ਰਾਮਨਗਰ ਛੰਨਾ ਸੜਕ ’ਤੇ ਮੁੜ ਪ੍ਰੀਮਿਕਸ ਪਾਉਣਾ ਸ਼ੁਰੂ
ਰਾਮਨਗਰ ਛੰਨਾ-ਸ਼ੇਰਪੁਰ ਸੜਕ ਸਬੰਧੀ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਚੱਲ ਰਿਹਾ ਵਿਵਾਦ ਅੱਜ ਉਸ ਸਮੇਂ ਖ਼ਤਮ ਹੋ ਗਿਆ ਜਦੋਂ ਕਿਸਾਨ, ਠੇਕੇਦਾਰ ਅਤੇ ਸਬੰਧਤ ਅਧਿਕਾਰੀਆਂ ਦੀ ਤਿੰਨ ਧਿਰੀ ਗੱਲਬਾਤ ਮਗਰੋਂ ਅੱਜ ਠੇਕੇਦਾਰ ਦੇ ਕਰਿੰਦਿਆਂ ਨੇ ਅੱਜ ਮੁੜ ਕੰਮ ਸ਼ੁਰੂ ਕਰ ਦਿੱਤਾ। ਦੱਸਣਯੋਗ ਹੈ ਕਿ ਇਸ ਸੜਕ ਵਿੱਚ ਕਥਿਤ ਕਮੀਆਂ ਪੇਸ਼ੀਆਂ ਸਬੰਧੀ ਕਿਸਾਨਾਂ ਵੱਲੋਂ ਉਠਾਈ ਅਵਾਜ ਮਗਰੋਂ ਬੀਤੀ ਕੱਲ ਠੇਕੇਦਾਰ ਦੇ ਕਰਿੰਦੇ ਆਪਣਾ ਕੰਮ ਅੱਧ ਵਿਚਕਾਰ ਬੰਦ ਕਰਨ ਮਗਰੋਂ ਬੋਰੀਆ ਬਿਸਤਰਾ ਲੈ ਕੇ ਕੂਚ ਰਹੇ ਸਨ, ਜਿਨ੍ਹਾਂ ਨੂੰ ਕਿਸਾਨਾਂ ਨੇ ਸ਼ੇਰਪੁਰ-ਕਾਤਰੋਂ ਸੜਕ ’ਤੇ ਰੋਕ ਲਿਆ ਸੀ। ਉੱਚ ਅਧਿਕਾਰੀਆਂ ਦੇ ਦਖਲ ਮਗਰੋਂ ਰੋਡ ਰੂਲਰ ਤੇ ਪ੍ਰੀਮਿਕਸ ਪਾਏ ਜਾਣ ਵਾਲੀ ਮਸ਼ੀਨ ਤੇ ਹੋਰ ਸਾਮਾਨ ਬੀਤੀ ਰਾਤ ਪਿੰਡ ਰਾਮਨਗਰ ਛੰਨਾ ਦੇ ਸਕੂਲ ਵਿੱਚ ਲਿਆਕੇ ਖੜਾਇਆ ਗਿਆ ਸੀ। ਬੀਕੇਯੂ ਡਕੌਂਦਾ (ਧਨੇਰ) ਦੇ ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਛੰਨਾ ਨੇ ਅੱਜ ਸਬੰਧਤ ਵਿਭਾਗ ਦੇ ਅਧਿਕਾਰੀਆਂ ਦੀ ਹਾਂ-ਪੱਖੀ ਭੂਮਿਕਾ ਲਈ ਧੰਨਵਾਦ ਕਰਦਿਆਂ ਲੋਕਾਂ ਦੀਆਂ ਭਾਵਨਾਵਾਂ ਤਹਿਤ ਬਣ ਰਹੀ ਸੜਕ ’ਤੇ ਤਸੱਲੀ ਦਾ ਪ੍ਰਗਟਾਵਾ ਕੀਤਾ। ਮੰਡੀਬੋਰਡ ਦੇ ਜੇ ਈ ਪੰਕਜ ਮਹਿਰਾ ਨੇ ਦੁਹਰਾਇਆ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਤੇ ਸਰਕਾਰ ਦੇ ਨਿਯਮਾਂ ਦੇ ਘੇਰੇ ’ਚ ਰਹਿ ਕੇ ਤਸ਼ੱਲੀ ਬਖਸ਼ ਕੰਮ ਕਰਨ ਲਈ ਵਚਨਬੱਧ ਹੈ।