ਤੋਲਾਵਾਲ ’ਚ ਸਕੇ-ਸਬੰਧੀਆਂ ਤੇ ਧਰਮਸ਼ਾਲਾਵਾਂ ’ਚ ਰਹਿਣ ਲਈ ਮਜ਼ਬੂਰ ਗ਼ਰੀਬ ਪਰਿਵਾਰ
ਮੁੱਖ ਮੰਤਰੀ ਭਗਵੰਤ ਮਾਨ ਦੇ ਜੱਦੀ ਪਿੰਡ ਸਤੌਜ ਦੇ ਗੁਆਂਢੀ ਪਿੰਡ ਤੋਲਾਵਾਲ ਵਿਚ ਭਾਵੇਂ ਕਿ ਕਰੀਬ ਦੋ ਹਫ਼ਤੇ ਪਹਿਲਾਂ ਭਾਰੀ ਮੀਂਹ ਕਾਰਨ ਜਿਥੇ ਗਰੀਬ ਮਜ਼ਦੂਰਾਂ ਦੇ ਸੱਤ ਮਕਾਨ ਢਹਿ ਗਏ ਸਨ ਉਥੇ ਹੋਰ ਵੀ ਕਈ ਗਰੀਬ ਪਰਿਵਾਰਾਂ ਦੇ ਮਕਾਨਾਂ ਵਿਚ ਤਰੇੜਾਂ ਆ ਚੁੱਕੀਆਂ ਹਨ। ਜਿੰਨ੍ਹਾਂ ਗ਼ਰੀਬ ਪਰਿਵਾਰਾਂ ਦੇ ਮਕਾਨ ਢਹਿ ਗਏ ਹਨ ਜਾਂ ਤਰੇੜਾਂ ਪੈ ਚੁੱਕੀਆਂ ਹਨ, ਉਹ ਪਰਿਵਾਰ ਇਸ ਔਖੀ ਘੜੀ ’ਚ ਆਪਣੇ ਕਿਸੇ ਸਕੇ ਸਬੰਧੀ ਦੇ ਘਰ ਜਾਂ ਧਰਮਸ਼ਾਲਾ ਵਿਚ ਰੈਣ ਬਸੇਰਾ ਕਰਕੇ ਵਕਤ ਗੁਜ਼ਾਰ ਰਹੇ ਹਨ।
ਇਨ੍ਹਾਂ ਹੀ ਪਰਿਵਾਰਾਂ ਵਿਚੋਂ ਇੱਕ ਪਿੰਡ ਦੇ ਚੌਕੀਦਾਰ ਲਾਲ ਸਿੰਘ ਦੇ ਮਕਾਨ ਵਿੱਚ ਵੀ ਵੱਡੀਆਂ ਤਰੇੜਾਂ ਪੈ ਚੁੱਕੀਆਂ ਹਨ ਅਤੇ ਕਿਸੇ ਵੀ ਸਮੇਂ ਮਕਾਨ ਢਹਿ ਢੇਰੀ ਹੋ ਸਕਦਾ ਹੈ ਅਤੇ ਕੋਈ ਹਾਦਸਾ ਵਾਪਰ ਸਕਦਾ ਹੈ। ਇਸੇ ਖਦਸ਼ੇ ਦੇ ਡਰੋਂ ਚੌਕੀਦਾਰ ਲਾਲ ਸਿੰਘ ਆਪਣੇ ਪਰਿਵਾਰ ਸਮੇਤ ਪਿੰਡ ਦੀ ਧਰਮਸ਼ਾਲਾ ਵਿਚ ਰਹਿਣ ਲਈ ਮਜ਼ਬੂਰ ਹੈ। ਲਾਲ ਸਿੰਘ ਨੇ ਦੱਸਿਆ ਕਿ ਲਗਾਤਾਰ ਪਏ ਭਾਰੀ ਮੀਂਹਾਂ ਕਾਰਨ ਉਸਦੇ ਮਕਾਨ ਵਿਚ ਤਰੇੜਾਂ ਆ ਚੁੱਕੀਆਂ ਹਨ ਅਤੇ ਕਿਸੇ ਵੀ ਸਮੇਂ ਉਸਦਾ ਮਕਾਨ ਡਿੱਗ ਸਕਦਾ ਹੈ ਅਤੇ ਜਾਨੀ ਵ ਮਾਲੀ ਨੁਕਸਾਨ ਹੋਣ ਦਾ ਡਰ ਬਣਿਆ ਹੋਇਆ ਹੈ। ਇਸ ਹਾਦਸੇ ਦੇ ਡਰੋਂ ਉਸਨੇ ਧਰਮਸ਼ਾਲਾ ਵਿਚ ਰੈਣ-ਬਸੇਰਾ ਕੀਤਾ ਹੋਇਆ ਹੈ। ਜਿੰਨ੍ਹਾਂ ਗ਼ਰੀਬ ਪਰਿਵਾਰਾਂ ਦੇ ਘਰਾਂ ਨੂੰ ਤਰੇੜਾਂ ਆ ਚੁੱਕੀਆਂ ਹਨ, ਉਹ ਸਹਿਮ ਦੇ ਮਾਹੌਲ ਵਿਚ ਹਨ। ਇਹ ਪਰਿਵਾਰ ਮੰਗ ਕਰ ਰਹੇ ਹਨ ਕਿ ਪੰਜਾਬ ਸਰਕਾਰ ਆਰਥਿਕ ਨੁਕਸਾਨ ਝੱਲ ਰਹੇ ਪੀੜ੍ਹਤ ਪਰਿਵਾਰਾਂ ਨੂੰ ਮੂਆਵਜਾ ਦੇਵੇ ਤਾਂ ਜੋ ਉਹ ਮੁੜ ਆਪਣੇ ਘਰ ਬਣਵਾ ਕੇ ਅਤੇ ਮੁਰੰਮਤ ਕਰਵਾ ਕੇ ਰਹਿਣਯੋਗ ਕਰ ਸਕਣ।
ਪਿੰਡ ਤੋਲਾਵਾਲ ਦੇ ਸਰਪੰਚ ਗੁਰਦੀਪ ਸਿੰਘ ਨੇ ਦੱਸਿਆ ਕਿ ਪਿੰਡ ਵਿਚ ਗਰੀਬ ਪਰਿਵਾਰਾਂ ਦੇ ਲਗਪਗ 10 ਮਕਾਨ ਡਿੱਗ ਚੁੱਕੇ ਹਨ ਜਦੋਂਕਿ ਦਰਜਨਾਂ ਮਕਾਨ ਤਰੇੜਾਂ ਪੈਣ ਕਾਰਨ ਨੁਕਸਾਨੇ ਗਏ ਹਨ। ਉਨ੍ਹਾਂ ਦੱਸਿਆ ਕਿ ਤਰੇੜਾਂ ਪੈਣ ਕਾਰਨ ਕਿਸੇ ਵੀ ਸਮੇਂ ਕੋਈ ਘਰ ਢਹਿ ਸਕਦਾ ਹੈ। ਇਸ ਕਰਕੇ ਹੀ ਕਈ ਪਰਿਵਾਰ ਸਕੇ ਸਬੰਧੀਆਂ ਤੇ ਕਈ ਪਰਿਵਾਰ ਧਰਮਸ਼ਾਲਾਵਾਂ ’ਚ ਰਹਿਣ ਲਈ ਮਜ਼ਬੂਰ ਹਨ। ਉਨ੍ਹਾਂ ਕਿਹਾ ਕਿ ਢਹਿ ਚੁੱਕੇ ਅਤੇ ਨੁਕਸਾਨੇ ਗਏ ਮਕਾਨਾਂ ਦੇ ਮੁਆਵਜ਼ੇ ਲਈ ਉਹ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਵੀ ਮਿਲੇ ਹਨ।
ਜ਼ਿਕਰਯੋਗ ਹੈ ਕਿ ਬੀਤੀ 26 ਅਗਸਤ ਨੂੰ ਸੱਤ ਮਕਾਨ ਢਹਿਣ ਦੀ ਘਟਨਾ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪ੍ਰਭਾਵਿਤ ਪਰਿਵਾਰਾਂ ਨੂੰ ਪੂਰਾ ਇਨਸਾਫ਼ ਦੇਣ ਲਈ ਵਿਸ਼ੇਸ਼ ਗਿਰਦਾਵਰੀ ਦੇ ਹੁਕਮ ਜਾਰੀ ਕਰ ਦਿੱਤੇ ਹਨ ਅਤੇ ਪੀੜ੍ਹਤ ਪਰਿਵਾਰਾਂ ਦੀ ਹਰ ਸੰਭਵ ਮੱਦਦ ਕਰਨ ਦਾ ਭਰੋਸਾ ਦਿਵਾਇਆ ਹੈ।