ਮੁਲਾਜ਼ਮਾਂ ਦੀ ਹੜਤਾਲ ਕਾਰਨ ਪਾਵਰਕੌਮ ਦਾ ਕੰਮਕਾਜ ਠੱਪ
ਪੀਐੱਸਈਬੀ ਐਂਪਲਾਈਜ਼ ਜੁਆਇੰਟ ਫੋਰਮ, ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ, ਐਸੋਸੀਏਸ਼ਨ ਆਫ ਜੂਨੀਅਰ ਇੰਜਨੀਅਰਜ਼ ਅਤੇ ਪੈਨਸ਼ਨਰ ਐਸੋਸੀਏਸ਼ਨ ਦੇ ਸੱਦੇ ’ਤੇ ਬਿਜਲੀ ਮੁਲਾਜ਼ਮਾਂ ਵੱਲੋਂ ਸਮੂਹਿਕ ਛੁੱਟੀ ਲੈ ਕੇ ਤਿੰਨ ਰੋਜ਼ਾ ਹੜਤਾਲ ਦੇ ਦੂਜੇ ਦਿਨ ਕੰਮਕਾਜ ਠੱਪ ਕਰਕੇ ਸਰਕਲ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ ਅਤੇ ਪੰਜਾਬ ਸਰਕਾਰ ਤੇ ਮੈਨੇਜਮੈਂਟ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਰੋਸ ਧਰਨੇ ਨੂੰ ਲਖਵਿੰਦਰ ਸਿੰਘ, ਭੋਲਾ ਸਿੰਘ ਗੱਗੜਪੁਰ, ਰਘਵਿੰਦਰ ਸਿੰਘ, ਜੀਵਨ ਸਿੰਘ, ਪੁਸ਼ਪਿੰਦਰ ਸਿੰਘ ਸੈਣੀ, ਰਾਜਪਿੰਦਰ ਸਿੰਘ ਤੇ ਗੁਰਬਖਸ਼ੀਸ਼ ਸਿੰਘ ਨੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਬਿਜਲੀ ਨਿਗਮ ਦੀ ਮੈਨੇਜਮੈਂਟ ਨਾਲ ਮੰਗਾਂ ਸਬੰਧੀ ਹੋਈ ਮੀਟਿੰਗ ਬੇਸਿੱਟਾ ਰਹੀ ਸੀ। ਫ਼ਿਰ 2 ਜੂਨ ਨੂੰ ਬਿਜਲੀ ਮੰਤਰੀ ਦੀ ਪ੍ਰਧਾਨਗੀ ਹੇਠ ਸਥਾਨਕ ਗੈਸਟ ਹਾਊਸ ਵਿੱਚ ਪਾਵਰ ਮੈਨੇਜਮੈਂਟ ਨਾਲ ਜਥੇਬੰਦੀਆਂ ਦੀ ਹੋਈ ਮੀਟਿੰਗ ਦੀ ਲਗਾਤਾਰਤਾ ਵਿੱਚ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਨੀਆਂ ਹੋਈਆਂ ਵਾਜਿਬ ਮੰਗਾਂ ਲਾਗੂ ਕਰਨ ਸਬੰਧੀ ਹੋਈ ਮੀਟਿੰਗ ਸਮੇਂ ਅਦਾਰੇ ਦੇ ਸੀਐੱਮਡੀ ਅਤੇ ਬਿਜਲੀ ਮੰਤਰੀ ਦੇ ਮੰਨੀਆਂ ਮੰਗਾਂ ਲਾਗੂ ਕਰਨ ਸਬੰਧੀ ਅਪਣਾਏ ਨਾਂਹ ਪੱਖੀ ਰਵੱਈਏ ਕਾਰਨ ਮੁਲਾਜ਼ਮਾਂ ਨੂੰ ਸੰਘਰਸ਼ ਦਾ ਰਾਹ ਅਖਤਿਆਰ ਕਰਨਾ ਪਿਆ ਹੈ।
