ਮਾਲੇਰਕੋਟਲਾ-ਰਾਏਕੋਟ ਸੜਕ ’ਤੇ ਪਏ ਟੋਏ ਜਾਨ ਦਾ ਖੌਅ ਬਣੇ
ਮਾਲੇਰਕੋਟਲਾ ਤੋਂ ਰਾਏਕੋਟ, ਜਗਰਾਉਂ , ਮੋਗਾ, ਬਰਨਾਲਾ, ਬਠਿੰਡਾ ਸਣੇ ਹੋਰਨਾਂ ਸ਼ਹਿਰਾਂ ਨੂੰ ਜਾਣ ਵਾਲੀ ਅਤੇ ਹਲਕਾ ਮਾਲੇਰਕੋਟਲਾ ਤੇ ਮਹਿਲ ਕਲਾਂ ਦੇ ਦਰਜਨਾਂ ਪਿੰਡਾਂ ਨੂੰ ਜ਼ਿਲ੍ਹਾ ਹੈੱਡਕੁਆਰਟਰ ਮਾਲੇਰਕੋਟਲਾ ਨਾਲ ਜੋੜਨ ਵਾਲੀ ਮਾਲੇਰਕੋਟਲਾ-ਰਾਏਕੋਟ ਸੜਕ ਸਥਿਤ ਰੇਲਵੇ ਓਵਰਬ੍ਰਿੱਜ ਤੋਂ ਕੇਲੋਂ ਕੈਂਚੀਆਂ ਤੱਕ ਦੇ ਟੋਟੇ ’ਤੇ ਕਈ ਮਹੀਨਿਆਂ ਤੋਂ ਪਏ ਵੱਡ ਅਕਾਰੀ ਟੋਇਆਂ ਕਾਰਨ ਰਾਹਗੀਰਾਂ ਲਈ ਜਾਨ ਦਾ ਖੌਅ ਬਣੇ ਹੋਏ ਹਨ।
ਮੀਂਹ ਪੈਣ ’ਤੇ ਟੋਇਆਂ ’ਚ ਪਾਣੀ ਭਰਨ ਨਾਲ ਰਾਹਗੀਰਾਂ ਦੀ ਪ੍ਰੇਸ਼ਾਨੀ ਹੋਰ ਵੀ ਵੱਧ ਜਾਂਦੀ ਹੈ ਜਦ ਭਾਰ ਢਾਉਣ ਵਾਲੇ ਵੱਡੇ ਟਰਾਲੇ, ਟਰਾਲੀਆਂ ਅਤੇ ਖਾਸ ਕਰਕੇ ਦੋਪਹੀਆ ਵਾਹਨ ਸੜਕ ਦਰਮਿਆਨ ਫਸ ਜਾਂਦੇ ਹਨ। ਇਨ੍ਹਾਂ ਟੋਇਆਂ ’ਚ ਫਸੇ ਵਾਹਨਾਂ ਕਾਰਨ ਕਈ ਵਾਰ ਜਾਮ ਲੱਗ ਜਾਂਦਾ ਹੈ। ਸਕੂਲ ਵਾਹਨਾਂ ਨੂੰ ਸਮੇਂ ਸਿਰ ਸਕੂਲ ਅਤੇ ਸਬਜ਼ੀ ਕਾਸ਼ਤਕਾਰਾਂ ਨੂੰ ਜਾਮ ਲੱਗਣ ਮੌਕੇ ਸਬਜ਼ੀ ਮੰਡੀ ਪਹੁੰਚਣ ’ਚ ਦੇਰ ਹੋ ਜਾਂਦੀ ਹੈ। ਐਂਬੂਲੈਂਸਾਂ ਨੂੰ ਵੀ ਕਈ ਵਾਰ ਇਨ੍ਹਾਂ ਟੋਇਆਂ ’ਚੋਂ ਹੌਲੀ ਰਫ਼ਤਾਰ ਨਾਲ ਲੰਘਣ ਕਾਰਨ ਹਸਪਤਾਲ ਪਹੁੰਚਣ ਲਈ ਦੁੱਗਣਾ ਸਮਾਂ ਲੱਗ ਜਾਂਦਾ ਹੈ, ਜੋ ਮਰੀਜ਼ ਲਈ ਜਾਨਲੇਵਾ ਵੀ ਸਾਬਤ ਹੋ ਸਕਦਾ ਹੈ। ਮੀਂਹ ਪੈਣ ’ਤੇ ਇਨ੍ਹਾਂ ਟੋਇਆਂ ’ਚ ਪਾਣੀ ਭਰਨ ਨਾਲ ਪੈਦਲ ਜਾਣ ਵਾਲਿਆਂ ਲਈ ਲੰਘਣਾ ਔਖਾ ਹੋ ਜਾਂਦਾ ਹੈ। ਬਲਵੀਰ ਸਿੰਘ ਕੁਠਾਲਾ ਨੇ ਦੱਸਿਆ ਕਿ ਕਈ ਵਾਰ ਵਾਹਨ ਚਾਲਕਾਂ ਵੱਲੋਂ ਟੋਇਆਂ ’ਚੋਂ ਕਾਹਲੀ ਨਾਲ ਵਾਹਨ ਲੰਘਾਉਣ ਮੌਕੇ ਵਾਹਨ ਇਕ -ਦੂਜੇ ਵਾਹਨ ਨਾਲ ਖਹਿਣ ’ਤੇ ਵਾਹਨ ਚਾਲਕਾਂ ਵਿਚਾਲੇ ਝਗੜਾ ਵੀ ਹੋ ਜਾਂਦਾ ਹੈ।
ਦੁਕਾਨਦਾਰ ਨੇ ਦੱਸਿਆ ਕਿ ਟੋਇਆਂ ਕਾਰਨ ਸੜਕ ਤੋਂ ਉੱਡਦੀ ਧੂੜ ਅਤੇ ਮੀਂਹ ਦਾ ਪਾਣੀ ਖੜ੍ਹਨ ਨਾਲ ਉਨ੍ਹਾਂ ਦਾ ਕਾਰੋਬਾਰ ਪ੍ਰਭਾਵਿਤ ਹੋ ਰਿਹਾ ਹੈ। ਮਾਸਟਰ ਨਿਸ਼ਾਨ ਸਿੰਘ ਕਲਿਆਣ ਨੇ ਦੱਸਿਆ ਕਿ ਬਰਸਾਤਾਂ ਦੌਰਾਨ ਇਸ ਟੋਏ ਦੀ ਡੂੰਘਾਈ ਤੋਂ ਬੇਖ਼ਬਰ ਦੂਰ -ਦੁਰਾਡੇ ਤੋਂ ਆਉਣ -ਜਾਣ ਵਾਲੇ ਦੋ ਪਹੀਆ ਵਾਹਨ ਟੋਇਆਂ ਵਿੱਚ ਡਿੱਗ ਵੀ ਜਾਂਦੇ ਹਨ। ਲੋਕ ਨਿਰਮਾਣ ਵਿਭਾਗ ਦੇ ਐੱਸ ਡੀ ਓ ਇੰਜਨੀਅਰ ਅਮਨਦੀਪ ਸਿੰਘ ਬਿੰਦਲ ਨੇ ਦੱਸਿਆ ਕਿ ਵਿਭਾਗ ਨੇ ਉਕਤ ਸੜਕ ਦੀ ਮੁਰੰਮਤ ਲਈ ਕੇਸ ਤਿਆਰ ਕਰਕੇ ਸਰਕਾਰ ਨੂੰ ਪ੍ਰਵਾਨਗੀ ਲਈ ਭੇਜਿਆ ਹੋਇਆ ਹੈ। ਸਰਕਾਰ ਵੱਲੋਂ ਪ੍ਰਵਾਨਗੀ ਮਿਲਣ ਉਪਰੰਤ ਸੜਕ ਦੀ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।