ਪਾਵਰਕੌਮ ਕਾਮਿਆਂ ਵੱਲੋਂ ਪ੍ਰਦਰਸ਼ਨ
ਪੀ ਐੱਸ ਈ ਬੀ ਐਂਪਲਾਈਜ਼ ਜੁਆਇੰਟ ਫੋਰਮ, ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ, ਐਸੋਸੀਏਸ਼ਨ ਆਫ ਜੂਨੀਅਰ ਇੰਜਨੀਅਰਜ਼, ਗਰਿੱਡ ਸਬ-ਸਟੇਸ਼ਨ ਐਂਪਲਾਈਜ਼ ਯੂਨੀਅਨ, ਪਾਵਰਕਾਮ ਟਰਾਂਸਕੋ ਪੈਨਸ਼ਨਰਜ਼ ਯੂਨੀਅਨ ਏਟਕ ਪੰਜਾਬ ਅਤੇ ਪੈਨਸ਼ਨਰ ਵੈਲਫੇਅਰ ਫੈਡਰੇਸ਼ਨ ਪਾਵਰਕਾਮ ਟਰਾਂਸਕੋ ਵੱਲੋਂ ਅੱਜ ਡਿਵੀਜ਼ਨ ਲਹਿਰਾਗਾਗਾ ਵਿੱਚ ਪੰਜਾਬ ਸਰਕਾਰ ਅਤੇ ਪਾਵਰਕੌਮ ਮੈਨੇਜਮੈਂਟ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਮੰਗ ਕੀਤੀ ਕਿ 17 ਜੁਲਾਈ 2020 ਤੋਂ ਬਾਅਦ ਭਰਤੀ ਮੁਲਾਜ਼ਮਾਂ ਤੇ ਬਿਜਲੀ ਨਿਗਮ ਦੇ ਤਨਖ਼ਾਹ ਸਕੇਲ ਨੂੰ ਲਾਗੂ ਕੀਤਾ ਜਾਵੇ, ਪਹਿਲੀ ਜਨਵਰੀ 2016 ਤੋਂ ਲਾਗੂ ਤਨਖਾਹਾਂ ਅਤੇ ਪੈਨਸ਼ਨਾਂ ਦੀਆਂ ਊਣਤਾਈਆਂ ਦੂਰ ਕੀਤੀਆਂ ਜਾਣ, ਕਰਮਚਾਰੀਆਂ ਦੀਆਂ ਤਰੱਕੀਆਂ ਛੇਵੇਂ ਤਨਖਾਹ ਸਕੇਲ ਅਨੁਸਾਰ ਲਾਗੂ ਹੋਣ, ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ। 2016 ਤੋਂ ਬਕਾਇਆ ਜਾਰੀ ਕੀਤਾ ਜਾਵੇ। ਉਨ੍ਹਾਂ ਕਿਹਾ ਕਿ 27 ਜੁਲਾਈ ਨੂੰ ਬਿਜਲੀ ਮੰਤਰੀ ਦੀ ਰਿਹਾਇਸ਼ ਅੱਗੇ ਅੰਮ੍ਰਿਤਸਰ ਵਿੱਚ ਸੂਬਾ ਪੱਧਰੀ ਧਰਨਾ ਦਿੱਤਾ ਜਾਵੇਗਾ। ਉਨ੍ਹਾਂ ਕਿਹ ਕਿ 11, 12 ਤੇ 13 ਅਗਸਤ ਨੂੰ ਸਮੁੱਚੇ ਪੰਜਾਬ ਅੰਦਰ ਬਿਜਲੀ ਮੁਲਾਜ਼ਮ ਤਿੰਨ ਦਿਨ ਦੀ ਸਮੂਹਿਕ ਛੁੱਟੀ ਲੈ ਕੇ ਆਪੋ-ਆਪਣੇ ਦਫ਼ਤਰਾਂ ਅੱਗੇ ਪੰਜਾਬ ਸਰਕਾਰ ਅਤੇ ਬਿਜਲੀ ਨਿਗਮ ਦੀ ਮੈਨੇਜਮੈਂਟ ਦਾ ਪਿੱਟ ਸਿਆਪਾ ਕਰਨਗੇ।