ਇਸ ਦੌਰਾਨ ਉਨ੍ਹਾਂ ਕਿਹਾ ਕਿ ਸਰਕਾਰ ਤੇ ਮੈਨੇਜਮੈਂਟ ਮੰਗਾਂ ਪ੍ਰਤੀ ਸਹਿਮਤੀ ਦੇ ਕੇ ਹੁਣ ਲਾਗੂ ਕਰਨ ਤੋਂ ਭੱਜ ਰਹੀਆਂ ਹਨ ਜਿਸ ਕਾਰਨ ਸਮੁੱਚੇ ਬਿਜਲੀ ਮੁਲਾਜ਼ਮ ਵਰਗ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਦਿੜ੍ਹਬਾ ਮੰਡੀ (ਰਣਜੀਤ ਸਿੰੰਘ ਸ਼ੀਤਲ): ਪੀਐੱਸਈਬੀ ਐਂਪਲਾਈਜ਼ ਜੁਆਇੰਟ ਫੋਰਮ, ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ, ਐਸੋਸੀਏਸ਼ਨ ਆਫ ਜੂਨੀਅਰ ਇੰਜਨੀਅਰਜ਼, ਗਰਿੱਡ ਸਬ ਸਟੇਸ਼ਨ ਐਂਪਲਾਈਜ਼ ਯੂਨੀਅਨ ਪਾਵਰਕਾਮ ਐਂਡ ਟ੍ਰਾਂਸਕੋ ਪੈਨਸ਼ਨਰ ਯੂਨੀਅਨ ਏਟਕ ਪੰਜਾਬ, ਪੈਨਸ਼ਨਰ ਵੈਲਫੇਅਰ ਫੈਡਰੇਸ਼ਨ (ਪਹਿਲਵਾਨ) ਦੇ ਸੱਦੇ ਤੇ ਅੱਜ ਡਿਵੀਜ਼ਨ ਦਫਤਰ ਦਿੜ੍ਹਬਾ ਅੱਗੇ ਰੋਸ ਰੈਲੀ ਕੀਤੀ ਗਈ। ਆਗੂਆਂ ਨੇ ਕਿਹਾ ਕਿ 15 ਅਗਸਤ ਨੂੰ ਜ਼ਿਲ੍ਹਾ ਪੱਧਰ ’ਤੇ ਕਾਲੇ ਝੰਡਿਆਂ ਨਾਲ ਰੋਸ ਮਾਰਚ ਕੀਤਾ ਜਾਵੇਗਾ।
ਲਹਿਰਾਗਾਗਾ (ਰਮੇਸ਼ ਭਾਰਦਵਾਜ): ਬਿਜਲੀ ਮੁਲਾਜ਼ਮਾਂ ਦੇ ਚੱਲ ਰਹੇ ਸੰਘਰਸ਼ ਦੇ ਦੂਸਰੇ ਦਿਨ ਰੈਲੀ ਨੂੰ ਸਬੋਧਨ ਕਰਦਿਆਂ ਮੁਲਾਜ਼ਮ ਆਗੂਆਂ ਦਵਿੰਦਰ ਸਿੰਘ ਪਿਸ਼ੌਰ, ਪੂਰਨ ਸਿੰਘ ਖਾਈ, ਜੰਗੀਰ ਸਿੰਘ ਤੇ ਰਾਮ ਚੰਦਰ ਸਿੰਘ ਖਾਈ ਨੇ ਕਿਹਾ ਕਿ ਪਾਵਰਕੌਮ ਦੀ ਮੈਨੇਜਮੈਂਟ ਵੱਲੋਂ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਨੂੰ ਮੰਨਣ ਦੇ ਬਾਵਜੂਦ ਲਾਗੂ ਨਹੀਂ ਕੀਤਾ ਜਾ ਰਿਹਾ ਹੈ ਜਿਸ ਕਾਰਨ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਿੱਚ ਭਾਰੀ ਰੋਸ ਹੈ। ਇਸ ਮੌਕੇ ਗੁਰਮੀਤ ਸਿੰਘ, ਮਹਿੰਦਰ ਸਿੰਘ ਲਹਿਰਾ, ਦਰਸ਼ਨ ਸਿੰਘ ਬੀਕੇਯੂ ਏਕਤਾ ਉਗਰਾਹਾਂ, ਜਗਜੀਤ ਸਿੰਘ ਜਮਹੂਰੀ ਅਧਿਕਾਰ ਸਭਾ, ਮਨਪ੍ਰੀਤ ਜਵਾਹਰ ਵਾਲਾ, ਪ੍ਰਦੀਪ ਕੁਮਾਰ ਤੇ ਭੂਰਾ ਸਿੰਘ ਨੇ ਸੰਬੋਧਨ ਕੀਤਾ।