦੇ ਨਾਲ-ਨਾਲ ਉਦਘਾਟਨ ਵੀ ਕੀਤੇ। ਇਨ੍ਹਾਂ ਵਿਕਾਸ ਕੰਮਾਂ ਵਿੱਚ ਪਿੰਡ ਛਾਜਲੀ ’ਚ ਨਹਿਰੀ ਪਾਣੀ ਪ੍ਰਾਜੈਕਟ ਤੇ ਸੜਕਾਂ ਦਾ ਨੀਂਹ ਪੱਥਰ ਸ਼ਾਮਲ ਹੈ। ਵੱਖ-ਵੱਖ ਸਮਾਗਮਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੀ ਖੋਟੀ ਨੀਅਤ ਅਤੇ ਮਾੜੀਆਂ ਨੀਤੀਆਂ ਕਾਰਨ ਸੂਬਾ ਵਿਕਾਸ ਪੱਖੋਂ ਕਾਫ਼ੀ ਪੱਛੜ ਗਿਆ ਸੀ ਪਰ ਜਦੋਂ ਤੋਂ ‘ਆਪ’ ਸੱਤਾ ਵਿਚ ਆਈ ਹੈ ਉਦੋਂ ਤੋਂ ਹੀ ਤਰਜੀਹ ਤੌਰ ’ਤੇ ਸਰਬਪੱਖੀ ਵਿਕਾਸ ਕੀਤਾ ਜਾ ਰਿਹਾ ਹੈ। ਪਿੰਡ ਕਾਕੂਵਾਲਾ ਵਿੱਚ ਉਨ੍ਹਾਂ ਕਿਹਾ ਕਿ ਪਿੰਡ ਕਾਕੂਵਾਲਾ ਵਿੱਚ ਹੁਣ ਤੱਕ 87 ਲੱਖ 25 ਹਜ਼ਾਰ ਰੁਪਏ ਵਿਕਾਸ ਕੰਮਾਂ ਲਈ ਪੈਸਾ ਦਿੱਤਾ ਗਿਆ ਹੈ ਜਿਸ ਵਿੱਚ ਪਿੰਡ ਕਾਕੂਵਾਲਾ ਤੋਂ ਪਿੰਡ ਖੇਤਲਾ ਤੱਕ ਤਿੰਨ ਕਿਲੋਮੀਟਰ ਸੜਕ 1.30 ਕਰੋੜ ’ਚ ਤਿਆਰ ਹੋਵੇਗੀ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪਿੰਡ ਛਾਜਲੀ ਵਿੱਚ 2.5 ਕਰੋੜ ਰੁਪਏ ਲਾਗਤ ਵਾਲੇ ਨਹਿਰੀ ਪਾਣੀ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ ਗਿਆ ਹੈ ਜਿਸ ਤਹਿਤ 13 ਕਿਲੋਮੀਟਰ ਲੰਮੀ ਪਾਈਪ ਲਾਈਨ ਪਾ ਕੇ ਕਿਸਾਨਾਂ ਨੂੰ ਨਹਿਰੀ ਪਾਣੀ ਦਿੱਤਾ ਜਾਵੇਗਾ। ਇਸੇ ਤਰ੍ਹਾਂ 8.81 ਕਰੋੜ ਰੁਪਏ ਦੀ ਲਾਗਤ ਵਾਲੀਆਂ 17.35 ਕਿਲੋਮੀਟਰ ਸੜਕਾਂ ਦੇ ਕੰਮਾਂ ਦੀ ਸ਼ੁਰੂਆਤ ਕੀਤੀ ਗਈ। ਪਿੰਡ ਢੰਡਿਆਲ ਵਿੱਚ 7 ਕਰੋੜ 53 ਲੱਖ ਦੀਆਂ ਸੜਕ ਦੇ ਕੰਮ ਦਾ ਨੀਂਹ ਪੱਥਰ ਰੱਖਣ ਵਿੱਤ ਮੰਤਰੀ ਨੇ ਕਿਹਾ ਕਿ ਪਿੰਡ ਢੰਡਿਆਲ ਤੋਂ ਸ਼ਾਦੀਹਰੀ, ਢੰਡਿਆਲ ਤੋਂ ਚਨਾਗਰਾ ਅਤੇ ਢੰਡਿਆਲ ਤੋਂ ਹਰਿਆਊ ਨੂੰ ਜਾਂਦੀਆਂ ਸੜਕਾਂ ਤੇ 4.21 ਕਰੋੜ ਦੀ ਲਾਗਤ ਨਾਲ ਮਨਜ਼ੂਰ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਢੰਡਿਆਲ ਤੋਂ ਪਾਤੜਾਂ ਸੜਕ ਨੂੰ ਦਸ ਫੁੱਟ ਤੋਂ 18 ਫੁੱਟ ਕੀਤਾ ਜਾਵੇਗਾ।